4 ਮਹੀਨਿਅਾਂ ਬਾਅਦ ਵੀ ਪ੍ਰਕਾਸ਼ਿਤ ਨਹੀਂ ਹੋਈ ਵਿਵਾਦਾਂ ’ਚ ਰਹੀ ‘ਇਤਿਹਾਸ ਦੀ ਪੁਸਤਕ’

07/25/2018 6:18:54 AM

ਅੰਮ੍ਰਿਤਸਰ, (ਦਲਜੀਤ)-  ਪੰਜਾਬ ਸਕੂਲ ਸਿੱਖਿਆ ਬੋਰਡ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਦੇ 4 ਮਹੀਨੇ ਬੀਤ ਜਾਣ ਮਗਰੋਂ ਵੀ ਵਿਵਾਦਾਂ ’ਚ ਰਹੀ 12ਵੀਂ ਜਮਾਤ ਦੀ ਇਤਿਹਾਸ ਵਿਸ਼ੇ ਦੀ ਕਿਤਾਬ ਜਾਰੀ ਨਹੀਂ ਕਰ ਸਕਿਆ। ਬੋਰਡ ਦੀ ਇਸ ਢਿੱਲਮੱਠ ਕਾਰਨ ਜਿਥੇ ਦਿਨੋ-ਦਿਨ ਵਿਦਿਆਰਥੀਆਂ ਦੀ ਪਡ਼੍ਹਾਈ ਪਿੱਛੇ ਪੈਂਦੀ ਜਾ ਰਹੀ ਹੈ, ਉਥੇ ਹੀ ਅਧਿਆਪਕ ਦੁਚਿੱਤੀ ਵਿਚ ਪਏ ਹਨ ਕਿ 12 ਮਹੀਨਿਆਂ ਵਿਚ ਵਿਦਿਆਰਥੀਆਂ ਨੂੰ ਪਡ਼੍ਹਾਈ ਜਾਣ ਵਾਲੀ ਕਿਤਾਬ ਦਾ ਸਿਲੇਬਸ ਉਹ 6 ਮਹੀਨਿਆਂ ’ਚ ਕਿਵੇਂ ਪੂਰਾ ਕਰ ਲੈਣਗੇ। 
ਜਾਣਕਾਰੀ ਅਨੁਸਾਰ ਵਿੱਦਿਅਕ ਸੈਸ਼ਨ 2018-19 ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਗਿਆ ਹੈ। ਬੋਰਡ ਵੱਲੋਂ ਅਪ੍ਰੈਲ ਮਹੀਨੇ ਵਿਚ ਹੀ 12ਵੀਂ ਜਮਾਤ ਦੇ ਨਵੇਂ ਸਿਲੇਬਸ ਅਨੁਸਾਰ ਇਤਿਹਾਸ ਵਿਸ਼ੇ ਦੀ ਕਿਤਾਬ ਜਾਰੀ ਕੀਤੀ ਗਈ ਸੀ ਪਰ ਪੰਥਕ ਤੇ ਧਾਰਮਿਕ ਜਥੇਬੰਦੀਆਂ ਅਤੇ ਕਈ ਬੁੱਧੀਜੀਵੀ ਵਰਗ ਵੱਲੋਂ ਜਾਰੀ ਕਿਤਾਬ ਵਿਚ ਸਿੱਖ ਗੁਰੂ ਸਾਹਿਬਾਨ ਤੇ ਪੰਜਾਬ ਦੇ ਇਤਿਹਾਸ ਨੂੰ ਸ਼ਾਮਿਲ ਨਾ ਕੀਤੇ ਜਾਣ ਦੇ ਸਖਤ ਵਿਰੋਧ ਕਾਰਨ ਬੋਰਡ ਨੇ ਇਹ ਕਿਤਾਬ ਰੱਦ ਕਰ ਦਿੱਤੀ ਸੀ। ਬੋਰਡ ਦੀ ਇਸ ਨਾਲਾਇਕੀ ਕਾਰਨ ਪੰਜਾਬ ਸਰਕਾਰ ਦੀ ਕਾਫੀ ਕਿਰਕਰੀ ਹੋਈ ਸੀ। ਸਿੱਖਿਆ ਮੰਤਰੀ ਸਮੇਤ ਸਰਕਾਰ ਦੇ ਹੋਰ ਵਜ਼ੀਰਾਂ ਨੇ ਇਸ ਮੁੱਦੇ ’ਤੇ ਆਪਣਾ ਸਪੱਸ਼ਟੀਕਰਨ ਵੀ ਪੇਸ਼ ਕੀਤਾ ਸੀ। ਸਰਕਾਰ ਵੱਲੋਂ ਦੁਬਾਰਾ ਇਤਿਹਾਸ ਵਿਸ਼ੇ ਦੀ ਕਿਤਾਬ ਤਿਆਰ ਕਰਨ ਲਈ ਪ੍ਰੋ. ਕ੍ਰਿਪਾਲ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਕਮੇਟੀ ਗਠਿਤ ਕੀਤੀ ਗਈ ਸੀ। ਸਰਕਾਰ ਨੇ 4 ਮਹੀਨੇ ਬੀਤ ਜਾਣ ਮਗਰੋਂ ਅਜੇ ਤੱਕ ਇਹ ਕਿਤਾਬ ਜਾਰੀ ਨਹੀਂ ਕੀਤੀ ਸਗੋਂ ਬੋਰਡ ਵੱਲੋਂ ਨਵਾਂ ਸ਼ੋਸ਼ਾ ਛੱਡਦਿਆਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਅਗਸਤ ਵਿਚ ਪੂਰੀ ਕਿਤਾਬ ਨਹੀਂ, ਬਲਕਿ ਕੁਝ ਪਾਠਕ੍ਰਮ ਬੋਰਡ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਕਰ ਦਿੱਤੇ ਜਾਣਗੇ।
ਸਵਾਲ ਖਡ਼੍ਹਾ ਹੁੰਦਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਵਿਚ ਗਰੀਬ ਪਰਿਵਾਰਾਂ ਨਾਲ ਸਬੰਧਤ ਬੱਚੇ ਪਡ਼੍ਹਦੇ ਹਨ ਅਤੇ ਉਹ ਹੁਣ ਕਿਵੇਂ ਕੰਪਿਊਟਰ ਤੋਂ ਪ੍ਰਿੰਟ ਕਢਵਾ ਕੇ ਪਾਠਕ੍ਰਮ ਪਡ਼੍ਹ ਸਕਣਗੇ ਤੇ ਕਿੰਨੀ ਦੇਰ ਦੂਸਰੇ ਪਾਠਕ੍ਰਮ ਲੈਣ ਲਈ ਇੰਤਜ਼ਾਰ ਕਰਨਾ ਪਵੇਗਾ। ਉਧਰ ਦੂਸਰੇ ਪਾਸੇ ਕਈ ਅਧਿਆਪਕਾਂ ਨੇ ਬੋਰਡ ਵੱਲੋਂ ਅਜੇ ਤੱਕ ਇਤਿਹਾਸ ਵਿਸ਼ੇ ਦੀ ਕਿਤਾਬ ਜਾਰੀ ਨਾ ਕਰਨ ’ਤੇ ਰੋਸ ਪ੍ਰਗਟਾਇਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਉਂਝ ਤਾਂ ਮਾਡ਼ੇ ਨਤੀਜਿਆਂ ਲਈ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਪਰ ਖੁਦ ਵਿਭਾਗ ਸਮੇਂ ਸਿਰ ਬੋਰਡ ਦੀਆਂ ਜਮਾਤਾਂ ਦੀਆਂ ਮਹੱਤਵਪੂਰਨ ਵਿਸ਼ੇ ਦੀਆਂ ਕਿਤਾਬਾਂ ਸਮੇਂ ਅਨੁਸਾਰ ਜਾਰੀ ਨਹੀਂ ਕਰਦਾ। ਵਿਭਾਗ ਦੀ ਇਸ ਨਾਲਾਇਕੀ ਕਾਰਨ ਕਿਤੇ ਨਾ ਕਿਤੇ ਵਿਦਿਆਰਥੀ ਪਾਠਕ੍ਰਮ ਪੂਰਾ ਕਰਨ ਵਿਚ ਅਸਫਲ ਰਹਿ ਜਾਂਦੇ ਹਨ। ਵਿਭਾਗ ਦੀ ਇਸ ਢਿੱਲਮੱਠ ਦਾ ਖਮਿਆਜ਼ਾ ਅਧਿਆਪਕਾਂ ਨੂੰ ਭੁਗਤਣਾ ਪੈਂਦਾ ਹੈ। ਸਰਕਾਰ ਇਕ ਪਾਸੇ ਸਰਕਾਰੀ ਸਕੂਲਾਂ ਦੀ ਸਿੱਖਿਆ ਬਿਹਤਰ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਜੇਕਰ ਸਮੇਂ ਸਿਰ ਸਕੂਲਾਂ ਵਿਚ ਕਿਤਾਬਾਂ ਨਹੀਂ ਪੁੱਜਣਗੀਆਂ ਤਾਂ ਵਿਦਿਆਰਥੀਆਂ ਦਾ ਭਵਿੱਖ ਬਿਹਤਰ ਨਹੀਂ ਸਗੋਂ ਹਨੇਰੇ ਵਿਚ ਧੱਸਦਾ ਜਾਵੇਗਾ।