ਜੰਮੂ-ਕਸ਼ਮੀਰ ਦੇ ਹਾਲਾਤ ਕਾਰਨ ਪੰਜਾਬ ਦੀ ਇੰਡਸਟਰੀ ਮੰਦੀ ਦੀ ਮਾਰ ਹੇਠ

09/05/2019 1:31:02 PM

ਚੰਡੀਗੜ੍ਹ : ਜੰਮੂ-ਕਸ਼ਮੀਰ 'ਚ ਧਾਰਾ-370 ਹਟਣ ਤੋਂ ਬਾਅਦ ਮੌਜੂਦਾ ਸਥਿਤੀ ਕਾਰਨ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਹੌਜਰੀ ਨਿਰਮਾਤਾਵਾਂ ਅਤੇ ਕਾਰੋਬਾਰੀਆਂ 'ਤੇ ਬਹੁਤ ਡੂੰਘਾ ਅਸਰ ਪਿਆ ਹੈ। ਇਨ੍ਹਾਂ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਹੋਰ ਕੁਝ ਮਹੀਨੇ ਸਥਿਤੀ ਜਿਉਂ ਦੀ ਤਿਉਂ ਰਹੀ ਤਾਂ ਇੰਡਸਟਰੀ ਬੰਦ ਹੋ ਜਾਵੇਗੀ ਜਾਂ ਫਿਰ ਦੀਵਾਲੀਆ ਹੋ ਜਾਵੇਗੀ। ਦੀਵਾਲੀ ਦੀ ਤਰ੍ਹਾਂ ਹੀ ਅਗਸਤ ਅਤੇ ਸਤੰਬਰ ਦੇ ਮਹੀਨੇ ਨੂੰ ਕਸ਼ਮੀਰ 'ਚ ਵਿਆਹਾਂ ਲਈ ਪੀਕ ਸੀਜ਼ਨ ਮੰਨਿਆ ਜਾਂਦਾ ਹੈ, ਜਦੋਂ ਘਾਟੀ ਦੇ ਕਾਰੋਬਾਰੀ ਪੰਜਾਬ ਤੋਂ ਖਰੀਦਦਾਰੀ ਕਰਦੇ ਹਨ ਪਰ ਇਸ ਸਾਲ ਹੁਣ ਤੱਕ ਸ਼ਾਇਦ ਹੀ ਹੌਜ਼ਰੀ ਦੇ ਸਮਾਨ ਲਈ ਕੋਈ ਆਰਡਰ ਆਇਆ ਹੋਵੇ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਭ ਕੁਝ ਬੰਦ ਹੈ ਅਤੇ ਖਰੀਦਦਾਰਾਂ ਵਲੋਂ ਕੋਈ ਖਰੀਦਦਾਰੀ ਨਹੀਂ ਕੀਤੀ ਜਾ ਰਹੀ।

ਇਸ ਬਾਰੇ ਗੱਲਬਾਤ ਕਰਦਿਆਂ ਇਕ ਡੀਲਰ ਨੇ ਦੱਸਿਆ ਕਿ ਦੁਕਾਨਾਂ ਬੰਦ ਹਨ, ਮੋਬਾਇਲ ਨੈੱਟਵਰਕ ਕੰਮ ਨਹੀਂ ਕਰ ਰਹੇ ਅਤੇ ਡੀਲਰਾਂ ਦਾ ਇਕ-ਦੂਜੇ ਨਾਲ ਸੰਪਰਕ ਵੀ ਟੁੱਟਿਆ ਹੋਇਆ ਹੈ। ਲੁਧਿਆਣਾ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉੱਨ ਦੇ ਕਾਰੋਬਾਰ 'ਚ ਜੰਮੂ-ਕਸ਼ਮੀਰ ਦਾ 35 ਫੀਸਦੀ ਹਿੱਸਾ ਹੁੰਦਾ ਹੈ, ਜਦੋਂ ਕਿ ਅੰਮ੍ਰਿਤਸਰ ਦੇ ਕਾਰੋਬਾਰੀਆਂ ਮੁਤਾਬਕ ਹਰੇਕ ਸੀਜ਼ਨ 'ਚ ਉਹ ਜੰਮੂ-ਕਸ਼ਮੀਰ 'ਚੋਂ 200 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ। ਅਕਾਲਗੜ੍ਹ ਮਾਰਕਿਟ ਐਸੋਸੀਏਸ਼ਨ ਦੇ ਚੇਅਰਮੈਨ ਅਰਵਿੰਦਰ ਸਿੰਘ ਟੋਨੀ ਨੇ ਕਿਹਾ ਕਿ ਬਾਜ਼ਾਰ 'ਚੋਂ ਕੁੱਲ ਸਮਾਨ ਦਾ 30 ਫੀਸਦੀ ਸ਼੍ਰੀਨਗਰ ਭੇਜਿਆ ਜਾਂਦਾ ਹੈ ਪਰ ਇਸ ਸੀਜ਼ਨ ਦੌਰਾਨ ਕੋਈ ਵੀ ਖਰੀਦਦਾਰ ਉਨ੍ਹਾਂ ਕੋਲ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਇਸ ਦੀ ਵੀ ਉਮੀਦ ਨਹੀਂ ਕਰਦੇ ਕਿ ਆਉਣ ਵਾਲੇ ਦਿਨਾਂ 'ਚ ਸਭ ਕੁਝ ਆਮ ਹੋ ਜਾਵੇਗਾ ਕਿਉਂਕਿ ਫੋਨਾਂ ਦੇ ਕੁਨੈਕਸ਼ਨ ਕੱਟੇ ਜਾਂਦੇ ਹਨ ਅਤੇ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਹੀ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਰਗੇ ਹੋ ਗਏ ਹਨ ਪਰ ਲੁਧਿਆਣਾ 'ਚ ਹੌਜ਼ਰੀ ਦਾ ਕਾਰੋਬਾਰ ਸਚਮੁੱਚ ਮਾੜਾ ਰਿਹਾ ਹੈ।
 

Babita

This news is Content Editor Babita