ਮੋਹਾਲੀ ਦੇ ਇਸ ਪਿੰਡ ''ਚ ਸ਼ਮਸ਼ਾਨਘਾਟ ਦੀ ਰਾਖ ਨਾਲ ਖੇਡੀ ਜਾਂਦੀ ਹੈ ਹੋਲੀ, ਪੂਰਾ ਸੱਚ ਜਾਣ ਉਡਣਗੇ ਹੋਸ਼ (ਤਸਵੀਰਾਂ)

03/15/2017 6:48:18 PM

ਮੋਹਾਲੀ (ਨਿਆਮੀਆਂ) : ਹੋਲੀ ਦਾ ਤਿਉਹਾਰ ਦੇਸ਼ ਭਰ ਵਿਚ ਜਿੱਥੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਮੋਹਾਲੀ ਜ਼ਿਲੇ ਦਾ ਇਕ ਪਿੰਡ ਸੋਹਾਣਾ ਅਜਿਹਾ ਵੀ ਹੈ, ਜਿਥੇ ਹੋਲੀ ਸ਼ਮਸ਼ਾਨਘਾਟ ਦੀ ਰਾਖ ਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਖੇਡੀ ਜਾਂਦੀ ਹੈ। ਪਿਛਲੇ ਦਿਨ ਵੀ ਸਦੀਆਂ ਤੋਂ ਚੱਲਦੇ ਆ ਰਹੇ ਇਸ ਤਰੀਕੇ ਨਾਲ ਪਿੰਡ ਸੋਹਾਣਾ ਵਿਚ ਹੋਲੀ ਦਾ ਤਿਉਹਾਰ ਮਨਾਇਆ ਗਿਆ। ਲੋਕਾਂ ਨੇ ਸ਼ਮਸ਼ਾਨਘਾਟ ਵਿਚ ਪਈ ਮ੍ਰਿਤਕ ਲੋਕਾਂ ਦੀ ਰਾਖ ਪਹਿਲਾਂ ਹੀ ਇਕੱਠੀ ਕਰਕੇ ਰੱਖੀ ਹੋਈ ਸੀ, ਜਿਸ ਨੂੰ ਪਾਣੀ ਵਿਚ ਘੋਲ ਕੇ ਇਕ-ਦੂਜੇ ''ਤੇ ਸੁੱਟਿਆ ਜਾਂਦਾ ਹੈ।
ਲੋਕਾਂ ਨੇ ਹੱਡਾ ਰੋੜੀ ਵਿਚੋਂ ਮ੍ਰਿਤਕ ਪਸ਼ੂਆਂ ਦੀਆਂ ਹੱਡੀਆਂ ਲਿਆ ਕੇ ਦੁਕਾਨਾਂ ਤੇ ਘਰਾਂ ਅੱਗੇ ਟੰਗ ਦਿੱਤੀਆਂ। ਇਸ ਪਿੰਡ ਵਿਚੋਂ ਲੰਘਣ ਵਾਲੇ ਬਾਹਰ ਦੇ ਲੋਕਾਂ ਵਿਚ ਤਾਂ ਹੱਡੀਆਂ ਨੂੰ ਦੇਖ ਕੇ ਦਹਿਸ਼ਤ ਫੈਲ ਗਈ ਪਰ ਇਸ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿ ਇਸ ਪਿੰਡ ਵਿਚ ਹੋਲੀ ਇਸੇ ਤਰੀਕੇ ਨਾਲ ਮਨਾਈ ਜਾਂਦੀ ਹੈ। ਹੋਰ ਤਾਂ ਹੋਰ ਨਾਲੀਆਂ ਦਾ ਗੰਦਾ ਪਾਣੀ ਵੀ ਇਕ-ਦੂਜੇ ''ਤੇ ਸੁੱਟਿਆ ਜਾਂਦਾ। ਇਹ ਪ੍ਰੰਪਰਾ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ।
ਪਿੰਡ ਦੇ ਨੌਜਵਾਨਾਂ ਨੇ ਹੋਲੀ ਮਨਾਉਂਦੇ ਸਮੇਂ ਖੂਬ ਖੋਰੂ ਪਾਇਆ ਪਰ ਇਸ ਗੱਲ ਦਾ ਪੂਰਾ ਤਰ੍ਹਾਂ ਖਿਆਲ ਰੱਖਿਆ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ। ਵੱਡੀ ਗਿਣਤੀ ਵਿਚ ਪੁਲਸ ਫੋਰਸ ਨਗਰ ਵਿਚ ਤਾਇਨਾਤ ਕਰ ਦਿੱਤੀ ਗਈ ਸੀ। ਸ਼ਮਸ਼ਾਨਘਾਟ ਦੀ ਰਾਖ ਤੇ ਹੱਡੀਆਂ ਨਾਲ ਹੋਲੀ ਖੇਡਣ ਬਾਰੇ ਪੁੱਛੇ ਜਾਣ ''ਤੇ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪੁਰਾਣੀ ਮਾਨਤਾ ਚੱਲਦੀ ਆ ਰਹੀ ਹੈ ਕਿ ਹੋਲੀ ਇਸ ਤਰੀਕੇ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਇਹ ਵਿਸ਼ਵਾਸ ਘਰ ਕਰ ਗਿਆ ਹੈ ਕਿ ਜੇਕਰ ਸ਼ਮਸ਼ਾਨਘਾਟ ਦੀ ਰਾਖ ਨਾ ਪਾਈ ਗਈ ਤਾਂ ਪਿੰਡ ਵਿਚ ਮੌਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਦੁਕਾਨਾਂ ਦੇ ਅੱਗੇ ਪਸ਼ੂਆਂ ਦੀਆਂ ਹੱਡੀਆਂ ਟੰਗੇ ਜਾਣ ਬਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਨਾਲ ਵਪਾਰ ਵਿਚ ਵਾਧਾ ਹੁੰਦਾ ਹੈ ਤੇ ਜੇਕਰ ਇਹ ਹੱਡੀਆਂ ਦੁਕਾਨਾਂ ਦੇ ਅੱਗੇ ਨਾ ਰੱਖੀਆਂ ਜਾਣ ਤਾਂ ਵਪਾਰ ਵਿਚ ਘਾਟਾ ਪਵੇਗਾ। ਹਾਲਾਂਕਿ ਵੱਡੀ ਗਿਣਤੀ ਵਿਚ ਪੁਲਸ ਇਸ ਪਿੰਡ ਵਿਚ ਪਹਿਲਾਂ ਹੀ ਤਾਇਨਾਤ ਕਰ ਦਿੱਤੀ ਜਾਂਦੀ ਹੈ ਪਰ ਪੁਲਸ ਕਿਸੇ ਨੂੰ ਵੀ ਇਸ ਤਰ੍ਹਾਂ ਹੋਲੀ ਖੇਡਣ ਤੋਂ ਨਹੀਂ ਰੋਕਦੀ।
ਦੂਜੇ ਪਾਸੇ ਪਿੰਡ ਦੇ ਜ਼ਿਆਦਾਤਰ ਨੌਜਵਾਨ ਅਜਿਹੇ ਵੀ ਹਨ ਜੋ ਕਿ ਇਸ ਤਰ੍ਹਾਂ ਦੀ ਗੰਦਗੀ ਨਾਲ ਹੋਲੀ ਖੇਡੇ ਜਾਣਾ ਪਸੰਦ ਨਹੀਂ ਕਰਦੇ ਤੇ ਉਹ ਚਾਹੁੰਦੇ ਹਨ ਕਿ ਹੁਣ ਇਹ ਪ੍ਰੰਪਰਾ ਬੰਦ ਹੋਣੀ ਚਾਹੀਦੀ ਹੈ। ਨਾਲੀਆਂ ਦਾ ਗੰਦਾ ਪਾਣੀ ਲੋਕਾਂ ਨੂੰ ਬੀਮਾਰੀਆਂ ਵੀ ਲਾ ਸਕਦਾ ਹੈ ਤੇ ਹੱਡੀਆਂ ਤੋਂ ਵੀ ਕੋਈ ਬੀਮਾਰੀ ਫੈਲ ਸਕਦੀ ਹੈ। ਇਸ ਲਈ ਕੁਝ ਲੋਕ ਇਸ ਆਧੁਨਿਕ ਸਮੇਂ ਦੇ ਅਨੁਸਾਰ ਹੀ ਗੁਲਾਲ ਨਾਲ ਹੋਲੀ ਖੇਡਣ ''ਤੇ ਜ਼ੋਰ ਦਿੰਦੇ ਹਨ ਪਰ ਸਦੀਆਂ ਤੋਂ ਚੱਲਦੀ ਆ ਰਹੀ ਪ੍ਰੰਪਰਾ ਨੂੰ ਪਿੰਡ ਦੇ ਲੋਕ ਛੱਡਣ ਨੂੰ ਤਿਆਰ ਨਹੀਂ।

Gurminder Singh

This news is Content Editor Gurminder Singh