ਸੈਲਾਨੀਆਂ ਨੂੰ ਤੋਹਫਾ, ਹੁਣ ਬੈਜਨਾਥ ਜਾਣ ਲਈ ਲੱਗੇਗਾ ਸਿਰਫ 5 ਘੰਟੇ ਦਾ ਸਮਾਂ

02/07/2019 12:50:32 PM

ਪਠਾਨਕੋਟ (ਧਰਮਿੰਦਰ ਠਾਕੁਰ)— ਕੇਂਦਰ ਸਰਕਾਰ ਵਲੋਂ ਹਿਮਾਚਲ ਜਾਣ ਵਾਲੇ ਸੈਲਾਨੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਗਿਆ ਹੈ। ਦਰਅਸਲ ਰੇਲ ਮੰਤਰਾਲੇ ਵੱਲੋਂ ਪਠਾਨਕੋਟ ਤੋਂ ਬੈਜਨਾਥ ਪਪਰੋਲਾ ਲਈ ਸਪੈਸ਼ਲ ਟਰੇਨ ਚਲਾਈ ਗਈ ਹੈ ਜੋ ਕਿ 9 ਘੰਟਿਆਂ ਦਾ ਸਫਰ ਹੁਣ ਸਿਰਫ 5 ਘੰਟਿਆਂ ਵਿਚ ਪੂਰਾ ਕਰੇਗੀ। ਅੱਜ ਪਹਿਲੇ ਦਿਨ ਇਹ ਟਰੇਨ ਪਠਾਨਕੋਟ ਤੋਂ ਬੈਜਨਾਥ ਪਪਰੋਲਾ ਲਈ ਰਵਾਨਾ ਹੋਈ। ਇਸ ਦਾ ਫਾਇਦਾ ਵਪਾਰੀਆਂ ਅਤੇ ਰੋਜ਼ ਇਸ ਟਰੇਨ ਵਿਚ ਸਫਰ ਕਰਨ ਵਾਲਿਆਂ ਨੂੰ ਮਿਲੇਗਾ। ਇਸ ਤੋਂ ਇਲਾਵਾ ਬਾਹਰੀ ਸੂਬਿਆਂ ਤੋਂ ਹਿਮਾਚਲ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸੈਲਾਨੀਆਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਇਹ ਟਰੇਨ ਸਵੇਰੇ 9 ਵੱਜ ਕੇ 20 ਮਿੰਟ 'ਤੇ ਪਠਾਨਕੋਟ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ ਨੂੰ 4 ਵੱਜ ਕੇ 20 ਮਿੰਟ 'ਤੇ ਉਧਰੋਂ ਚੱਲੇਗੀ। ਸੈਲਾਨੀਆਂ ਅਤੇ ਇਸ ਟਰੇਨ ਵਿਚ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਵਿਚ ਭਾਰੀ ਉਤਾਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਯਾਤਰੀਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਐਕਸਪ੍ਰੈੱਸ ਟਰੇਨ ਵਿਚ 4 ਡੱਬੇ ਜੋੜੇ ਗਏ ਹਨ। ਇਸ ਤੋਂ ਇਲਾਵਾ ਫ੍ਰੀ ਵਾਈ-ਫਾਈ ਦੀ ਸੁਵਿਧਾ ਵੀ ਦਿੱਤੀ ਗਈ ਹੈ ਤਾਂ ਕਿ ਉਹ ਹਿਮਾਚਲ ਦੀਆਂ ਵਾਦੀਆਂ ਵਿਚ ਜਿੱਥੇ ਤੇਜ਼ ਰਫਤਾਰ ਦਾ ਮਜ਼ਾ ਲੈਣਗੇ ਉਥੇ ਹੀ ਨੈੱਟ 'ਤੇ ਉਸ ਇਲਾਕੇ ਦੀ ਜਾਣਕਾਰੀ ਵੀ ਹਾਸਲ ਕਰ ਸਕਣਗੇ। ਇਸ ਬਾਰੇ ਵਿਚ ਬਾਹਰੋਂ ਆਏ ਸੈਲਾਨੀਆਂ ਅਤੇ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਨੇ ਕਿਹਾ ਕਿ ਇਹ ਬਹੁਤ ਵੱਡੀ ਕੋਸ਼ਿਸ਼ ਹੈ। ਇਸ ਨਾਲ ਜਿੱਥੇ ਸਫਰ ਘੱਟ ਹੋਵੇਗਾ ਉਥੇ ਹੀ ਵਪਾਰ ਵਿਚ ਵੀ ਵਾਧਾ ਹੋਵੇਗਾ। ਇਸ ਟਰੇਨ ਨੂੰ ਅੱਜ ਪਹਿਲੇ ਦਿਨ ਲਿਜਾਣ ਵਾਲੇ ਲੋਕੋ ਪਾਇਲਟ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਨੂੰ ਪਹਿਲੇ ਦਿਨ ਚਲਾ ਕੇ ਇਸ ਦਾ ਉਦਘਾਟਨ ਕਰ ਰਿਹਾ ਹਾਂ। ਇਹ ਟਰੇਨ 145 ਕਿਲੋਮੀਟਰ ਦਾ ਸਫਰ ਹੁਣ 4 ਤੋਂ 5 ਘੰਟੇ ਵਿਚ ਪੂਰਾ ਕਰੇਗੀ।

cherry

This news is Content Editor cherry