ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ 'ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ

05/25/2020 12:36:42 PM

ਜਲੰਧਰ— ਹਾਕੀ ਦਿੱਗਜ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਾਕੀ ਦਿੱਗਜ ਦੀ ਦ੍ਰਿੜਤਾ, ਸਮਰਪਣ ਅਤੇ ਖੇਡ ਭਾਵਨਾ ਹਮੇਸ਼ਾ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਪ੍ਰੇਰਣਾ ਦਾ ਕੰਮ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਕਿਹਾ ਓਲਪਿੰਕ 'ਚ ਤਿੰਨ ਵਾਰ ਸੋਨ ਤਮਗਾ ਜਿੱਤਣ ਵਾਲੇ ਹਾਕੀ ਦਿੱਗਜ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ ਬਾਰੇ ਸੁਣ ਕੇ ਬੇਹੱਦ ਦੁੱਖ ਹੋਇਆ। ਉਹ ਦ੍ਰਿੜਤਾ, ਸਮਰਪਣ ਅਤੇ ਖੇਡ ਜਗਤ ਦੇ ਗੁਣਾਂ ਦੀ ਮਿਸਾਲ ਸਨ। ਤੁਹਾਡੀ ਬਹੁਤ ਯਾਦ ਆਵੇਗੀ ਅਤੇ ਤੁਸੀਂ ਹਮੇਸ਼ਾ ਪ੍ਰੇਰਣਾ ਸਰੋਤ ਬਣੇ ਰਹੋਗੇ।

ਇਥੇ ਦੱਸ ਦੇਈਏ ਕਿ ਆਪਣੇ ਕਰੀਅਰ 'ਚ ਤਿੰਨ ਵਾਰ ਓਲਪਿੰਕ ਸੋਨ ਤਮਗਾ ਜਿੱਤਣ ਵਾਲੇ ਭਾਰਤ ਦੇ ਮਹਾਨ ਖਿਡਾਰੀ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਦੋ ਹਫਤਿਆਂ ਤੋਂ ਵੀ ਵੱਧ ਸਮੇਂ ਤਕ ਸਿਹਤ ਸਬੰਧੀ ਕਈ ਪਰੇਸ਼ਾਨੀਆਂ ਨਾਲ ਜੂਝਨ ਤੋਂ ਬਾਅਦ ਸੋਮਵਾਰ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਬਲਬੀਰ ਸਿੰਘ ਸੀਨੀਅਰ ਨੇ ਸੋਮਵਾਰ ਸਵੇਰੇ ਕਰੀਬ 6.17 ਵਜੇ ਆਖਰੀ ਸਾਹ ਲਏ। ਬਲਬੀਰ ਸੀਨੀਅਰ ਬੀਮਾਰੀ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸਨ। 96 ਸਾਲ ਦੇ ਦਿੱਗਜ ਨੂੰ ਨਿਮੋਨੀਆ ਦੀ ਸ਼ਿਕਾਇਤ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਹਸਪਤਾਲ 'ਚ ਹੀ ਦਿਲ ਦਾ ਦੌਰਾ ਵੀ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ।

ਭਾਰਤ ਲਈ ਸੋਨ ਤਮਗੇ ਜਿੱਤਣ 'ਚ ਨਿਭਾਈ ਅਹਿਮ ਭੂਮਿਕਾ
ਬਲਬੀਰ ਸਿੰਘ ਸੀਨੀਅਰ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬੌਰਨ (1956) ਓਲੰਪਿਕ 'ਚ ਭਾਰਤ ਲਈ ਸੋਨ ਤਮਗੇ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ 'ਚ ਨੀਦਰਲੈਂਡ ਖਿਲਾਫ 6-1 ਨਾਲ ਮਿਲੀ ਜਿੱਤ 'ਚ ਉਨ੍ਹਾਂ ਨੇ 5 ਗੋਲ ਕੀਤੇ ਸਨ ਅਤੇ ਇਹ ਰਿਕਾਰਡ ਅਜੇ ਵੀ ਬਰਕਰਾਰ ਹੈ। ਉਹ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਸਨ।

shivani attri

This news is Content Editor shivani attri