ਹਿਮਾਚਲੀ ਵਿਦਿਆਰਥਣ ਦੀ 'ਪੰਜਾਬੀ ਪਾਠਸ਼ਾਲਾ' (ਵੀਡੀਓ)

02/05/2019 6:27:19 PM

ਜਲੰਧਰ (ਸੋਨੂੰ)— ਤੁਸੀਂ ਕਈ ਤਰ੍ਹਾਂ ਦੀਆਂ ਪਾਠਸ਼ਲਾਵਾਂ ਦੇਖੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਦਰੱਖਤ ਵਾਲੀ ਵੱਖਰੀ ਹੀ ਪਾਠਸ਼ਾਲਾ ਬਾਰੇ ਦੱਸਣ ਜਾ ਰਹੇ ਹਾਂ। ਇਸ ਪਾਠਸ਼ਾਲਾ 'ਚ ਨਾ ਤਾਂ ਦਾਖਲਾ ਫੀਸ ਲੱਗਦੀ ਹੈ ਅਤੇ ਨਾ ਹੀ ਕੋਈ ਟਿਊਸ਼ਨ ਫੀਸ ਲੱਗਦੀ ਹੈ। ਬੱਸ ਇਨ੍ਹਾਂ ਮਾਸੂਮਾਂ ਦੀ ਮੁਸਕੁਰਾਹਟ ਹੀ ਅਧਿਆਪਕਾਂ ਦਾ ਮਿਹਨਤਾਨਾ ਲੱਗਦਾ ਹੈ। ਇਹ ਅਨੋਖੀ ਪਾਠਸ਼ਾਲਾ ਜਲੰਧਰ ਦੇ ਲਾਡੋਵਾਲੀ 'ਚ ਬਣਾਈ ਗਈ ਹੈ, ਜਿਸ ਨੂੰ ਕਾਲਜ 'ਚ ਪੜ੍ਹਨ ਵਾਲੇ ਕੁਝ ਨੌਜਵਾਨ ਅਤੇ ਕੁਝ ਲੜਕੀਆਂ ਮਿਲ ਕੇ ਚਲਾ ਰਹੇ ਹਨ ਅਤੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ। ਦਰਅਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਦੇ ਕੁਝ ਵਿਦਿਆਰਥੀਆਂ ਨੇ ਇਨ੍ਹਾਂ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦਾ ਬੀੜਾ ਚੁੱਕਿਆ ਹੈ। ਇਸ ਸਕੂਲ ਦੀ ਸ਼ੁਰੂਆਤ ਕੀਤੀ ਐੱਮ. ਸੀ. ਏ. ਦੀ ਵਿਦਿਆਰਥਣ ਸ਼ਿਵਾਂਗੀ ਨੇ ਕੀਤੀ। ਪਹਿਲਾਂ ਦੋ, ਫਿਰ ਪੰਜ ਅਤੇ ਹੌਲੀ-ਹੌਲੀ ਕਰੀਬ 30 ਬੱਚੇ ਇਸ ਸਕੂਲ ਦਾ ਹਿੱਸਾ ਬਣੇ। 

ਹਿਮਾਚਲ ਤੋਂ ਇਥੇ ਪੜ੍ਹਾਈ ਕਰਨ ਆਈ ਸ਼ਿਵਾਂਗੀ ਨੇ ਇਸ ਸੇਵਾ ਭਾਵਨਾ ਨੂੰ ਆਪਣੇ ਮਾਪਿਆਂ ਦੀ ਪ੍ਰੇਰਣਾ ਅਤੇ ਸਿੱਖਿਆ ਦੱਸਿਆ, ਜਿਨ੍ਹਾਂ ਦੇ ਸਦਕਾ ਉਹ ਅੱਜ ਇਨ੍ਹਾਂ ਬੱਚਿਆਂ ਦਾ ਭਵਿੱਖ ਸੰਵਾਰਨ 'ਚ ਲੱਗੀ ਹੈ। ਸ਼ਿਵਾਂਗੀ ਨੂੰ ਜਦੋਂ ਕਾਲਜ ਤੋਂ ਛੁੱਟੀ ਹੁੰਦੀ ਹੈ ਤਾਂ ਉਹ ਕਾਲਜ ਕੈਂਪਸ ਦੇ ਹੋਸਟਲ ਜਾਣ ਦੀ ਬਜਾਏ ਕੈਂਪਸ ਦੇ ਨੇੜੇ ਹੀ ਲੋੜਵੰਦ ਬੱਚਿਆਂ ਨੂੰ ਫਰੀ 'ਚ ਟਿਊਸ਼ਨ ਪੜ੍ਹਾਉਂਦੀ ਹੈ ਅਤੇ ਇਸ ਕੰਮ 'ਚ ਉਸ ਦਾ ਸਾਥ ਉਸ ਦੇ ਦੋਸਤ ਦੇ ਰਹੇ ਹਨ। ਸ਼ਿਵਾਂਗੀ ਨੂੰ ਕਈ ਵਾਰ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਡਰੀ ਨਹੀਂ ਸਗੋਂ ਅੱਗੇ ਵੱਧਦੀ ਰਹੀ। 

ਬੱਚਿਆਂ ਨੂੰ ਪੜ੍ਹਾਉਣ ਲਈ ਇੰਝ ਕੀਤੀ ਸ਼ੁਰੂਆਤ 
ਸ਼ਿਵਾਂਗੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਕ ਦਿਨ ਉਹ ਕਾਲਜ ਕੈਂਪਸ ਦੀ ਗਰਾਊਂਡ 'ਚ ਬੈਠੀ ਸੀ ਕਿ ਇਸੇ ਦੌਰਾਨ ਛੋਟੇ-ਛੋਟੇ ਬੱਚੇ ਦੇਖੇ। ਇਨ੍ਹਾਂ ਬੱਚਿਆਂ ਨੇ ਨਾ ਤਾਂ ਸਾਫ ਸੁੱਥਰੇ ਕੱਪੜੇ ਪਹਿਨੇ ਸਨ ਅਤੇ ਨਾ ਹੀ ਪੈਰਾਂ 'ਚ ਚੱਪਲਾਂ ਪਾਈਆਂ ਸਨ। ਜਦੋਂ ਉਸ ਨੇ ਬੱਚਿਆਂ ਨੂੰ ਪੁੱਛਿਆ ਕਿ ਪੜ੍ਹਨ ਲਈ ਜਾਂਦੇ ਹੋ ਤਾਂ ਬੱਚਿਆਂ ਨੇ ਹਾਂ 'ਚ ਜਵਾਬ ਦਿੱਤਾ। ਇਨ੍ਹਾਂ ਬੱਚਿਆਂ ਨੂੰ ਦੇਖ ਕੇ ਹੀ ਸ਼ਿਵਾਂਗੀ ਨੇ ਬੱਚਿਆਂ ਨੂੰ ਪੜ੍ਹਾਉਣ ਦਾ ਫੈਸਲਾ ਕਰ ਲਿਆ। ਸ਼ਿਵਾਂਗੀ ਨੇ ਅੱਗੇ ਦੱਸਿਆ ਕਿ ਸ਼ੁਰੂਆਤ 'ਚ ਉਸ ਨੇ ਬੱਚਿਆਂ ਦੇ ਘਰ ਜਾ ਕੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਤਾਂ ਸਿਰਫ ਚਾਰ ਤੋਂ 5 ਬੱਚੇ ਹੀ ਪੜ੍ਹਨ ਲਈ ਆਉਣ ਲੱਗੇ। ਹੌਲੀ-ਹੌਲੀ ਬੱਚਿਆਂ ਦੀ ਗਿਣਤੀ ਵੱਧਣ ਲੱਗੀ ਅਤੇ ਇਹ ਗਿਣਤੀ 30 ਦੇ ਕਰੀਬ ਪਹੁੰਚ ਗਈ। ਦਰੱਖਤ ਹੇਠਾਂ ਲੱਗੀ ਪਾਠਸ਼ਾਲਾ ਨੂੰ ਜਦੋਂ ਲੋਕ ਦੇਖਦੇ ਹਨ ਤਾਂ ਉਹ ਬੱਚਿਆਂ ਦੀ ਮਦਦ ਲਈ ਕੁਝ ਜ਼ਰੂਰੀ ਚੀਜ਼ਾਂ ਦੇ ਜਾਂਦੇ ਹਨ। 

ਸ਼ਿਵਾਂਗੀ ਅਤੇ ਉਸ ਦੇ ਦੋਸਤਾਂ ਨੇ ਮਿਲ ਕੇ ਇਸ ਪਾਠਸ਼ਾਲਾ ਦਾ ਨਾਂ ਅੰਕੁਰ ਰੱਖਿਆ ਹੈ। ਇਸ ਨਾਂ ਨੂੰ ਰੱਖਣ ਦੇ ਮਕਸਦ ਬਾਰੇ ਦੱਸਦੇ ਹੋਏ ਰਾਗਿਨੀ ਸ਼ਰਮਾ ਨੇ ਕਿਹਾ ਕਿ ਬੀਜ ਤੋਂ ਹੀ ਬੂਟਾ ਬਣਦਾ ਹੈ ਅਤੇ ਇਹ ਬੱਚੇ ਵੀ ਇਕ ਬੀਜ ਵਾਂਗ ਹਨ, ਜਿਨ੍ਹਾਂ ਨੂੰ ਅੱਗੇ ਵਧਾਉਣ ਅਤੇ ਚੰਗਾ ਭਵਿੱਖ ਦੇਣ ਲਈ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ। ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਡਰਾਇੰਗ, ਗੇਮਸ ਅਤੇ ਨਵੀਂਆਂ-ਨਵੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਹਨ। ਸ਼ਿਵਾਂਗੀ ਦੇ ਦੋਸਤਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪੜ੍ਹਾਉਂਦੇ-ਪੜ੍ਹਾਉਂਦੇ ਉਹ ਉਨ੍ਹਾਂ ਦੇ ਨਾਲ ਘੁੱਲ-ਮਿਲ ਗਏ ਹਨ। ਦੱਸ ਦੇਈਏ ਕਿ ਸ਼ਿਵਾਂਗੀ ਅਤੇ ਉਸ ਦੇ ਦੋਸਤਾਂ ਵੱਲੋਂ ਚੁੱਕਿਆ ਗਿਆ ਇਹ ਕਦਮ ਸਚਮੁੱਚ ਤਾਰੀਫ ਜੇ ਕਾਬਿਲ ਹੈ। ਦੂਜਿਆਂ ਦੇ ਕੰਮ ਆਉਣ ਵਾਲੇ ਅਜਿਹੇ ਨੌਜਵਾਨ ਹੀ ਕੱਲ ਦੇ ਸਮਾਜ ਸੇਵੀ ਹਨ, ਜੋ ਦੇਸ਼ ਨੂੰ ਸਹੀ ਦਿਸ਼ਾ 'ਚ ਲਿਜਾਣ ਦੀ ਤਾਕਤ ਰੱਖਦੇ ਹਨ।

shivani attri

This news is Content Editor shivani attri