ਸੱਚ ਸਾਹਮਣੇ ਆਉਣ ਦੇ ਬਾਵਜੂਦ ਹਿੰਦੂ ਨੇਤਾਵਾਂ ਦੀ ਸੁਰੱਖਿਆ ''ਤੇ ਡਾਂਵਾਡੋਲ ਸਥਿਤੀ

12/04/2017 10:23:10 AM

ਲੁਧਿਆਣਾ (ਪੰਕਜ)-ਗੰਨਮੈਨ ਲੈਣ ਦੇ ਚੱਕਰ 'ਚ ਕੁਝ ਹਿੰਦੂ ਨੇਤਾਵਾਂ ਵੱਲੋਂ ਖੁਦ 'ਤੇ ਹਮਲਾ ਕਰਵਾਉਣ ਸਬੰਧੀ ਰਚੀ ਸਾਜ਼ਿਸ਼ ਦਾ ਖਮਿਆਜ਼ਾ ਕੀ ਹਾਈਥਰੇਟ 'ਤੇ ਚੱਲ ਰਹੇ ਬਾਕੀ ਸਰਗਰਮ ਹਿੰਦੂ ਨੇਤਾਵਾਂ ਨੂੰ ਭੁਗਤਣਾ ਪਵੇਗਾ? ਰਾਜ 'ਚ ਹੋਏ ਹਿੰਦੂ ਨੇਤਾਵਾਂ ਦੇ ਦਰਦਨਾਕ ਕਤਲਾਂ ਨੂੰ ਅੰਜਾਮ ਦੇਣ ਵਾਲੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਫੜੇ ਜਾਣ ਅਤੇ ਪੁੱਛਗਿੱਛ 'ਚ ਉਨ੍ਹਾਂ ਦੇ ਅਗਲੇ ਨਿਸ਼ਾਨੇ ਵਾਲੇ ਨੇਤਾਵਾਂ ਦੇ ਨਾਂ ਸਾਹਮਣੇ ਆਉਣ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ 'ਚ ਹੋ ਰਹੀ ਦੇਰੀ ਹੈਰਾਨੀਜਨਕ ਹੈ।  ਇਸ 'ਚ ਕੋਈ ਦੁਚਿੱਤੀ ਨਹੀਂ ਹੈ ਕਿ ਕੁਝ ਕਥਿਤ ਹਿੰਦੂ ਨੇਤਾਵਾਂ ਵੱਲੋਂ ਖੁਦ 'ਤੇ ਹਮਲਾ ਕਰਵਾ ਕੇ ਸੁਰੱਖਿਆ ਲੈਣ ਸਬੰਧੀ ਰਚੀ ਸਾਜ਼ਿਸ਼ ਪੂਰੇ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਸੀ ਪਰ ਉਸਦਾ ਖਮਿਆਜ਼ਾ ਗਰਮਖਿਆਲੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਨਿਸ਼ਾਨੇ 'ਤੇ ਚੱਲ ਰਹੇ ਉਨ੍ਹਾਂ ਹਿੰਦੂ ਨੇਤਾਵਾਂ ਨੂੰ ਭੁਗਤਣਾ ਪੈ ਰਿਹਾ ਹੈ, ਜੋ ਕਿ ਨਿਰੰਤਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ। ਇਸਦੀ ਪੁਸ਼ਟੀ ਖੁਦ ਪੰਜਾਬ ਪੁਲਸ ਦੇ ਉੱਚ ਅਧਿਕਾਰੀ ਕਰ ਰਹੇ ਹਨ। ਸੂਬੇ 'ਚ ਇਕ ਦੇ ਬਾਅਦ ਇਕ ਕਰ ਕੇ ਹੋਏ ਹਿੰਦੂ ਨੇਤਾਵਾਂ ਦੇ ਕਤਲਾਂ 'ਚ ਸ਼ਾਮਲ ਮੁੱਖ ਕਾਤਲਾਂ, ਉਨ੍ਹਾਂ ਨੂੰ ਆਰਥਿਕ ਮੱਦਦ ਅਤੇ ਹਥਿਆਰ ਤੱਕ ਮੁਹੱਈਆ ਕਰਵਾਉਣ ਵਾਲਿਆਂ ਦੀ ਗ੍ਰਿਫਤਾਰੀ ਉਪਰੰਤ ਹੋਈ ਪੁੱਛਗਿੱਛ 'ਚ ਕਈ ਸਰਗਰਮ ਹਿੰਦੂ ਨੇਤਾਵਾਂ ਦੇ ਨਾਂ ਸਾਹਮਣੇ ਆਏ ਹਨ, ਜੋ ਕਿ ਨਿਰੰਤਰ ਹਾਈਥਰੇਟ 'ਤੇ ਹਨ। 
ਸੂਤਰਾਂ ਦੀ ਮੰਨੀਏ ਤਾਂ ਜੇਕਰ ਕਾਤਲ ਸ਼ੇਰਾ ਅਤੇ ਰਮਨਦੀਪ ਫੜੇ ਨਾ ਜਾਂਦੇ ਤਾਂ ਉਨ੍ਹਾਂ ਨੂੰ ਮਿਲਣ ਵਾਲੇ ਅਗਲੇ ਟਾਸਕ 'ਚ ਮਹਾਨਗਰ ਦੇ ਧਾਰਮਿਕ ਹਿੰਦੂ ਨੇਤਾ ਹੋਣ ਵਾਲੇ ਸਨ। ਕਾਤਲਾਂ ਵੱਲੋਂ ਅਗਲੇ ਹਿੰਦੂ ਨੇਤਾਵਾਂ ਦੇ ਨਾਂ ਅਤੇ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਸਮੇਂ-ਸਮੇਂ 'ਤੇ ਰਾਜ ਸਰਕਾਰ ਨੂੰ ਦਿੱਤੀ ਜਾ ਰਹੀ ਇਨਪੁੱਟ ਇਸ ਗੱਲ ਦੀ ਗਵਾਹ ਹੈ ਕਿ ਇਹ ਕਤਲਾਂ ਦਾ ਸਿਲਸਿਲਾ ਰੁਕਣ ਵਾਲਾ ਨਹੀਂ ਸੀ। 
ਹੈਰਾਨੀ ਦੀ ਗੱਲ ਹੈ ਕਿ ਸਰਕਾਰ ਅਤੇ ਪੁਲਸ ਅੱਤਵਾਦੀਆਂ ਦੀ ਹਿਟ ਲਿਸਟ 'ਚ ਸ਼ਾਮਲ ਹਿੰਦੂ ਨੇਤਾਵਾਂ ਦੇ ਨਾਵਾਂ ਤੋਂ ਰੂ-ਬਰੂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਮਾਮਲੇ ਵਿਚ ਦਿਲਚਸਪੀ ਦਿਖਾਉਂਦੀ ਨਜ਼ਰ ਨਹੀਂ ਆ ਰਹੀ ਹੈ। ਇਥੋਂ ਤੱਕ ਕਿ ਜਿਨ੍ਹਾਂ ਨੇਤਾਵਾਂ ਨੂੰ ਖੁਦ ਪੁਲਸ ਅਧਿਕਾਰੀ ਸੁਚੇਤ ਰਹਿਣ ਦੀ ਚਿਤਾਵਨੀ ਦਿੰਦੇ ਰਹੇ, ਉਨ੍ਹਾਂ ਦੇ ਨਾਂ ਵੀ ਸੁਰੱਖਿਆ ਨੂੰ ਲੈ ਕੇ ਵਿਚਾਰਧੀਨ ਹਨ। ਪੁਲਸ ਦੇ ਕਹਿਰ ਦਾ ਸ਼ਿਕਾਰ ਹੋ ਕੇ ਆਪਣਾ ਸਭ ਕੁਝ ਗਵਾ ਚੁੱਕੇ ਇਕ ਹਿੰਦੂ ਨੇਤਾ ਜਿਸ 'ਤੇ ਖੁਦ 'ਤੇ ਹਮਲਾ ਕਰਵਾਉਣ ਦੇ ਦੋਸ਼ ਲੱਗੇ, ਉਸ ਸਮੇਂ ਦੇ ਪੁਲਸ ਅਧਿਕਾਰੀ ਪਿੱਠ ਥਪਥਪਾਉਂਦੇ ਫਿਰਦੇ ਸਨ ਅਤੇ ਪ੍ਰੈੱਸ ਕਾਨਫਰੰਸ 'ਚ ਸੱਚਾਈ ਦੇ ਉਲਟ ਦਾਅਵੇ ਅਤੇ ਸਬੂਤ ਦਿਖਾ ਰਹੇ ਸਨ ਪਰ ਫੜੇ ਗਏ ਕਾਤਲਾਂ ਵਲੋਂ ਨੇਤਾ 'ਤੇ ਵੀ ਗੋਲੀ ਚਲਾਉਣ ਦੀ ਗੱਲ ਸਵੀਕਾਰ ਕਰਨ ਦੇ ਬਾਵਜੂਦ ਉਸਨੂੰ ਸੁਰੱਖਿਆ ਕਰਮਚਾਰੀ ਹੁਣ ਤੱਕ ਮੁਹੱਈਆ ਨਾ ਕਰਵਾਉਣ ਹੈਰਾਨੀਜਨਕ ਹੈ।