ਸਿੱਖਾਂ ਦੇ ਵਿਛੜੇ ਇਤਹਾਸਿਕ ਗੁਰਦੁਆਰਿਆਂ ਨੂੰ ਵਾਪਸ ਦਿਵਾਏ ਸਰਕਾਰ : ਇੰਦਰੇਸ਼ ਕੁਮਾਰ

08/31/2019 4:39:27 PM

ਜਲੰਧਰ/ਆਗਰਾ (ਬੁਲੰਦ) : ਆਗਰਾ ’ਚ ਗੁਰਸਿੱਖ ਵੈੱਲਫੇਅਰ ਐਸੋਸੀਏਸ਼ਨ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਪਹੁੰਚੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸੀਨੀਅਰ ਪ੍ਰਚਾਰਕ ਇੰਦਰੇਸ਼ ਕੁਮਾਰ ਨੇ ਕਿਹਾ ਕਿ ਸਿੱਖਾਂ ਨੂੰ ਜੋ ਲੋਕ ਖਾਲਿਸਤਾਨ ਦੇ ਨਾਂ ’ਤੇ ਭੜਕਾ ਰਹੇ ਹਨ ਉਹ ਇਹ ਸਮਝ ਲੈਣ ਕਿ ਸਿੱਖਾਂ ਦਾ ਜਿੰਨਾ ਹੱਕ ਭਾਰਤ ’ਤੇ ਹੈ ਓਨਾ ਕਿਸੇ ਹੋਰ ਦਾ ਨਹੀਂ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਕਾਰਨ ਹੀ ਦੇਸ਼ ਆਜ਼ਾਦ ਹੋ ਸਕਿਆ ਅਤੇ ਸਿੱਖਾਂ ਨੇ ਹਮੇਸ਼ਾ ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਯੋਗਦਾਨ ਦਿੱਤਾ ਹੈ। ਇੰਦਰੇਸ਼ ਨੇ ਕਿਹਾ ਕਿ ਸਿੱਖ ਹਰ ਰੋਜ਼ ਜੋ ਅਰਦਾਸ ਕਰਦੇ ਹਨ ਉਸ ’ਚ ਆਉਂਦਾ ਹੈ ਕਿ ਜਿਹੜੇ ਗੁਰਧਾਮ ਪੰਥ ਤੋਂ ਵਿਛੜੇ ਹਨ ਉਨ੍ਹਾਂ ਦੇ ਦਰਸ਼ਨ- ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਵਾਹਿਗੁਰੂ ਜੀ ਖਾਲਸਾ ਪੰਥ ਨੂੰ ਬਖਸ਼ੇ। ਇਸ ਲਈ ਉਨ੍ਹਾਂ ਸਾਰੇ ਇਤਹਾਸਿਕ ਗੁਰਦੁਆਰਿਆਂ ਨੂੰ ਹਿੰਦੁਸਤਾਨ ’ਚ ਸ਼ਾਮਲ ਕਰਨਾ ਮੌਜੂਦਾ ਕੇਂਦਰ ਸਰਕਾਰ ਦਾ ਟੀਚਾ ਹੈ ਅਤੇ ਇਹ ਸਭ ਵਿੱਛੜੇ ਗੁਰਦੁਆਰੇ ਸਿੱਖਾਂ ਨੂੰ ਸੌਂਪਣਾ ਹੀ ਅਸਲ ਖਾਲਿਸਤਾਨ ਹੋਵੇਗਾ। ਇਸ ਮੌਕੇ ਇੰਦਰੇਸ਼ ਕੁਮਾਰ ਨੇ ਕਿਹਾ ਕਿ ਅੱਜ ਦੇਸ਼ ’ਚ ਇਕ ਤਾਕਤਵਰ ਸਰਕਾਰ ਹੈ ਅਤੇ ਜੋ ਕਦਮ ਕਸ਼ਮੀਰ ’ਚ ਧਾਰਾ 370 ਹਟਾ ਕੇ ਸਰਕਾਰ ਵਲੋਂ ਚੁੱਕਿਆ ਗਿਆ ਹੈੈ, ਉਹ ਦੇਸ਼ ਦੀ ਅਖੰਡਤਾ ਵਲ ਪਹਿਲਾ ਕਦਮ ਹੈ।

ਇਸ ਕਦਮ ਨਾਲ ਅੱਤਵਾਦ ਨੂੰ ਕਰਾਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਸਭ ਤੋਂ ਵੱਡੀ ਸਮੱਸਿਆ ਆਬਾਦੀ ਵਿਚ ਬੇਤਹਾਸ਼ਾ ਵਾਧਾ ਹੈ ਤੇ ਇਸ ’ਤੇ ਕਾਬੂ ਪਾਉਣ ਲਈ ਸਰਕਾਰ ਨੂੰ ਇਕ ਸਖਤ ਕਾਨੂੰਨ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲਾਹੌਰ ਤੇ ਪਾਕਿਸਤਾਨ ਦੇ ਸਾਰੇ ਗੁਰਦੁਆਰੇ ਤੇ ਮੰਦਰ ਹਿੰਦੁਸਤਾਨ ’ਚ ਸ਼ਾਮਲ ਨਹੀਂ ਹੋ ਜਾਂਦੇ ਤਦ ਤੱਕ ਅਖੰਡ ਭਾਰਤ ਦਾ ਸੁਪਨਾ ਅਧੂਰਾ ਰਹੇਗਾ। ਇਸ ਮੌਕੇ ਉਨ੍ਹਾਂ ਗੁਰਸਿੱਖ ਵੈੱਲਫੇਅਰ ਐਸੋ. ਦੇ ਪ੍ਰਧਾਨ ਰਵਿੰਦਰਪਾਲ ਸਿੰਘ ਟਿੰਮਾ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਕਾਰਣ ਹੀ ਅੱਜ ਲਾਂਘੇ ਦਾ ਕੰਮ ਆਰੰਭ ਹੋ ਸਕਿਆ ਹੈ। ਇਸ ਮੌਕੇ ਗੁਰਸਿੱਖ ਵੈੱਲਫੇਅਰ ਐਸੋ. ਵਲੋਂ ਉਨ੍ਹਾਂ ਨੂੰ ਇਕ ਮੰਗ-ਪੱਤਰ ਦਿੱਤਾ ਗਿਆ ਜਿਸ ’ਚ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਦੇਸ਼ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ’ਤੇ ਵੀਰਤਾ ਪੁਰਸਕਾਰ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਐੈੱਨ. ਸੀ. ਈ. ਆਰ. ਟੀ. ਦੇ ਸਿਲੇਬਸ ’ਚ ਸਿੱਖ ਸੂਰਬੀਰਾਂ ਅਤੇ ਸਾਹਿਬਜ਼ਾਦਿਆਂ ਦੀਆਂ ਸੱਚੀਆਂ ਕਹਾਣੀਆਂ ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ। 
 

Anuradha

This news is Content Editor Anuradha