ਘਰ ''ਚ ਦਾਖਲ ਹੋ ਕੇ ਨਾਬਾਲਗਾ ਨਾਲ ਕੀਤੀ ਛੇੜਛਾੜ

12/08/2017 11:28:02 AM

ਕਪੂਰਥਲਾ (ਭੂਸ਼ਣ) - ਇਕ ਨਬਾਲਗਾ ਦੇ ਘਰ 'ਚ ਦਾਖਲ ਹੋ ਕੇ ਉਸ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਤਲਾਸ਼ 'ਚ ਛਾਪਾਮਾਰੀ ਜਾਰੀ ਹੈ। ਜਾਣਕਾਰੀ ਮੁਤਾਬਕ ਪਿੰਡ ਮਾਧੋਝੰਡਾ ਨਾਲ ਸਬੰਧਤ ਇਕ ਮਹਿਲਾ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਮਿਹਨਤ-ਮਜ਼ਦੂਰੀ ਕਰਦਾ ਹੈ। ਉਸ ਦੀ 14 ਸਾਲਾਂ ਦੀ ਇਕ ਲੜਕੀ ਹੈ, ਜੋ ਕਿ 9ਵੀਂ ਜਮਾਤ ਦੀ ਵਿਦਿਆਰਥਣ ਹੈ। 
ਬੀਤੇ ਦਿਨੀਂ ਉਹ ਆਪਣੇ ਨਿੱਜੀ ਕੰਮ ਲਈ ਕਪੂਰਥਲਾ ਗਈ ਹੋਈ ਸੀ ਤੇ ਲੜਕੀ ਇਕੱਲੀ ਘਰ 'ਚ ਸੀ। ਇਸ ਦੌਰਾਨ ਜਦੋਂ ਉਹ ਦਿਨ ਦੇ 12 ਵਜੇ ਆਪਣੇ ਘਰ ਆਈ ਤਾਂ ਉਸ ਨੇ ਵੇਖਿਆ ਕਿ ਘਰ ਦੇ ਅੰਦਰ ਹਰਵਿੰਦਰ ਸਿੰਘ ਬਿੱਲੂ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਪਿੰਡ ਮਾਧੋਝੰਡਾ ਉਸ ਦੀ ਲੜਕੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ ਅਤੇ ਉਸ ਦੀ ਲੜਕੀ ਉਸਨੂੰ ਲਗਾਤਾਰ ਮਨ੍ਹਾ ਕਰ ਰਹੀ ਸੀ ਪਰ ਇਸਦੇ ਬਾਵਜੂਦ ਵੀ ਉਹ ਉਸ ਦੀ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਮੁਲਜ਼ਮ ਉਸਨੂੰ ਵੇਖ ਕੇ ਮੌਕੇ ਤੋਂ ਭੱਜ ਨਿਕਲਿਆ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਸੂਚਨਾ ਮਿਲਦੇ ਹੀ ਮੌਕੇ ਦਾ ਮੁਆਇਨਾ ਕਰਕੇ ਮੁਲਜ਼ਮ ਹਰਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸੁਰਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ ਹੈ।