ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀਆਂ ਲੱਗੀਆਂ ਰੌਣਕਾਂ, ਸੰਗਤਾਂ ਦਾ ਉਮੜਿਆ ਸੈਲਾਬ

03/18/2022 7:05:23 PM

ਸ੍ਰੀ ਅਨੰਦਪੁਰ ਸਾਹਿਬ  (ਵੈੱਬ ਡੈਸਕ, ਦਲਜੀਤ)– ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਸੰਗਤਾਂ ਦਾ ਸੈਲਾਬ ਉਮੜਿਆ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ’ਚ ਬੁੱਢਾ ਦਲ ਵੱਲੋਂ ਹੋਲੇ-ਮਹੱਲੇ ਮੌਕੇ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਵਿਰਸਾ ਸੰਭਾਲ ਇੰਟਰਨੈਸ਼ਨਲ ਗਤਕਾ ਮੁਕਾਬਾਲੇ ਕਰਵਾਏ ਗਏ ਹਨ। ਇਸ ਦੀ ਆਰੰਭਤਾ ਖ਼ਾਲਸਾਈ ਸ਼ਾਨੋ-ਸ਼ੋਕਤ ਨਾਲ ਬੁੱਢਾ ਦਲ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੇ ਆਖ਼ਰੀ ਦਿਨ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ

ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਸ਼ਖਸ਼ੀਅਤਾਂ ਨੇ ਗਤਕਾ ਮੁਕਾਬਲਿਆਂ ਦੀ ਰਸਮੀ ਸ਼ੁਰੂਵਾਤ ਕਰਵਾਈ। ਸਿੱਖ ਰਵਾਇਤ ਨੂੰ ਰੂਪਮਾਨ ਕਰਦੀ ਇਸ ਜੰਗਜੂ ਕਲਾ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਟੀਮਾਂ ਨੂੰ ਸਮਾਪਤੀ ਸਮੇਂ ਵਿਸ਼ੇਸ਼ ਮੈਡਲ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗਤਕਾ ਗੁਰੂ ਸਾਹਿਬ ਵੱਲੋਂ ਬਖਸ਼ੀ ਜੰਗਜੂ ਕਲਾ ਹੈ ਅਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਗਤਕੇ ਦੀ ਇਸ ਸ਼ਸ਼ਤਰ ਕਲਾ ਨੂੰ ਉਹ ਲੋਕ ਹੀ ਅਪਨਾਉਣ ਜੋ ਸਿੱਖੀ ਸਰੂਪ ਵਿਚ ਪ੍ਰਪੱਕ ਹਨ।

ਇਹ ਵੀ ਪੜ੍ਹੋ: ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ, ਵੇਖੋ ਤਸਵੀਰਾਂ

ਇਸ ਖ਼ਾਸ ਮੌਕੇ ’ਤੇ ਸੰਗਤ ਲਈ ਜਿੱਥੇ ਗੁਰੂ ਘਰਾਂ ਵਿਚ ਆਸਾਨੀ ਨਾਲ ਮੱਥਾ ਟੇਕਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਜੋੜਾ ਘਰ, ਗੱਠੜੀ ਘਰ, ਠੰਡੇ ਪਾਣੀ ਦੀਆਂ ਛਬੀਲਾਂ, ਬਿਜਲੀ, ਪਾਣੀ, ਕੜਾਹ ਪ੍ਰਸ਼ਾਦ ਦੀ ਦੇਗ, ਸਰੋਵਰਾਂ ਵਿਚ ਇਸ਼ਨਾਨ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਗੁਰੂ ਘਰਾਂ ਵਿਚ ਰੰਗ ਰੋਗਨ ਅਤੇ ਰੌਸ਼ਨੀਆਂ ਦਾ ਸਾਰਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ ਅਤੇ ਬਾਹਰੋਂ ਹੋਰ ਸੇਵਾਦਾਰ ਵੀ ਮੰਗਵਾਏ ਗਏ ਹਨ ਤਾਂ ਜੋ ਯੋਗ ਪ੍ਰਬੰਧ ਕੀਤੇ ਜਾ ਸਕਣ। 

ਪ੍ਰਸ਼ਾਸਨ ਵੱਲੋਂ ਹੋਲੇ-ਮਹੱਲੇ ਮੌਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੰਗਤਾਂ ਦੀ ਸਹੂਲਤ ਲਈ ਟ੍ਰੈਫਿਕ ਰੂਟ ਤਿਆਰ ਕੀਤੇ ਗਏ ਹਨ ਤਾਂ ਜੋ ਸ਼ਹਿਰ ਦੇ ਅੰਦਰ ਜਾਮ ਵਾਲੀ ਸਥੀਤੀ ਪੈਦਾ ਨਾ ਹੋਵੇ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ, ਮੇਲਾ ਅਫਸਰ ਐੱਸ. ਡੀ. ਐੱਮ. ਕੇਸ਼ਵ ਗੋਇਲ, ਡੀ. ਐੱਸ. ਪੀ. ਅਜੇਵੀਰ ਸਿੰਘ, ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਾਰੀ ਸਥਿਤੀ ’ਤੇ ਨਜ਼ਰ ਰਖ ਰਹੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri