ਓਲੰਪਿਕ ਜਿੱਤਣਾ ਚਾਹੁੰਦਾ ਹੈ ਹਾਕੀ ਸਟਾਰ ਮਨਪ੍ਰੀਤ, ਵਿਆਹ ਬਾਰੇ ਮਾਂ ਨੇ ਦਿੱਤਾ ਇਹ ਬਿਆਨ (ਤਸਵੀਰਾਂ)

10/23/2017 7:20:21 PM

ਜਲੰਧਰ— ਇਥੋਂ ਦੇ ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਐਤਵਾਰ ਨੂੰ ਹਾਕੀ ਏਸ਼ੀਆ ਕੱਪ 'ਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ 10 ਸਾਲ ਬਾਅਦ ਹਾਕੀ ਟੂਰਨਾਮੈਂਟ 'ਤੇ ਕਬਜ਼ਾ ਕੀਤਾ। ਜੇਤੂ ਟੀਮ 'ਚ ਮਨਪ੍ਰੀਤ ਦੇ ਨਾਲ-ਨਾਲ ਜੂਨੀਅਰ ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਵਰੁਣ ਕੁਮਾਰ ਵੀ ਟੀਮ ਦਾ ਹਿੱਸਾ ਸਨ। ਪੂਰੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਮਨਪ੍ਰੀਤ ਦੇ ਘਰ ਮਾਂ ਮਨਜੀਤ ਕੌਰ, ਭਰਾ ਸੁਖਰਾਜ ਸਿੰਘ ਅਤੇ ਭਾਬੀ ਨਿਰਮਲਜੀਤ ਕੌਰ, ਭਤੀਜਾ ਮਨਕੀਰਤ, ਨਾਨੀ ਗਿਆਨ ਕੌਰ ਨੇ ਭੰਗੜਾ ਪਾਇਆ ਅਤੇ ਮਠਿਆਈ ਵੰਡੀ। ਮਨਪ੍ਰੀਤ ਸੋਮਵਾਰ ਦੇਰ ਰਾਤ ਪਹੁੰਚਣਗੇ। ਵਰੁਣ ਦੇ ਘਰ ਵੀ ਪਰਿਵਾਰ ਵੱਲੋਂ ਖੁਸ਼ੀ ਇਸ ਜਿੱਤ ਦੀ ਖੁਸ਼ੀ ਮਨਾਈ ਗਈ। 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇਹ ਖਿਤਾਬ ਇਸ ਵਾਰ ਭਾਰਤ ਹੀ ਜਿੱਤੇਗਾ। ਹਾਲਾਂਕਿ ਮਲੇਸ਼ੀਆ ਨੇ ਵੀ ਵਧੀਆ ਖੇਡ ਦਿਖਾਈ ਪਰ ਭਾਰਤੀ ਟੀਮ ਦੀ ਮਿਹਨਤ ਅਤੇ ਇਕਜੁਟਤਾ ਨੇ ਜਿੱਤ ਦਿਵਾਈ। ਵਿਆਹ ਬਾਰੇ ਗੱਲਬਾਤ ਕਰਦੇ ਹੋਏ ਮਨਪ੍ਰੀਤ ਦੀ ਮਾਂ ਮਨਜੀਤ ਨੇ ਕਿਹਾ ਕਿ ਅਜੇ ਮਨਪ੍ਰੀਤ ਦਾ ਸੁਪਨਾ ਹੈ ਕਿ ਉਹ 2020 ਦੀ ਓਲੰਪਿਕ ਖੇਡੇ ਅਤੇ ਜਿੱਤੇ। ਉਸ ਤੋਂ ਬਾਅਦ ਉਸ ਦਾ ਵਿਆਹ ਕਰਾਂਗੇ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ 2007 'ਚ ਇਸ ਖਿਤਾਬ 'ਤੇ ਆਪਣਾ ਕਬਜ਼ਾ ਕੀਤਾ ਸੀ। ਹਾਕੀ ਪੰਜਾਬ ਦੇ ਪ੍ਰਧਾਨ ਕੋਹਲੀ ਅਤੇ ਜਨਰਲ ਸੈਕਟਰੀ ਪਰਗਟ ਸਿੰਘ ਨੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਦੋਵੇਂ ਨੌਜਵਾਨ ਖਿਡਾਰੀਆਂ ਦੇ ਨਾਲ-ਨਾਲ ਸਾਰੇ ਪੰਜਾਬੀ ਖਿਡਾਰੀਆਂ ਨੇ ਟੀਮ ਨੂੰ ਕਾਫੀ ਉੱਚਾਈਆਂ 'ਤੇ ਪਹੁੰਚਾਇਆ ਹੈ।