ਏਮਜ਼ ''ਚ ਵੀ ਅੱਵਲ ਲੁਧਿਆਣਵੀ : ਹਿਮਾਂਸ਼ੂ ਨੇ 198ਵਾਂ, ਯਸ਼ਿਕਾ ਨੇ 258ਵਾਂ, ਗ੍ਰੇਟਾ ਨੇ ਹਾਸਲ ਕੀਤਾ 490ਵਾਂ ਰੈਂਕ

06/19/2018 4:59:09 AM

ਲੁਧਿਆਣਾ(ਵਿੱਕੀ)-ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਨੇ ਸੋਮਵਾਰ ਨੂੰ ਐਂਟਰੈਂਸ ਟੈਸਟ ਦਾ ਰਿਜ਼ਲਟ ਐਲਾਨ ਦਿੱਤਾ। 26 ਤੇ 27 ਮਈ ਨੂੰ ਦੇਸ਼ ਦੀਆਂ 9 ਏਮਜ਼ ਸੰਸਥਾਵਾਂ ਵਿਚ 807 ਸੀਟਾਂ 'ਤੇ ਦਾਖਲੇ ਲਈ ਕਰਵਾਈ ਗਈ ਇਸ ਪ੍ਰੀਖਿਆ ਦੇ ਰੈਂਕ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਏਮਜ਼ ਤੋਂ ਐੱਮ. ਬੀ. ਬੀ. ਐੱਸ. ਕਰਨ ਦਾ ਮੌਕਾ ਮਿਲੇਗਾ। ਸੋਮਵਾਰ ਨੂੰ ਦੁਪਹਿਰ ਬਾਅਦ ਐਲਾਨੇ ਨਤੀਜਿਆਂ ਵਿਚ ਲੁਧਿਆਣਾ ਦੇ ਕੇ. ਵੀ. ਐੱਮ. ਸਕੂਲ ਦੇ ਵਿਦਿਆਰਥੀ ਹਿਮਾਂਸ਼ੂ ਕੁਮਾਰ ਨੇ ਆਲ ਇੰਡੀਆ 'ਚ 198ਵਾਂ ਰੈਂਕ ਹਾਸਲ ਕੀਤਾ, ਜਦੋਂ ਕਿ ਡੀ. ਪੀ. ਐੱਸ. ਦੀ ਵਿਦਿਆਰਥਣ ਯਸ਼ਿਕਾ ਗੁਪਤਾ ਨੇ 258ਵਾਂ ਅਤੇ ਡੀ. ਏ. ਵੀ. ਸਕੂਲ ਦੀ ਗ੍ਰੇਟਾ ਭੱਕੂ ਨੇ 4890ਵਾਂ ਰੈਂਕ ਆਲ ਇੰਡੀਆ ਵਿਚ ਪਾ ਕੇ ਸਫਲਤਾ ਹਾਸਲ ਕੀਤੀ। ਇਥੇ ਦੱਸ ਦੇਈਏ ਕਿ ਯਸ਼ਿਕਾ ਗੁਪਤਾ ਅਤੇ ਗ੍ਰੇਟਾ ਨੇ ਦੁੱਗਰੀ ਸਥਿਤ ਪ੍ਰਮੁੱਖ ਕੋਚਿੰਗ ਇੰਸਟੀਚਿਊਟ ਤੋਂ ਕੋਚਿੰਗ ਪ੍ਰਾਪਤ ਕੀਤੀ ਹੈ। ਐਜੂਸਕੇਅਰ ਦੁੱਗਰੀ ਦੇ ਡਾਇਰੈਕਟਰ ਸਾਇੰਸ ਵਿੰਗ ਤੇਜਪ੍ਰੀਤ ਸਿੰਘ ਨੇ ਦੱਸਿਆ ਕਿ ਦੇਸ਼ ਦੀਆਂ 2 ਨਵੀਆਂ ਕੁੱਲ 9 ਏਮਜ਼ ਸੰਸਥਾਵਾਂ ਦੀਆਂ 807 'ਚੋਂ ਜਨਰਲ ਵਰਗ ਦੀਆਂ 400 ਸੀਟਾਂ ਹਨ। ਉਨ੍ਹਾਂ ਨੇ ਦੱਸਿਆ ਕਿ ਜਨਰਲ ਵਰਗ 'ਚ 1500 ਤਕ ਰੈਂਕ ਪਾਉਣ ਵਾਲੇ ਵਿਦਿਆਰਥੀ ਨੂੰ ਵੀ ਏਮਜ਼ ਦੇ ਜਨਰਲ ਵਰਗ 'ਚ ਸੀਟ ਮਿਲ ਜਾਂਦੀ ਹੈ।
ਏਮਜ਼ ਰਿਸ਼ੀਕੇਸ਼ 'ਚ ਅਡਮਿਸ਼ਨ ਲਵੇਗਾ ਹਿਮਾਂਸ਼ੂ
ਏਮਜ਼ ਦੇ ਨਤੀਜੇ 'ਚ 198ਵਾਂ ਰੈਂਕ ਪ੍ਰਾਪਤ ਕਰਨ ਵਾਲਾ ਕੇ. ਵੀ. ਐੱਮ. ਦਾ ਵਿਦਿਆਰਥੀ ਹਿਮਾਂਸ਼ੂ ਕੁਮਾਰ ਆਪਣੇ ਰੈਂਕ ਤੋਂ ਸੁਤੰਸ਼ਟ ਹੈ ਅਤੇ ਹੁਣ ਰਿਸ਼ੀਕੇਸ਼ ਦੇ ਏਮਜ਼ 'ਚ ਦਾਖਲਾ ਲੈ ਕੇ ਐੱਮ. ਬੀ. ਬੀ. ਐੱਸ. ਕਰਨਾ ਚਾਹੁੰਦਾ ਹੈ। ਹਿਮਾਂਸ਼ੂ ਨੇ ਦੱਸਿਆ ਕਿ ਪੇਪਰ ਮੁਸ਼ਕਿਲ ਸੀ ਪਰ ਫਿਰ ਵੀ ਰੈਂਕ ਠੀਕ ਹੈ। 
ਇਸ ਵਿਦਿਆਰਥੀ ਨੇ ਦੱਸਿਆ ਕਿ ਫਿਲਹਾਲ ਉਸ ਦਾ ਧਿਆਨ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਪੂਰੀ ਕਰਨ ਵੱਲ ਹੈ। ਕਿਚਲੂ ਨਗਰ ਨਿਵਾਸੀ ਹਿਮਾਂਸ਼ੂ ਦੇ ਪਿਤਾ ਡਾ. ਰਾਕੇਸ਼ ਕੁਮਾਰ ਕੈਮੀਕਲ ਦਾ ਬਿਜ਼ਨੈੱਸ ਕਰਦੇ ਹਨ, ਜਦੋਂ ਕਿ ਮਾਤਾ ਸ਼ਿਵਾਨੀ ਹਾਊਸ ਮਦਰ ਹੈ। ਇਸ ਵਿਦਿਆਰਥੀ ਨੇ ਆਪਣੀ ਸਫਲਤਾ ਦਾ ਸਿਹਰਾ ਦਾਦਾ ਡਾ. ਕ੍ਰਿਸ਼ਨ ਕੁਮਾਰ ਨੂੰ ਦਿੱਤਾ।

PunjabKesari

ਫੈਮਿਲੀ ਦੀ ਪਹਿਲੀ ਡਾਕਟਰ ਬਣੇਗੀ ਯਸ਼ਿਕਾ
ਬਚਪਨ ਤੋਂ ਹੀ ਘਰ ਦੇ ਆਲੇ-ਦੁਆਲੇ ਦੇ ਡਾਕਟਰ ਤੋਂ ਪ੍ਰਭਾਵਿਤ ਯਸ਼ਿਕਾ ਨੇ ਇਹ ਠਾਣ ਲਈ ਹੈ ਕਿ ਉਹ ਵੀ ਭਵਿੱਖ ਵਿਚ ਡਾਕਟਰ ਬਣੇਗੀ। ਅੱਜ ਏਮਜ਼ ਦੇ ਐਲਾਨੇ ਨਤੀਜਿਆਂ ਤੋਂ ਬਾਅਦ ਇਸ ਵਿਦਿਆਰਥਣ ਦਾ ਸੁਪਨਾ ਸੱਚ ਹੁੰਦਾ ਦਿਖਾਈ ਵੀ ਦੇ ਰਿਹਾ ਹੈ। ਏਮਜ਼ ਦੇ ਨਤੀਜੇ ਵਿਚ 258ਵਾਂ ਆਲ ਇੰਡੀਆ ਰੈਂਕ ਪਾਉਣ ਵਾਲੀ ਯਸ਼ਿਕਾ ਆਪਣੀ ਫੈਮਿਲੀ ਦੀ ਪਹਿਲੀ ਡਾਕਟਰ ਬਣਨ ਵੱਲ ਕਦਮ ਵਧਾਉਣ ਜਾ ਰਹੀ ਹੈ ਅਤੇ ਇਸ ਦੇ ਪਹਿਲੀ ਪੌੜੀ ਦੇ ਰੂਪ ਵਿਚ ਉਹ ਏਮਜ਼ ਜੋਧਪੁਰ ਜਾਂ ਰਿਸ਼ੀਕੇਸ਼ ਵਿਚ ਐੱਮ. ਬੀ. ਬੀ. ਐੱਸ. ਕੋਰਸ ਵਿਚ ਦਾਖਲਾ ਲੈ ਕੇ ਚੜ੍ਹੇਗੀ। ਡੀ. ਪੀ. ਐੱਸ. ਦੀ ਇਸ ਵਿਦਿਆਰਥਣ ਨੇ 12ਵੀਂ ਵਿਚ 97.2 ਫੀਸਦੀ ਅੰਕ ਪ੍ਰਾਪਤ ਕੀਤੇ ਸਨ, ਜਦੋਂ ਕਿ ਨੀਟ ਵਿਚ 3384ਵਾਂ ਰੈਂਕ ਹਾਸਲ ਕੀਤਾ ਸੀ। ਯਸ਼ਿਕਾ ਦੇ ਪਿਤਾ ਰੋਹਿਤ ਬਿਜ਼ਨੈੱਸਮੈਨ ਹਨ, ਜਦੋਂ ਕਿ ਮਾਤਾ ਸ਼ਿਖਾ ਗੁਪਤਾ ਹਾਊਸ ਮਦਰ ਹੈ।

PunjabKesari

ਏਮਜ਼ ਨਹੀਂ ਨੀਟ ਦੇ ਆਧਾਰ 'ਤੇ ਐੱਮ. ਬੀ. ਬੀ. ਐੱਸ. 'ਚ ਸੀਟ ਲਵੇਗੀ ਗ੍ਰੇਟਾ
ਸ਼ਹਿਰ ਦੇ ਨਾਮੀ ਸੀ. ਏ. ਪ੍ਰੇਮ ਨਾਥ ਭੱਕੂ ਦੀ ਪੋਤਰੀ ਅਤੇ ਸੀ. ਏ. ਪੰਕਜ ਭੱਕੂ ਦੀ ਬੇਟੀ ਗ੍ਰੇਟਾ ਭੱਕੂ ਨੇ ਬੇਸ਼ੱਕ ਏਮਜ਼ ਵਿਚ 490ਵਾਂ ਰੈਂਕ ਹਾਸਲ ਕੀਤਾ ਹੈ ਪਰ ਐੱਮ. ਬੀ. ਬੀ. ਐੱਮ. ਵਿਚ ਦਾਖਲਾ ਨੀਟ ਦੇ ਨਤੀਜੇ ਦੇ ਆਧਾਰ 'ਤੇ ਹੀ ਲਵੇਗੀ। ਗ੍ਰੇਟਾ ਨੇ ਨੀਟ ਦੇ ਨਤੀਜੇ ਵਿਚ ਆਲ ਇੰਡੀਆ 'ਚ 604ਵਾਂ ਰੈਂਕ ਪਾਇਆ ਸੀ। ਗ੍ਰੇਟਾ ਦਾ ਕਹਿਣਾ ਹੈ ਕਿ ਉਹ ਦਿੱਲੀ, ਚੰਡੀਗੜ੍ਹ ਜਾਂ ਲੁਧਿਆਣਾ ਵਿਚ ਕਿਸੇ ਨਾਮੀ ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਪੂਰੀ ਕਰੇਗੀ। ਗ੍ਰੇਟਾ ਨੇ 12ਵੀਂ ਕਲਾਸ ਵਿਚ 95.4 ਫੀਸਦੀ ਅੰਕ ਹਾਸਲ ਕੀਤੇ ਸਨ। ਇਸ ਵਿਦਿਆਰਥਣ ਨੇ ਦੱਸਿਆ ਕਿ ਡਾਕਟਰ ਬਣਨ ਦੀ ਪ੍ਰੇਰਣਾ ਉਸ ਨੂੰ ਆਪਣੇ ਦਾਦਾ ਜੀ ਦੇ ਭਰਾ ਉਂਕਾਰ ਨਾਥ ਭੱਕੂ ਤੋਂ ਮਿਲੀ, ਕਿਉਂਕਿ ਉਹ ਚੰਡੀਗੜ੍ਹ ਵਿਚ ਅਕਸਰ ਪਰਿਵਾਰ ਦੇ ਨਾਲ ਆਉਂਦੀ-ਜਾਂਦੀ ਸੀ ਅਤੇ ਉਨ੍ਹਾਂ ਨੂੰ ਮਰੀਜ਼ਾਂ ਦੀ ਸੇਵਾ ਕਰਦਿਆਂ ਦੇਖ ਕੇ ਕਾਫੀ ਪ੍ਰਭਾਵਿਤ ਹੁੰਦੀ ਰਹੀ।


Related News