ਹਾਈਵੋਲਟੇਜ਼ ਤਾਰਾਂ ਦੀ ਲਪੇਟ ''ਚ ਆਏ ਮਜ਼ਦੂਰ, 2 ਦੀ ਮੌਤ ਤੇ 5 ਜ਼ਖਮੀ

02/12/2020 7:57:29 PM

ਝਬਾਲ,(ਨਰਿੰਦਰ)-ਅੱਡਾ ਝਬਾਲ ਤੋਂ ਥੋੜ੍ਹੀ ਦੂਰ ਪਿੰਡ ਠੱਠਾ ਨੇੜੇ ਨਵੀਂ ਬਣ ਰਹੀ ਕਲੋਨੀ 'ਚ ਸੜਕ ਬਣਾਉਣ ਲਈ ਲੈਂਟਰ ਪਾਉਣ ਵਾਲੀ ਮਸ਼ੀਨ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਹਾਈਵੋਲਟਜ਼ ਤਾਰਾਂ ਦੀ ਲਪੇਟ 'ਚ 2 ਵਿਅਕਤੀ ਆ ਗਏ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 5 ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਏ। 
ਜਾਣਕਾਰੀ ਮੁਤਾਬਕ ਪਿੰਡ ਠੱਠਾ ਨਜ਼ਦੀਕ ਨਵੀਂ ਬਣੀ ਕਲੋਨੀ ਵਿੱਚ ਸੜਕ ਬਣਾਉਣ ਲਈ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਅਚਾਨਕ ਮਸ਼ੀਨ ਹਾਈਵੋਲਟਜ਼ ਤਾਰਾਂ ਨਾਲ ਟਕਰਾ ਗਈ, ਜਿਸ ਕਾਰਨ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਕਰੰਟ ਨੇ ਆਪਣੀ ਚਪੇਟ ਵਿੱਚ ਲੈ ਲਿਆ ਤੇ ਕੰਮ ਕਰ ਰਹੇ ਮਜ਼ਦੂਰ ਗੁਰਵੇਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨੱਥੂਪੁਰਾ ਅਤੇ ਲਵਪ੍ਰੀਤ ਸਿੰਘ ਕੱਦੋ ਪੁੱਤਰ ਬਲਜੀਤ ਸਿੰਘ ਵਾਸੀ ਬਰਾੜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਲਦੇਵ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਬਰਾੜ, ਕੁਲਦੀਪ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਬਰਾੜ, ਗੁਰਦਿੱਤ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ ਬਰਾੜ, ਹਰਭਾਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਨੱਥੂਪੁਰਾ ਅਤੇ ਭਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨੱਥੂਪੁਰਾ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਨਜ਼ਦੀਕੀ ਗੁਪਤਾ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਂਆਂ 'ਚੋਂ ਇਕ ਵਿਅਕਤੀ ਦੀ ਹਾਲਾਤ ਨਾਜ਼ੁਕ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।ਘਟਨਾ ਦੀ ਖਬਰ ਮਿਲਦੇ ਹੀ ਨਾਇਬ ਤਹਿਸੀਲ ਝਬਾਲ ਅਜੇ ਕੁਮਾਰ, ਡੀ. ਐਸ. ਪੀ. (ਸਿਟੀ) ਸੁੱਚਾ ਸਿੰਘ ਬੱਲ, ਐਡੀਸ਼ਨਲ ਥਾਣਾ ਮੁਖੀ ਝਬਾਲ ਸਬ ਇੰਸਪੈਕਟਰ ਬਲਜੀਤ ਕੌਰ, ਸਬ ਇੰਸਪੈਕਟਰ ਕਰਨਬੀਰ ਸਿੰਘ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।