ਹਿਮਾਚਲ-ਉਤਰਾਖੰਡ, ਪੰਜਾਬ ਸਮੇਤ ਕਈ ਇਲਾਕਿਆਂ 'ਚ ਭਾਰੀ ਬਾਰਸ਼, ਜਾਣੋ ਹਰ ਸੂਬੇ ਦਾ ਮੌਸਮ ਅਪਡੇਟ

08/19/2019 10:38:06 AM

ਨੈਸ਼ਨਲ ਡੈਸਕ— ਉੱਤਰ ਭਾਰਤ ਦੇ ਕਈ ਇਲਾਕੇ ਭਾਰੀ ਬਾਰਸ਼ ਦੀ ਲਪੇਟ 'ਚ ਹਨ। ਸੋਮਵਾਰ ਸਵੇਰੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਹੋਈ। ਪੰਜਾਬ ਦਾ ਸਤਲੁਜ ਦਰਿਆ ਉਫਾਨ 'ਤੇ ਹੈ, ਜਿਸ ਕਾਰਨ ਪ੍ਰਸ਼ਾਸਨ ਅਲਰਟ ਅਤੇ ਰੈਸਕਿਊ ਜਾਰੀ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ ਹੈ। ਹਿਮਾਚਲ 'ਚ ਅੱਜ ਸਾਰੇ ਸਕੂਲ-ਕਾਲਜ ਬੰਦ ਕੀਤੇ ਗਏ ਹਨ। ਐਤਵਾਰ ਨੂੰ ਬਾਰਸ਼ ਕਾਰਨ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ 'ਚ ਘੱਟੋ-ਘੱਟ 28 ਲੋਕਾਂ ਦੇ ਮਰਨ, ਜਦੋਂ ਕਿ 22 ਹੋਰ ਦੇ ਲਾਪਤਾ ਹੋਣ ਦੀ ਖਬਰ ਹੈ। ਉੱਥੇ ਹੀ ਯਮੁਨਾ ਅਤੇ ਉਸ ਦੀਆਂ ਹੋਰ ਸਹਾਇਕ ਨਦੀਆਂ 'ਚ ਜਲ ਪੱਧਰ ਵਧਣ ਕਾਰਨ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ 'ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

1- ਦਿੱਲੀ 'ਚ ਵੀ ਐਤਵਾਰ ਨੂੰ ਬਾਰਸ਼ ਹੋਈ ਅਤੇ ਇੱਥੇ ਵਧ ਤੋਂ ਵਧ ਤਾਪਮਾਨ 29.7 ਡਿਗਰੀ ਸੈਲਸੀਅਸ, ਜਦੋਂ ਕਿ ਘੱਟੋ-ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਯਮੁਨਾ 'ਚ ਪਾਣੀ ਦਾ ਪੱਧਰ ਵਧਣ ਨਾਲ ਦਿੱਲੀ ਸਰਕਾਰ ਨੇ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਹੇਠਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ, ਕਿਉਂਕਿ ਯਮੁਨਾ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਦਾ ਖਦਸ਼ਾ ਹੈ। ਯਮੁਨਾ ਨਦੀ 'ਚ ਹਥਿਨੀ ਕੁੰਡ ਬੈਰਾਜ ਤੋਂ 8.14 ਲੱਖ ਕਿਊਸੇਕ ਪਾਣੀ ਛੱਡੇ ਜਾਣ ਤੋਂ ਬਾਅਦ ਹਰਿਆਣਆ ਨੇ ਫੌਜ ਨੂੰ ਤਿਆਰ ਰਹਿਣ ਦੀ ਅਪੀਲ ਕੀਤੀ ਹੈ।
2- ਹਿਮਾਚਲ ਪ੍ਰਦੇਸ਼ 'ਚ ਬਾਰਸ਼ ਨਾਲ ਹੋਣ ਵਾਲੀਆਂ ਘਟਨਾਵਾਂ 'ਚ 2 ਨੇਪਾਲੀ ਨਾਗਰਿਕ ਸਮੇਤ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 9 ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਰਾਜ 'ਚ ਕੁੱਲ 490 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਮੋਚਨ ਫੋਰਸ (ਐੱਨ.ਡੀ.ਆਰ.ਐੱਫ.) ਦੀ ਟੀਮਾਂ ਨੂੰ ਕਾਂਗੜਾ ਦੇ ਨੂਰਪੁਰ ਅਤੇ ਸੋਲਨ ਦੇ ਨਾਲਾਗੜ੍ਹ ਉਪਮੰਡਲਾਂ 'ਚ ਕਿਸੇ ਵੀ ਸਥਿਤੀ ਨਾਲ ਨਜਿੱਠਣ  ਲਈ ਬੁਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 9 ਵਿਅਕਤੀਆਂ ਦੀ ਮੌਤ ਸ਼ਿਮਲਾ 'ਚ ਜਦੋਂ ਕਿ ਸੋਲਨ 'ਚ ਪੰਜ, ਕੁੱਲੂ, ਸਿਰਮੌਰ ਅਤੇ ਚੰਬਾ 'ਚ 2-2 ਵਿਅਕਤੀਆਂ ਅਤੇ ਊਨਾ ਤੇ ਲਾਹੌਲ-ਸਪੀਤੀ ਜ਼ਿਲਿਆਂ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਰਾਜ 'ਚ ਜ਼ਮੀਨ ਖਿੱਸਕਣ ਦੀਆਂ ਕਈ ਘਟਨਾਵਾਂ ਕਾਰਨ ਕਈ ਰੇਲ ਮਾਰਗਾਂ 'ਚ ਰੁਕਾਵਟ ਪੈਦਾ ਹੋਣ  ਕਾਰਨ ਸ਼ਿਮਲਾ ਅਤੇ ਕਾਲਕਾ ਦਰਮਿਆਨ ਟਰੇਨ ਸੇਵਾਵਾਂ ਰੁਕ ਗਈਆਂ ਹਨ।
3- ਹਰਿਆਣਾ ਅਤੇ ਪੰਜਾਬ 'ਚ ਲਗਾਤਾਰ ਬਾਰਸ਼ ਹੋਣ ਨਾਲ ਕੁਝ ਇਲਾਕਿਆਂ 'ਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ। ਹਾਲਾਂਕਿ ਅਧਿਕਾਰੀਆਂ ਨੇ ਦੋਹਾਂ ਰਾਜਾਂ 'ਚ ਹਾਈ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਹੈ। ਪੰਜਾਬ ਦੇ ਇਕ ਪਿੰਡ 'ਚ ਬਾਰਸ਼ ਕਾਰਨ ਇਕ ਘਰ ਦੀ ਛੱਤ ਢਹਿਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਬਿਆਸ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ ਦੇ ਗੁਰਦਾਸਪੁਰ ਜ਼ਿਲੇ 'ਚ ਇਕ ਪਿੰਡ 'ਚ ਆਏ ਹੜ੍ਹ ਕਾਰਨ ਫਸੇ ਹੋਏ 11 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ 'ਚ ਚਾਰ ਔਰਤਾਂ ਵੀ ਸ਼ਾਮਲ ਸਨ।
4- ਉਤਰਾਖੰਡ ਦੇ ਜ਼ਿਆਦਾਤਰ ਸਥਾਨਾਂ 'ਤੇ ਪਿਛਲੇ 24 ਘੰਟਿਆਂ ਤੋਂ ਲਗਾਤਾਰ ਬਾਰਸ਼ ਹੋਣ ਕਾਰਨ ਕਈ ਜਗ੍ਹਾ ਬੱਦਲ ਫਟਣ ਅਤੇ ਜ਼ਮੀਨ ਖਿੱਸਕਣ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 22 ਹੋਰ ਲਾਪਤਾ ਹੋ ਗਏ। ਉਤਰਕਾਸ਼ਈ ਜ਼ਿਲੇ ਦੇ ਮੋਰੀ ਬਲਾਕ 'ਚ ਬੱਦਲ ਫਟਣ ਨਾਲ ਯਮੁਨਾ ਦੀਆਂ ਸਹਾਇਕ ਨਦੀਆਂ 'ਚ ਆਏ ਹੜ੍ਹ ਨੇ ਕਈ ਪਿੰਡਾਂ 'ਚ ਤਬਾਹੀ ਮਚਾਈ, ਜਿਸ ਨਾਲ ਆਰਾਕੋਟ, ਮਾਕੁੜੀ, ਮੋਲਡਾ, ਸਨੇਲ, ਟਿਕੋਚੀ ਅਤੇ ਦਿਵਚਾਨੂੰ 'ਚ ਕਈ ਮਕਾਨ ਢਹਿ ਗਏ।
5- ਕੇਂਦਰੀ ਜਲ ਕਮਿਸ਼ਨ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਗੰਗਾ, ਯਮੁਨਾ ਅਤੇ ਘਾਘਰਾ ਸਮੇਤ ਕਈ ਨਦੀਆਂ ਉਫਾਨ 'ਤੇ ਹਨ। ਬਦਾਊਂ, ਗੜ੍ਹਮੁਕਤੇਸ਼ਵਰ, ਨਰੌਰਾ ਅਤੇ ਫਰੂਖਾਬਾਦ 'ਚ ਗੰਗਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਸੇ ਤਰ੍ਹਾਂ ਪਲਿਆਕਲਾਂ 'ਚ ਸ਼ਾਰਦਾ ਨਦੀ ਅਤੇ ਐਲਗਿਨਬਰਿੱਜ 'ਚ ਘਾਘਰਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ।
6- ਰਾਜਸਥਾਨ 'ਚ ਹੁਣ ਹੜ੍ਹ ਦਾ ਪਾਣੀ ਘੱਟ ਰਿਹਾ ਹੈ ਅਤੇ ਰਾਜ 'ਚ ਹੜ੍ਹ ਵਰਗੀ ਕੋਈ ਸਥਿਤੀ ਨਹੀਂ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਰਾਜ 'ਚ 15 ਜੂਨ ਤੋਂ ਬਾਰਸ਼ ਨਾਲ ਹੋਣ ਵਾਲੀਆਂ ਘਟਨਾਵਾਂ 'ਚ 49 ਲੋਕਾਂ ਦੀ ਮੌਤ ਹੋ ਗਈ ਅਤੇ 500 ਲੋਕਾਂ ਨੂੰ ਬਾਰਸ਼ ਪ੍ਰਭਾਵਿਤ ਇਲਾਕਿਆਂ 'ਚੋਂ ਕੱਢਿਆ ਗਿਆ। 
7- ਪੱਛਮੀ ਬੰਗਾਲ 'ਚ ਸ਼ਹਿਰੀ ਇਲਾਕਿਆਂ ਖਾਸ ਕਰ ਕੇ ਦੱਖਣੀ ਬੰਗਾਲ ਦੇ ਜ਼ਿਆਦਾਤਰ ਹਿੱਸਿਆਂ 'ਚ ਬਾਰਸ਼ ਤੋਂ ਬਾਅਦ ਹੁਣ ਸਥਿਤੀ 'ਚ ਸੁਧਾਰ ਹੋ ਰਿਹਾ ਹੈ।
8- ਚੇਨਈ ਅਤੇ ਇਸ ਦੇ ਨੇੜਲੇ ਕਈ ਹਿੱਸਿਆਂ 'ਚ ਬਾਰਸ਼ ਹੋਈ। ਮੌਸਮ ਵਿਭਾਗ ਨੇ ਉੱਥੇ ਅਗਲੇ 2 ਦਿਨਾਂ 'ਚ ਬਾਰਸ਼ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
9- ਕਰਨਾਟਕ 'ਚ ਬਾਰਸ਼ ਸੰਬੰਧਤ ਘਟਨਾਵਾਂ 'ਚ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 76 ਹੋ ਗਈ। ਇੱਥੇ 10 ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਦੋਂ ਕਿ 10 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨ ੇਦੱਸਿਆ ਕਿ ਰਾਹਤ ਅਤੇ ਮੁੜ ਵਸੇਬੇ ਦਾ ਕੰਮ ਜਾਰੀ ਹੈ। ਰਾਜ ਦੇ ਉੱਤਰੀ, ਤੱਟੀਏ ਅਤੇ ਮਲਨਾਡ ਖੇਤਰ ਬਾਰਸ਼, ਹੜ੍ਹ ਅਤੇ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
9- ਮਹਾਰਾਸ਼ਟਰ ਦੇ ਪੁਣੇ ਮੰਡਲ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ 56 ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਗਸਤ ਦੇ ਦੂਜੇ ਹਫ਼ਤੇ ਆਏ ਹੜ੍ਹ ਕਾਰਨ ਸਾਂਗਲੀ ਅਤੇ ਕੋਲਹਾਪੁਰ ਪ੍ਰਸ਼ਾਸਨਿਕ ਮੰਡਲ ਦੇ ਅਧੀਨ ਪੈਣ ਵਾਲੇ 5 ਜ਼ਿਲੇ ਅਤੇ ਸੋਲਾਪੁਰ, ਪੁਣੇ ਤੇ ਸਤਾਰਾ ਬਲਾਕ ਦੇ ਹੋਰ ਜ਼ਿਲੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
10- ਦੱਖਣੀ ਭਾਰਤ ਦੇ ਕੇਰਲ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 121 ਹੋ ਗਈ ਹੈ। ਮਲਪੁਰਮ ਦੇ ਕਾਵਲਪਾਰਾ ਅਤੇ ਵਾਇਨਾਡ ਦੇ ਪੁਥੁਮਲਾ 'ਚ ਲਾਸ਼ਾਂ ਦਾ ਪਤਾ ਲਗਾਉਣ ਲਈ ਗਰਾਊਂਡ ਪੇਨਿਟ੍ਰੇਟਿੰਗ ਰਡਾਰ (ਜੀ.ਪੀ.ਆਰ.) ਦੀ ਵਰਤੋਂ ਕੀਤੀ ਜਾ ਰਹੀ ਹੈ, ਜਿੱਥੇ ਜ਼ਮੀਨ ਖਿੱਸਕਣ ਕਾਰਨ 2 ਪਿੰਡਾਂ ਦਾ ਨਾਮੋ-ਨਿਸ਼ਾਨਾ ਮਿਟ ਗਿਆ ਸੀ।

DIsha

This news is Content Editor DIsha