ਸ੍ਰੀ ਕੇਸਗੜ੍ਹ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਮਹੱਲਾ, ਜੈਕਾਰਿਆਂ ਦੀ ਗੂੰਜ 'ਚ ਹੋਲਾ-ਮਹੱਲਾ ਹੋਇਆ ਸੰਪੰਨ

03/20/2022 4:43:42 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)-ਖ਼ਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਤਿੰਨ ਰੋਜਾ ਕੌਮੀ ਜੋੜ ਮੇਲਾ ਹੋਲਾ-ਮਹੱਲਾ ਜੈਕਾਰਿਆਂ ਦੀ ਗੂੰਜ ਵਿਚ ਸ਼ਨੀਵਾਰ ਨੂੰ ਸੰਪੰਨ ਹੋਇਆ। ਹੋਲੇ-ਮਹੱਲੇ ਦੀ ਸੰਪੂਰਨਤਾ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਪਰੰਪਰਾ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਵਿਸ਼ਾਲ ਮਹੱਲਾ ਸਜਾਇਆ ਗਿਆ। 
ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗਿਆਨੀ ਜਗਤਾਰ ਸਿੰਘ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਦਲਜੀਤ ਸਿੰਘ ਭਿੰਡਰ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੱਤਕਾ ਖੇਡਦੀ ਗੁਰੂ ਕੀ ਲਾਡਲੀ ਫੌਜ ਅਤੇ ਨਰਸਿੰਙਆਂ ਅਤੇ ਨਗਾਰਿਆਂ ਦੀ ਗੂੰਜ ਚਾਰੇ ਪਾਸੇ ਖ਼ਾਲਸਾਈ ਵਾਤਾਵਰਣ ਸਿਰਜ ਰਹੀ ਸੀ। ਮਹੱਲੇ ਦੀ ਆਰੰਭਤਾ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ:  ਖ਼ਾਲਸੇ ਦੇ ਰੰਗ 'ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ, ਹੋਲੇ-ਮਹੱਲੇ 'ਤੇ ਨਿਹੰਗ ਸਿੰਘਾਂ ਨੇ ਵਿਖਾਏ ਜੌਹਰ

ਸਿੱਖ ਕੌਮ ਦੇ ਨਾਂ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਸੰਦੇਸ਼
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਕੌਮ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਿੱਖ ਵਿਰਾਸਤ ਦੀ ਸ਼ਾਨ ਹੀ ਸਿੱਖ ਕੌਮ ਨੂੰ ਦੁਨੀਆ ਅੰਦਰ ਨਿਵੇਕਲਾ ਅਤੇ ਵਿਲੱਖਣ ਦਰਸਾਉਂਦੀ ਹੈ, ਜਿਸ ਦਾ ਇਕ ਅੰਗ ਦਸਮ ਪਾਤਸ਼ਾਹ ਜੀ ਵੱਲੋਂ ਚਲਾਈ ਗਈ ਹੋਲਾ-ਮਹੱਲਾ ਦੀ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਹੋਲੇ-ਮਹੱਲੇ ਦਾ ਮੰਤਵ ਮਾਨਵਤਾ ਨੂੰ ਭੈਅ ਰਹਿਤ ਕਰਨ ਦੇ ਨਾਲ-ਨਾਲ ਸਵੈ ਰੱਖਿਆ ਲਈ ਤਿਆਰ ਕਰਨਾ ਵੀ ਸੀ। 

ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਦੀ ਨੌਜਆਨ ਪੀੜੀ ਆਪਣੀਆਂ ਮਾਣਮੱਤੀਆਂ ਪ੍ਰੰਪਰਾਵਾਂ ਤੋਂ ਟੁੱਟਦੀ ਨਜ਼ਰ ਆ ਰਹੀ ਹੈ, ਜਿਸ ਨੂੰ ਸੰਭਾਲਣ ਲਈ ਰਲ਼ ਕੇ ਹੰਭਲਾ ਮਾਰਨ ਦੀ ਵੱਡੀ ਜ਼ਰੂਰਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਸਿੱਖ ਪ੍ਰਚਾਰਕ ਬਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਯਤਨ ਕਰੀਏ।

ਇਸ ਮੌਕੇ ਨਿਹੰਗ ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਨਿਹੰਗ ਸਿੰਘਾਂ ਵੱਲੋਂ ਪੰਥਕ ਚੜ੍ਹਦੀ ਕਲਾ ਵਿਚ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਮਹੱਲੇ ਵਿਚ ਸ਼ਮੂਲੀਅਤ ਕਰ ਰਹੀਆਂ ਹਨ ਜਿਸ ਦੌਰਾਨ ਚਰਨ ਗੰਗਾ ਸਟੇਡੀਅਮ ਵਿਚ ਗਤਕੇ ਅਤੇ ਘੋਡ਼ ਸਵਾਰੀ ਦੇ ਜ਼ੋਹਰ ਦਿਖਾਏ ਜਾਣਗੇ।

ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੈਂਬਰ ਸ਼੍ਰੋਮਣੀ ਕਮੇਟੀ ਦਲਜੀਤ ਸਿੰਘ ਭਿੰਡਰ, ਰਜਿੰਦਰ ਸਿੰਘ ਮਹਿਤਾ, ਡੀ. ਐੱਸ. ਪੀ. ਚੰਦ ਸਿੰਘ ,ਦਰਸ਼ਨ ਸਿੰਘ ਘੋਲੀਆ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਮਨਿੰਦਰਪਾਲ ਸਿੰਘ ਮਨੀ, ਜਥੇਦਾਰ ਸੰਤੋਖ ਸਿੰਘ, ਸੁਰਜੀਤ ਸਿੰਘ ਚਹਿਡ਼ਮਜਾਰਾ, ਦਵਿੰਦਰ ਸਿੰਘ ਢਿੱਲੋਂ, ਠੇਕੇਦਾਰ ਗੁਰਨਾਮ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ:  ਹੋਲੇ-ਮਹੱਲੇ ਦੌਰਾਨ ਵਾਪਰੀ ਵੱਡੀ ਘਟਨਾ, ਸਰੋਵਰ 'ਚ ਡੁੱਬਣ ਕਾਰਨ ਸ਼ਰਧਾਲੂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri