ਹੋਲੇ-ਮੁਹੱਲੇ ਮੌਕੇ ਜਾਣ ਵਾਲੇ ਹਰ ਸ਼ਰਧਾਲੂ ਦਾ ਹੋਵੇਗਾ ਇਕ ਲੱਖ ਰੁਪਏ ਦਾ ਬੀਮਾ

Thursday, Feb 15, 2018 - 03:59 PM (IST)

ਸ੍ਰੀ ਆਨੰਦਪੁਰ ਸਾਹਿਬ— ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਹੋਲੇ-ਮੁਹੱਲੇ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਜਾਰੀ ਹੁਕਮਾਂ ਮੁਤਾਬਕ ਹੁਣ ਹੋਲੇ-ਮੁਹੱਲੇ ਮੌਕੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਬੀਮੇ ਦੀ ਸਹੂਲਤ 15 ਤੋਂ 20 ਕਿਲੋਮੀਟਰ ਤੱਕ ਦੇ ਘੇਰੇ 'ਚ ਲਾਗੂ ਹੋਵੇਗੀ ਜਦਕਿ ਬੀਮਾ ਵੀ ਪ੍ਰਤੀ ਸ਼ਰਧਾਲੂ ਇਕ ਲੱਖ ਰੁਪਏ ਦਾ ਹੋਵੇਗਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਕਰਵਾਇਆ ਜਾਣ ਵਾਲਾ ਬੀਮਾ 26 ਫਰਵਰੀ ਤੋਂ 4 ਮਾਰਚ ਤੱਕ ਪੂਰੇ 7 ਦਿਨਾਂ ਲਈ ਲਾਗੂ ਹੋਵੇਗਾ। 
ਇਸ ਦੇ ਤਹਿਤ ਪ੍ਰਤੀ ਵਿਅਕਤੀ ਇਕ ਲੱਖ ਰੁਪਏ ਬੀਮਾ ਹੋਵੇਗਾ ਜਦਕਿ ਹਾਦਸੇ ਦੌਰਾਨ 50 ਫੀਸਦੀ ਤੋਂ ਘੱਟ ਸੱਟਾਂ ਲੱਗਣ 'ਤੇ 10 ਹਜ਼ਾਰ ਰੁਪਏ ਅਤੇ 50 ਫੀਸਦੀ ਤੋਂ ਵੱਧ ਸੱਟਾਂ ਲੱਗਣ 'ਤੇ 20 ਹਜ਼ਾਰ ਰੁਪਏ ਵਿਅਕਤੀ ਦੀ ਬੀਮਾ ਹੋਵੇਗਾ। ਇਸ ਦੇ ਨਾਲ ਹੀ ਜੇਕਰ ਹਾਦਸੇ ਦੌਰਾਨ ਕਿਸੇ ਸ਼ਰਧਾਲੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਾਸਤੇ ਇਕ ਲੱਖ ਰੁਪਏ ਦਾ ਬੀਮਾ ਹੋਵੇਗਾ। ਇਹ ਬੀਮਾ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਗੁਰਦੁਆਰਾ ਬਿਭੌਰ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ, ਰੂਪਨਗਰ, ਗੁਰਦੁਆਰਾ ਗੁਰੂ ਕਾ ਲਾਹੌਰ ਜ਼ਿਲਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ ਦੇ ਅਧੀਨ ਆਉਂਦੇ 20 ਕਿਲੋਮੀਟਰ ਦੇ ਘੇਰੇ 'ਚ ਲਾਗੂ ਰਹੇਗਾ।


Related News