1947 ਹਿਜਰਤਨਾਮਾ 5 : ਕਰਨਲ ਅਜੀਤ ਸਿੰਘ ਮਾਲੜੀ

04/24/2020 11:46:20 AM

ਦੂਜੀ ਸੰਸਾਰ ਜੰਗ ਦੇ ਇਕ ਜ਼ਿੰਦਾ ਸਿਪਾਹੀ ਨਾਲ ਮੁਲਾਕਾਤ

ਸਤਵੀਰ ਸਿੰਘ ਚਾਨੀਆਂ 
92569-73526     

" ਮੈਂ ਕਰਨਲ ਅਜੀਤ ਸਿੰਘ ਪੁੱਤਰ ਸ. ਬਿਸ਼ਨ ਸਿੰਘ ਪੁੱਤਰ ਸ. ਬੂਟਾ ਸਿੰਘ ਸੰਧੂ ਹਾਲ ਆਬਾਦ ਪਿੰਡ ਮਾਲੜੀ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਤੋਂ ਬੋਲ ਰਿਹੈ। ਵੈਸੇ ਸਾਡਾ ਜੱਦੀ ਪਿੰਡ ਸਰੀਂਹ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਹੈ। ਕਰੀਬ 1880 ਦੇ ਜਦ ਬਾਰ ਖੁੱਲ੍ਹੀ ਤਾਂ ਮੇਰੇ ਬਾਬਾ ਸ. ਬੂਟਾ ਸਿੰਘ ਮੁਰੱਬਾ ਅਲਾਟ ਹੋਣ ’ਤੇ ਨਵਾਂ ਸਰੀਂਹ ਚੱਕ 96 ਗੋਗੇਰਾ ਬਰਾਂਚ, ਤਹਿਸੀਲ ਜੜਾਂਵਾਲਾ ਜ਼ਿਲਾ ਲਾਇਲਪੁਰ ਜਾ ਆਬਾਦ ਹੋਏ। ਰਾਵੀ ਦਰਿਆ ਬੱਲੋ ਕੀ ਹੈੱਡ ਤੋਂ ਲੋਅਰ ਬਾਰੀ ਦੁਆਬ ਤਹਿਤ ਤਿੰਨ ਨਹਿਰਾਂ ਨਿਕਲਦੀਆਂ ਹਨ। ਗੋਗੇਰਾ ਬਰਾਂਚ, ਰੱਖ ਬਰਾਂਚ ਅਤੇ ਝੰਗ ਬਰਾਂਚ। ਸਾਡਾ ਨਵਾਂ ਸਰੀਂਹ ਗੋਗੇਰਾ ਬਰਾਂਚ ਤੇ ਜਦਕਿ ਖੁਰੜਿਆਂ ਵਾਲਾ ਸ਼ੰਕਰ ਝੰਗ ਬਰਾਂਚ ’ਤੇ ਪੈਂਦਾ ਸੀ। ਦਾਊਆਣਾ ਸ਼ੰਕਰ ਚੱਕ 94 ਕਹਾਉਂਦਾ ਸੀ। ਨਵਾਂ ਸਰੀਂਹ ਵਿਚ ਕੋਹ ਸਭ ਤੋਂ ਪਹਿਲਾਂ ਸਾਡੇ ਬਾਬਾ ਜੀ ਨੇ ਹੀ ਲਵਾਇਆ। ਮੇਰੇ ਪਿਤਾ ਜੀ ਬਿਸ਼ਨ ਸਿੰਘ ਅਤੇ ਚਾਚਾ ਕਿਸ਼ਨ ਸਿੰਘ ਦਾ ਜਨਮ ਬਾਰ ਦਾ ਹੈ। ਅੱਗੋਂ ਅਸੀਂ ਦੋ ਭਾਈ ਹੋਏ ਹਾਂ। ਮੇਰਾ ਵੱਡਾ ਭਾਈ ਪਰੇਮ ਸਿੰਘ ਮੈਥੋਂ 10 ਸਾਲ ਵੱਡਾ ਸੀ। ਮੇਰਾ ਜਨਮ ਓਧਰ ਹੀ 03-07-1924 ਦਾ ਹੈ। ਉਧਰ ਪਿੰਡੋਂ ਹੀ ਚੌਥੀ ਜਮਾਤ, ਕੰਗ ਚੱਕ 97 ਜੀ.ਬੀ ਤੋਂ ਮਿਡਲ ਪਾਸ ਕੀਤੀ। ਉਪਰੰਤ ਪਿਤਾ ਜੀ ਨਨਕਾਣਾ ਸਾਹਿਬ 9ਵੀਂ ਵਿਚ ਦਾਖਲ ਕਰਵਾ ਆਏ।

ਕਹਿੰਦੇ ਨਾਲੇ ਤੇਰੀ ਫੀਸ ਦੇ ਆਇਆ ਕਰੂੰ ਤੇ ਨਾਲੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਆਇਆ ਕਰੂੰ। ਸਾਡੇ ਪਿੰਡੋਂ ਨਨਕਾਣਾ ਸਾਹਿਬ ਕੋਈ 18 ਮੀਲ ਦੂਰ ਸੀ। ਕੁਝ ਸਮਾਂ ਤਾਂ ਮੈਂ ਸਾਈਕਲ ’ਤੇ ਆਉਂਦਾ ਜਾਂਦਾ ਰਿਹਾ ਪਰ ਸਫਰ ਲੰਬਾ ਹੋਣ ਕਰਕੇ ਉਥੇ ਹੋਸਟਲ ’ਚ ਹੀ ਰਹਿਣ ਲੱਗ ਪਿਆ। ਤਦੋਂ ਹੋਸਟਲ ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਹੀ ਸੀ। ਹੋਸਟਲ ਦੇ ਇੰਚਾਰਜ /ਸੁਪਰਡੈਂਟ ਤਦੋਂ ਸ. ਆਤਮਾ ਸਿੰਘ (ਪਿਛਿਓਂ ਸੁਲਤਾਨ ਪੁਰ ਲੋਧੀ) ਹੁੰਦੇ ਸਨ, ਜੋ ਬਾਅਦ ਵਿਚ ਇਧਰ ਬਾਦਲ ਸਰਕਾਰ ਵਿਚ ਵਿਕਾਸ ਅਤੇ ਸਿੱਖਿਆ ਮੰਤਰੀ ਰਹੇ। ਪੜ੍ਹਨ ’ਚ ਮੈਂ ਚੰਗਾ ਸਾਂ। ਮਾਰਚ 1940 ਵਿਚ 10ਵੀਂ ਕਲਾਸ ਨਨਕਾਣਾ ਸਾਹਿਬ ਬਲਾਕ ’ਚੋਂ ਦੂਜੇ ਨੰ. ’ਤੇ ਰਹਿ ਕੇ ਪਾਸ ਕਰ ਲਈ। ਪ੍ਰਾਇਮਰੀ ਸਕੂਲ ਵਿਚ ਮੇਰੇ ਮਾਸਟਰ ਇਕ 99ਵੇਂ ਚੱਕ ਦਾ ਤੇ ਦੂਜਾ ਸ. ਊਧਮ ਸਿੰਘ 98ਵੇਂ ਚੱਕ ਜਮਸ਼ੇਰ ਦਾ ਸੀ। ਮਿਡਲ ਸਕੂਲ ਵਿਚ ਹੈੱਡਮਾਸਟਰ ਸ. ਨਿਰੰਜਨ ਸਿੰਘ, ਸ.ਜਸਵੰਤ ਸਿੰਘ BA.BT. ਅਤੇ ਇਕ ਹੋਰ ਮੌਲਵੀ ਸਹਿਬ ਹੁੰਦੇ ਸਨ। ਇਕ ਹੋਰ ਮਾਸਟਰ ਜੀ ਕਿਸ਼ਨ ਸਿੰਘ 97 ਚੱਕ GB ਦੇ ਸਨ। ਉਨ੍ਹਾਂ ਦਾ ਇਧਰ ਪਿੰਡ ਆਦਮਪੁਰ ਤੋਂ ਅੱਗੇ ਹੁਸ਼ਿਆਰਪੁਰ ਨਜਦੀਕ ਸੀ। ਦੋ ਭਰਾ ਸਨ, ਉਹ। ਅਤੇ ਉਹ ਦੋਹੇਂ ਹੀ ਮਾਸਟਰੀ ਕਰਦੇ ਸਨ। ਕਿਸ਼ਨ ਸਿੰਘ ਵੀ ਬਾਅਦ 'ਚ ਫੌਜ ਵਿਚ ਜਮਾਂਦਾਰ ਭਰਤੀ ਹੋਏ। ਉਹ ਇਧਰ ਸਮੇਤ ਪਰਿਵਾਰ ਮੇਰੀਆਂ ਬੇਟੀਆਂ ਦੀ ਸ਼ਾਦੀ ’ਤੇ ਵੀ ਆਉਂਦੇ ਰਹੇ ਹਨ। ਜਦ ਮੈਂ ਨਨਕਾਣਾ ਸਾਹਿਬ ਸਕੂਲ ਪਾਸ ਕੀਤਾ ਤਾਂ ਘਰ ਦਿਆਂ ਸਲਾਹ ਬਣਾਈ ਕਿ ਮੈਨੂੰ ਲਾਇਲਪੁਰ ਖਾਲਸਾ ਕਾਲਜ ਦਾਖਲ ਕਰਾ ਦਿੱਤਾ ਜਾਏ। ਮੇਰੇ ਨਨਕਾਣਾ ਸਾਹਿਬ ਸਕੂਲ ਦੇ ਮਾਸਟਰ ਸ. ਅਜੀਤ ਸਿੰਘ, ਜੋ ਪਿੱਛਿਓਂ ਬੜਾ ਪਿੰਡ-ਗੁਰਾਇਆਂ ਦਾ ਸੀ, ਮੇਰੇ ਪਿਤਾ ਜੀ ਨੂੰ ਕਹਿ ਓਸ ਕਿ ਮੁੰਡਾ ਪੜ੍ਹਨ ਵਾਲਾ ਹੈ, ਇਸ ਨੂੰ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਦਾਖਲ ਕਰਾਓ ।

ਅਖੇ ਫੀਸ ਵੀ ਘਟਾ ਦੇਵਾਂਗੇ। ਦਰਅਸਲ ਉਥੇ ਅਜੀਤ ਸਿੰਘ ਦੇ ਬੜੇ ਪਿੰਡੋਂ ਹੀ ਇਕ ਮੈਥ ਦੇ ਪ੍ਰੋਫੈਸਰ ਸ. ਜਗਜੀਤ ਸਿੰਘ ਸਨ। (ਉਹ ਤਰੰਨਮ ਵਿਚ ਹੀਰ ਗਾਉਣ ਦੇ ਬਹੁਤ ਸ਼ੌਕੀਨ ਸਨ। ਇਸ ਲਈ ਮੁੰਡੇ ਉਨ੍ਹਾਂ ਨੂੰ ਰਾਂਝਾ ਕਿਹਾ ਕਰਦੇ ਸਨ)। ਮੇਰੇ ਪਿਤਾ ਜੀ ਤਾਂ ਹਾਮੀ ਨਹੀਂ ਭਰਦੇ ਸਨ ਪਰ ਦਾਦੀ ਜੀ ਦੇ ਜ਼ੋਰ ’ਤੇ ਮੇਰੇ ਲਾਹੌਰ ਦਾਖਲੇ ਦੀ ਸਲਾਹ ਬਣ ਗਈ। ਮਾਸਟਰ ਅਜੀਤ ਸਿੰਘ ਜੀ ਵਲੋਂ ਪ੍ਰੋਫੈਸਰ ਜਗਜੀਤ ਸਿੰਘ ਜੀ ਦੇ ਨਾਮਪੁਰ ਸਿਫਾਰਸ਼ੀ ਚਿਠੀ ਲੈ ਕੇ ਅਸੀਂ ਲਾਹੌਰ ਕਾਲਜ ਦਾਖਲਾ ਲੈ ਲਿਆ। ਕੁੱਲ ਫੀਸ 15 ਰੁ: ਸੀ ਤੇ ਇਸ ’ਚੋਂ ਮੇਰੇ 5 ਰੁ:ਮੁਆਫ ਹੋ ਗਏ । ਸਿੱਖ ਨੈਸ਼ਨਲ ਕਾਲਜ ਲਾਹੌਰ ਉਸ ਵਕਤ ਕੁਝ ਕੁ ਸਾਲ ਹੀ ਪਹਿਲਾਂ ਨਵਾਂ-ਨਵਾਂ ਸ਼ੁਰੂ ਹੋਇਆ ਸੀ।

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ 4 : ਥਮਾਲੀ ਪਿੰਡ ਦਾ ਸਾਕਾ

ਪੜ੍ਹੋ ਇਹ ਵੀ ਖਬਰ - ਹੁਣ 'ਆਕਾਸ਼ ਦੀ ਗੰਗਾ' ਅਤੇ 'ਧਰਤੀ ਦੀ ਗੰਗਾ' ਦੋਵੇਂ ਨਜ਼ਰ ਆਉਂਦੀਆਂ ਹਨ ! 

ਪੜ੍ਹੋ ਇਹ ਵੀ ਖਬਰ - ਅਸਗ਼ਰ ਵਜਾਹਤ ਦੀ ਤਨਜ਼ ਸੁਣੋ, ਜ਼ਿੰਦਗੀ ਵਿਚ ਕੰਮ ਆਵੇਗੀ

ਇਸ ਦੀ ਵਜ੍ਹਾ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਪ੍ਰੋਫੈਸਰਾਂ ਦਾ ਕਮੇਟੀ ਨਾਲ ਹੋਇਆ ਇਕ ਝਗੜਾ ਸੀ। ਤਦੋਂ ਉਥੇ ਇਕ ਅੰਗਰੇਜ਼ ਅਫਸਰ ਮਿਸਟਰ ਬਾਦਨ, ਜੋ ਕੇਸ ਦਾੜੀ ਰੱਖ ਕੇ ਦਸਤਾਰ ਸਜਾਇਆ ਕਰਦਾ ਸੀ, ਉਸ ਵਕਤ ਉਹ ਕਾਲਜ ਦੇ ਪ੍ਰਿੰਸੀਪਲ ਸਨ, ਇਸ ਝਗੜੇ ਵਿਚ ਸ਼ੁਮਾਰ ਸੀ। ਉਪਰੰਤ ਨਾਰਾਜ਼ ਪ੍ਰੋਫੈਸਰਾਂ ਨੇ ਲਾਹੌਰ ਆ ਕੇ ਸਿੱਖ ਨੈਸ਼ਨਲ ਕਾਲਜ ਸ਼ੁਰੂ ਕੀਤਾ। ਮਾਸਟਰ ਤਾਰਾ ਸਿੰਘ ਜੀ ਦਾ ਸਕਾ ਭਰਾ, ਸ. ਨਿਰੰਜਨ ਸਿੰਘ ਪਹਿਲਾ ਪ੍ਰਿੰਸੀਪਲ ਬਣਿਆਂ। ਕਾਲਜ ਖੋਲ੍ਹਣ ਲਈ ਜ਼ਮੀਨ ਅਤੇ ਮਦਦ ਅੰਬਾਲਾ ਸ਼ਹਿਰ ਦੇ ਇਕ ਰਈਸ ਸਰਦਾਰ ਨੇ ਦਿੱਤੀ, ਜਿਸ ਦੇ ਟਾਟਾ ਕੰਪਨੀ ਵਿਚ ਸ਼ੇਅਰ ਸਨ। ਤਦੋਂ ਉਥੇ ਕਾਲਜ ਵਿਚ ਪੇਂਡੂ ਸਿੱਖ ਵਿਦਿਆਰਥੀਆਂ ਦਾ ਹੀ ਦਬਦਬਾ ਸੀ।

ਮੇਰੇ ਪਿੰਡ ਤੋਂ ਸਟੇਸ਼ਨ ਕੋਟ ਕਿਸ਼ਨ 4 ਮੀਲ ਅਤੇ ਸਟੇਸ਼ਨ ਤੋਂ ਲਾਹੌਰ 60 ਮੀਲ ਸੀ। ਕਾਲਜ ਦਾ ਕੁਲ ਖਰਚ ਸਮੇਤ ਹੋਸਟਲ 45 ਰੁ: ਮਹੀਨਾ ਸੀ। ਮੈਂ ਹਰ ਮਹੀਨੇ ਪਿੰਡ ਮੰਥਲੀ ਖਰਚਾ ਲੈਣ ਲਈ ਜਾਇਆ ਕਰਦਾ ਸਾਂ। ਮੇਰੇ ਪਿਤਾ ਜੀ ਕੁਝ ਖੁਸ਼ਕ ਦੇ ਮਿਜਾਜ ਸਨ। ਜਦ ਮੈਂ ਕੋਟ ਕਿਸ਼ਨੋਂ ਗੱਡੀ ਉਤਰ ਕੇ ਪਿੰਡ ਜਾਣਾ ਤਾਂ ਰਸਤੇ ਵਿਚ ਹੀ ਸਾਡੇ ਖੇਤ ਪੈਂਦੇ ਸਨ, ਉਥੇ ਪਿਤਾ ਜੀ ਨੇ ਕੰਮ ਕਰਦੇ ਹੋਣਾ ਤਾਂ ਉਨ੍ਹਾਂ ਮੈਨੂੰ ਦੇਖ ਕੇ ਮਾਯੂਸ ਹੁੰਦਿਆਂ ਕਹਿਣਾ ," ਹੈਂ ਇਕ ਮਹੀਨਾ ਹੋਂ ਵੀ ਗਿਐ? " ਫਿਰ ਮੇਰੇ ਵੱਡੇ ਭਰਾ ਨੂੰ ਕਹਿਣਾ ਚਲੋ ਬਈ ਓ ਮੁੰਡਿਓ ਕਣਕ ਦਾ ਗੱਡਾ ਲੱਦੋ ਅਤੇ ਚਲੋ ਜੜਾਂਵਾਲਾ। ਜਦ ਜੜਾਂਵਾਲਾ ਲਈ ਤੁਰਨਾ ਤਾਂ ਘਰ ਦੀਆਂ ਸਵਾਣੀਆਂ ਨੇ ਘਰ ਦੇ ਲੋੜੀਂਦੇ ਸਮਾਨ ਦੀ ਆਪਣੀ ਵੱਖਰੀ ਫੁਰਹਸਿਤ ਫੜਾ ਦੇਣੀ। ਇੰਝ ਮੇਰੀ ਫੀਸ ਲਈ ਵੀ ਔਖਾ ਹੋ ਜਾਣਾ। ਸਾਡਾ ਆਪਣਾ ਬਾਗ ਵੀ ਸੀ। ਬਜੁਰਗਾਂ ਨੇ ਮਿੰਟਗੁਮਰੀ ਇਕ ਗੋਰੇ ਦੇ ਬਾਗ ’ਚੋਂ ਵੱਖ-ਵੱਖ ਫਲਾਂ ਦੇ ਬੂਟੇ ਲਿਆ ਕੇ ਲਗਾਏ ਹੋਏ ਸਨ। ਮਾਲਟਾ ਅਤੇ ਬਦਾਮਾਂ ਦੀ ਬਹੁਤਾਤ ਹੁੰਦੀ ਸੀ। ਸਾਡਾ ਮੁਸਲਿਮ ਕਾਮਾ ਨਬੀ ਬਖਸ਼ ਬਾਗ ਦੀ ਫਸਲ ਮੰਡੀ ’ਚ ਵੇਚ ਕੇ ਆਉਂਦਾ ਪਰ ਸਾਡੇ ਪੱਲੇ ਅੱਧੋ ਡੂਢ ਹੀ ਪਾਉਂਦਾ।

ਮੈਂ ਜਾਣਿਆ ਕਿ ਪਿਤਾ ਜੀ ਮੈਨੂੰ ਕੁਝ ਡਾਹਢਾ ਹੀ ਔਖਾ ਹੋ ਕੇ ਪੜ੍ਹਾ ਰਹੇ ਹਨ। ਮੇਰਾ ਮਨ ਵੀ ਕੁਝ ਉਚਾਟ ਹੋਣ ਲੱਗਾ। ਕਾਲਜ ਮੈਂ ਕਰੀਬ ਡੇਢ ਕੁ ਸਾਲ ਹੀ ਲਾਇਆ ਸੀ ਕਿ ਇਕ ਦਿਨ ਉਪਰਾਮ ਹੋ ਕੇ ਮੈਂ ਆਪਣੇ ਹੋਸਟਲ ਦੇ ਕਮਰੇ ਦੀ ਚਾਬੀ ਆਪਣੇ ਹਮ ਜਮਾਤੀ ਪਿਆਰਾ ਸਿੰਘ ਨੂੰ ਦੇ ਕੇ ਆਪ ਜਲੰਧਰ ਛਾਉਣੀ ਜਾ ਕੇ ਫੌਜ ਵਿਚ ਭਰਤੀ ਹੋ ਗਿਆ। ਉਸ ਵਕਤ ਦੂਜੀ ਆਲਮੀ ਜੰਗ ਲੱਗੀ ਹੋਈ ਸੀ। ਤਦੋਂ 18 ਰੁਪਏ ਮੇਰੀ ਤਲਬ ਲੱਗੀ। ਫੌਜੀ ਅਫਸਰਾਂ ਵਲੋਂ ਜਬਲਪੁਰ ਟਰੇਨਿੰਗ ਲਈ ਭੇਜਿਆ ਗਿਆ। ਉਪਰੰਤ 8 ਅਗਸਤ 1942, ਜਿਸ ਦਿਨ ਮਹਾਤਮਾ ਗਾਂਧੀ ਨੇ ਅੰਗਰੇਜ ਹਕੂਮਤ ਬਰਖਿਲਾਫ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ, ਸਾਨੂੰ ਬਸਰਾ-ਇਰਾਕ ਲਈ  ਭੇਜ ਦਿੱਤਾ ਗਿਆ। ਬਸਰਾ ਦੇ ਬਾਹਰ ਬਾਰ ਸ਼ਾਇਬਾ ਨਾਮੀ ਕੈਂਪ ਵਿਚ ਗਏ। ਦਿਨ ਵੇਲੇ ਭੱਠੀ ਵਾਂਗ ਤਪ ਜਾਣਾ। ਪੀਣ ਵਾਲੇ ਪਾਣੀ ਦੀ ਵੀ ਬਹੁਤੀ ਔਖਿਆਈ ਹੋਣੀ ਪਰ ਰਾਤ ਵੇਲੇ ਖੇਸੀ ਦੀ ਠੰਢ ਹੋ ਜਾਣੀ। ਉਥੇ ਬੰਬੇ ਦੀ ਡੌਕਸ ਅਪਰੇਟਿਵ ਕੰਪਨੀ ਦਾ ਫੌਜ ਨਾਲ ਕਰਾਰ ਸੀ। ਮਾਲ ਇਸਬਾਬ ਢੋਣ ਲਈ ਇੰਡੀਆ ਰੇਲਵੇ ਲਾਈਨ ਵੀ ਚਲਦੀ ਸੀ। ਇਰਾਕ ਦੇ ਦਰਿਆ, ਦਜਲਾ ਅਤੇ ਫਰਾਤ ਸਾਡੇ ਕੈਂਪ ਤੋਂ ਕਰੀਬ 40 ਕੁ ਮੀਲ ਅੱਗੇ ਮਿਲਦੇ ਸਨ।

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ- 3 : ਦਲਬੀਰ ਕੌਰ ਮਲਸੀਹਾਂ

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ-2 : ਸੰਤੋਖ ਸਿੰਘ ਵਲਦ ਸਾਧੂ ਸਿੰਘ ਵਲਦ ਅਮਰ ਸਿੰਘ ਦੀ ਕਹਾਣੀ

ਉਥੇ ਅਮਰੀਕਨ ਸ਼ਿੱਪ ਮਾਲ ਅਸਬਾਬ ਅਤੇ ਗੋਲਾ ਬਾਰੂਦ ਦੇ ਭਰੇ ਪਹੁੰਚ ਦੇ ਸਨ, ਜੋ ਅੱਗੇ ਬਾਈ ਰੋਡ ਈਰਾਨ ਰਾਹੀਂ ਰੂਸ ਦੀ ਮਦਦ ਲਈ ਜਾਂਦੇ ਸਨ। ਇਰਾਕ ਦੇ ਖੁਰਮ ਸ਼ਹਿਰ ਅਤੇ ਅਬਾਦਾਨ, ਜਿਥੇ ਤੇਲ ਸੋਧਕ ਕਾਰਖਾਨਾ ਚਲਦਾ ਸੀ, (ਇਥੇ ਪ੍ਰੋਫੈਸਰ ਗੰਡਾ ਸਿੰਘ ਕਰੀਬ 1920 ਦੇ ਆਰ-ਪਾਰ ਕਲਰਕ ਰਹੇ ਸਨ) ਪਹਿਲਾਂ ਸਾਰਾ ਮਾਲ ਉਥੇ ਅਸੈਂਬਲ ਹੁੰਦਾ ਸੀ। ਪ੍ਰਤੀ ਦਿਨ 45-45 ਜਹਾਜ਼ ਉਡਾਰੀ ਭਰਦੇ ਸਨ। ਗੁਲਫ ਦੀ ਇਸ ਖਾੜੀ ਵਿਚ ਅਮਰੀਕਾ ਨੇ 7 ਬੰਦਰਗਾਹਾਂ ਬਣਾ ਰੱਖੀਆਂ ਸਨ। ਇਥੇ ਮੈਂ ਕੋਈ ਸਾਲ ਭਰ ਰਿਹਾ। ਪਿੱਛੇ ਪਰਿਵਾਰ ਵਿਚ ਇਕ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਦੀ ਮਾਅਲੂਮਾਤ ਦਾ ਮੈਂਨੂੰ ਘਰਦਿਆਂ ਵਲੋਂ ਖਤ ਆਇਆ। ਮੈਂ ਫੌਜੀ ਅਫਸਰ ਨੂੰ ਵਾਸਤਾ ਪਾ ਕੇ ਛੁੱਟੀ ਲੈ ਆਇਆ।

ਪਰਿਵਾਰਕ ਘਟਨਾ ਇੰਝ ਸੀ, ਸਰੀਂਹ-ਨਕੋਦਰ ਦਾ ਕਰਮਾ ਨਾਮੀ ਡਾਕੂ ਉਸ ਵਕਤ ਬਹੁਤ ਮਸ਼ਾਹੂਰ ਸੀ। ਇਸੇ ਪਿੰਡ ਉਸ ’ਤੇ ਕਤਲ ਦਾ ਮੁਕੱਦਮਾ ਦਰਜ ਹੋਣ ਕਰਕੇ ਉਹ ਆਪਣੇ 1-2 ਹੋਰ ਸਾਥੀਆਂ ਨਾਲ ਭਗੌੜਾ ਹੋ ਗਿਆ। ਬਾਰ ਦੇ ਸਰੀਂਹ ਵਿਚ ਉਸ ਦੀ ਠਾਹਰ ਸਾਡਾ ਘਰ ਜਾਂ ਖੂਹ ਹੀ ਹੁੰਦਾ ਸੀ। ਪਰੇਮ ਸਿੰਘ ਮੇਰਾ ਵੱਡਾ ਭਾਈ, ਜੋ ਮੈਥੋਂ ਉਮਰ ਵਿਚ 10 ਸਾਲ ਵੱਡਾ ਸੀ, ਦੇ ਨਾਲ ਉਸ ਦਾ ਖੂਬ ਯਾਰਾਨਾ ਸੀ। ਜਦ ਵੀ ਕਰਮੇ ਨੇ ਆਉਣਾ ਤਦੋਂ ਹੀ ਪਿਆਲੀ ਖੜਕਣੀ। ਉਧਰ ਹੀ ਸਾਡੇ ਆਰ-ਪਰਿਵਾਰ ’ਚੋਂ ਇਕ ਕਿਹਰ ਸਿੰਘ ਨਾਮੇ ਚਾਚਾ ਸੀ। ਉਸ ਦਾ ਭਤੀਜਾ ਚਰਨੂੰ ਜੋ ਫੌਜ ’ਚੋਂ ਭਗੌੜਾ ਸੀ ਅਤੇ ਆਪਣੇ ਪਾਸ ਬੈਰਲ ਗੰਨ ਰੱਖਿਆ ਕਰਦਾ ਸੀ, ਵੀ ਕਰਮੇ ਦਾ ਸਾਥੀ ਸੀ। ਘੁਲਿਆ ਵੀ ਕਰਦਾ ਸੀ, ਉਹ। ਮੇਰੇ ਉਧਰ ਪਿੰਡ ਹੁੰਦਿਆਂ ਕਰਮਾ ਅਪਣੇ ਸਾਥੀ ਨਾਲ ਇਕ ਦਫਾ ਸਾਡੇ ਖੂਹ ’ਤੇ ਅਤੇ ਖੂਹ ਤੋਂ ਘਰ ਆਇਆ। ਮੇਰੇ ਭਤੀਜਿਆਂ ਨੂੰ 1-1 ਰੁਪਏ ਪਿਆਰ ਦੇ ਕੇ ਗਿਆ। ਪਿੰਡ ਵਿਚ ਗੰਗਾ ਸਿੰਘ ਦੀ ਬੈਠਕ ਵੀ ਇਨ੍ਹਾਂ ਦੀ ਠਾਹਰ ਸੀ, ਜਿਥੇ ਅਕਸਰ ਇਹ ਟੋਲਾ ਤਾਸ਼, ਜੂਆ ਖੇਡਣ ਅਤੇ ਸ਼ਰਾਬ ਪੀਣਾ ਕਰਦੇ ਸਨ । ਇਵੇਂ ਹੀ ਕਰਮਾ ਇਕ ਦਿਨ ਫਿਰਦਾ ਫਿਰਾਉਂਦਾ ਪਿੰਡ ਆਇਆ ਤਾਂ ਉਸ ਦਾ ਸਾਹਮਣਾ ਸਾਧੂ ਸਿੰਘ ਸੰਘੇੜਾ ਨਾਲ ਹੋ ਗਿਆ। ਜੋ ਕਿ ਪਿੰਡ ਵਿਚ ਮੁਖਬਰ ਵਜੋਂ ਜਾਣਿਆ ਜਾਂਦਾ ਸੀ । ਜਿਉਂ ਹੀ ਕਰਮਾ ਨੇ ਡੱਬ ’ਚੋਂ ਪਿਸਤੌਲ ਕੱਢ ਕੇ ਉਸ ’ਤੇ ਤਾਣੀ ਤਾਂ ਮੇਰੇ ਭਰਾ ਪਰੇਮ ਸਿੰਘ ਨੇ ਕਰਮੇ ਨੂੰ ਵਾਸਤਾ ਪਾ ਕੇ ਰੋਕਤਾ।

ਇਸ ਸਾਧੂ ਸਿੰਘ ਦੇ ਭਰਾ ਦਾ ਨਾਮ ਵੀ ਪਰੇਮ ਸਿੰਘ ਸੀ। ਦੀਵਾਲੀ 1944 ਤੋਂ ਦੂਜੇ ਦਿਨ ਦਾ ਵਾਕਿਆ ਹੈ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੇਰੀ ਮਾਸੀ ਦਾ ਘਰ ਸੀ । ਮੇਰੇ ਮਾਸੜ ਜੀ ਦਾ ਨਾਂ ਰਾਜਿੰਦਰ ਸਿੰਘ ਅਤੇ ਉਸ ਦੇ ਪੁੱਤਰ ਦਾ ਨਾਂ ਜਸਵੰਤ ਸਿੰਘ ਸੀ, ਦੇ ਘਰ ਕਰਮੇ ਹੋਰੀਂ ਪਹਿਲਾਂ ਤਾਂ ਜੂਆ ਖੇਡਦੇ ਰਹੇ ਤੇ ਫਿਰ ਗੰਗਾ ਸਿੰਘ ਦੀ ਬੈਠਕ ਵਿਚ ਸ਼ਾਮ ਨੂੰ ਗਲਾਸੀ ਜੰਕਸ਼ਨ ਲਈ 'ਕੱਠੇ ਹੋਏ। ਇਕ ਮੰਜੇ ’ਤੇ ਮੇਰਾ ਭਰਾ ਪਰੇਮ ਸਿੰਘ, ਮਾਸੀ ਦਾ ਪੁੱਤ ਜਸਵੰਤ ਸਿੰਘ ਅਤੇ ਚਰਨੂੰ ਬੈਠੇ ਹੋਏ ਸਨ ਜਦਕਿ ਦੂਜੇ ਮੰਜੇ ’ਤੇ ਹੋਰ। ਇਸ ਵਕਤ ਕਰਮਾ ਡਾਕੂ ਕਿਹਰ ਸਿੰਘ ਦੀ ਬੈਠਕ ਵਿਚ ਆਪਣੀ ਪੱਗ ਰੱਖਣ ਗਿਆ ਹੋਇਆ ਸੀ। ਚਰਨੂੰ ਆਪ ਮੰਜੇ ਤੋਂ ਉਠ ਖੜਿਆ ਅਤੇ ਜਸਵੰਤ ਨੂੰ ਵੀ ਇਸ਼ਾਰੇ ਨਾਲ ਠਾਲ ਲਿਆ ਅਤੇ ਬਾਹਰ ਤਾਕ ਵਿਚ ਖੜ੍ਹੇ ਕਰਮੇ ਦੇ ਬਾਡੀਗਾਰਡ ਨੂੰ ਇਸ਼ਾਰਾ ਕੀਤਾ। ਤਦੋਂ ਖਿੜਕੀ ਥਾਣੀ ਬਾਡੀਗਾਰਡ ਨੇ ਮੇਰੇ ਭਰਾ ਪਰੇਮ ਸਿੰਘ ਦੇ ਧੌਣ ਵਿਚ ਗੋਲੀ ਮਾਰਤੀ। ਜੋ ਉਥੇ ਹੀ ਤੜਫ ਕੇ ਪਰਾਣ ਤਿਆਗ ਗਿਆ । ਇਸ ਦੀ ਵਜਾ ਇਹ ਸੀ ਕਿ ਇਸ ਘਟਨਾ ਤੋਂ ਕੋਈ 3-4 ਮਹੀਨੇ ਪਹਿਲਾਂ ਚਰਨੂੰ ਨੂੰ ਆਪਣੀ ਗਲੀ ’ਚੋਂ ਬਦ ਨੀਅਤ ਨਾਲ ਲੰਘਦਿਆਂ ਰੋਕਣ ’ਤੇ ਝਗੜਾ ਹੋਇਆ ਸੀ। ਬਸ ਉਹੀ ਬਦਲੇ ਦੀ ਭਾਵਨਾ ਉਸ ਨੇ ਦਿਲ ’ਚ ਰੱਖ ਕੇ ਇਹ ਸਾਜਿਸ਼ ਘੜੀ। ਇਹੀ ਵਜਾ ਮੈਨੂੰ ਜੰਗ ’ਚੋਂ ਵਾਪਸ ਆਉਣਾ ਪਿਆ ।         

ਉਪਰੰਤ ਦੋ ਕੁ ਮਹੀਨੇ ਮੈਂ ਲਾਹੌਰ ਛਾਉਣੀ ’ਚ ਰਿਹੈ ਤੇ ਫਿਰ ਜਮਾਂਦਾਰ ਦੀ ਤਰੱਕੀ ਦੇ ਕੇ ਮੈਨੂੰ ਜਬਲਪੁਰ ਟਰੇਨਿੰਗ ਲਈ ਭੇਜਿਆ ਗਿਆ। 1945 ਵਿਚ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਮੁਸਲਿਮ ਧਾੜਵੀਆਂ ਨਾਲ ਨਜਿੱਠਣ ਲਈ ਦੋ ਹੱਥ ਕਰਦੇ ਰਹੇ। ਇਥੇ ਕੁਝ ਮਹੀਨੇ ਰੁਕਣ ਉਪਰੰਤ ਨੌਸ਼ਹਿਰਾ ਦੇ 50 ਪੈਰਾਸ਼ੂਟ ਬਰਗੇਡ ਵਿਚ ਮੁਹੰਮਦ ਉਸਮਾਨ ਦੀ ਬਲੋਚ ਪਲਟਨ ’ਚ ਜਾ ਸ਼ਾਮਲ ਹੋਇਆ। ਇਥੇ ਝੰਗੜ ਸਾਡੀ ਪਲਟਨ ਨੇ ਹੀ ਜਿੱਤਿਆ। ਜਦ 1947 ਵਿਚ ਹੋਲੀ ਵਾਲੇ ਦਿਨ ਮੁਸਲਿਮ ਧਾੜਵੀਆਂ ਕਸ਼ਮੀਰ ਉਪਰ ਮੁੜ ਹਮਲਾ ਕੀਤਾ। ਇਕ ਵਾਰ ਤਾਂ ਭਾਰਤੀ ਫੌਜ ਦੇ ਪੈਰ ਉਖੜ ਗਏ। ਮਹਾਰਾਜਾ ਹਰੀ ਸਿੰਘ ਦਿੱਲੀ ਨਹਿਰੂ ਪਾਸ ਭੱਜ ਗਿਆ ਪਰ ਕਸ਼ਮੀਰ ਦੇ ਭਾਰਤ ’ਚ ਰਲੇਵੇਂ ਲਈ ਝਿਜਕਣ ਲੱਗਾ। ਤਾਂ ਤਦੋਂ ਦੇ ਆਰਮੀ ਚੀਫ KM Cariappa ਨੇ ਪਸਤੌਲ ਦਾ ਡਰਾਵਾ ਦੇ ਕੇ ਦਸਤਖਤ ਕਰਵਾਏ। ਉਧਰ ਕਸ਼ਮੀਰ ’ਚ ਪੇਸ਼ ਚਲਦੀ ਨਾ ਦੇਖ ਕੇ ਪੈਰਾ ਪਲਟਨ ਦੇ ਹੈੱਡ ਮੁਹੰਮਦ ਉਸਮਾਨ ਨੇ ਉਚ ਅਥਾਰਟੀ ਨੂੰ ਪਟਿਆਲਾ ਫੌਜ ਭੇਜਣ ਦੀ ਬੇਨਤੀ ਕੀਤੀ। ਪੁੰਛ ਤਦੋਂ ਧਾੜਵੀਆਂ ਦੇ ਘੇਰੇ ਵਿਚ ਆ ਚੁੱਕਾ ਸੀ। 30,000 ਸਿਵਲੀਅਨ ਕੱਠਾ ਹੋ ਗਿਆ। ਮੈਂ ਉਸ ਵਕਤ ਜਮਾਂਦਾਰ ਸਾਂ। ਇਥੇ ਹਿੰਦੂ-ਸਿੱਖ ਦਾ ਜਾਨੀ ਤੇ ਮਾਲੀ ਨੁਕਸਾਨ ਬਹੁਤਾ ਹੋਇਆ। ਜਨਰਲ ਕੁਲਵੰਤ ਸਿੰਘ ਅਤੇ ਕਰਨਲ ਪ੍ਰੀਤਮ ਸਿੰਘ ਨੇ ਬੇਮਿਸਾਲ ਕੰਮ ਕੀਤਾ। ਇਥੇ ਏਅਰ ਫੋਰਸ ਦੇ ਜਾਂਬਾਜ ਮੇਹਰ ਸਿੰਘ ਨੇ ਬਹੁਤ ਬਹਾਦਰੀ ਦਿਖਾਈ । ਉਸ ਨੂੰ ਪਲਟਨ ਵਿਚ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਓਸ ਨੇ ਕਸ਼ਮੀਰੀਆਂ ਦੇ ਦਿਲ ਜਿੱਤ ਲਏ। ਝੰਗੜ ਸਾਡੀ ਪਲਟਨ ਨੇ ਮਾਰਚ 1948 ਵਿਚ ਛੱਡ ਵਾਇਆ।

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ 1 : ਪਿੰਡ ਥੋਹਾ ਖ਼ਾਲਸਾ ਵਿਖੇ ਕਤਲੇਆਮ ਦੀ ਕਹਾਣੀ

ਇਸ ਤੋਂ ਕੁਝ ਸਮਾਂ ਬਾਅਦ ਵਿਚ ਕੁਝ ਸਾਲ ਰਾਮਗੜ ਛਾਉਣੀ ਵਿਚ ਰਿਹਾ। 1959 ਵਿਚ ਮੈਂ ਲੈਫਟੀਨੈਂਟ ਪਰੋਮੋਟ ਹੋਇਆ। 1962 ਵਿਚ ਜਦ ਚੀਨ ਨਾਲ ਲੜਾਈ ਲੱਗੀ ਤਾਂ ਉਸ ਵੇਲੇ ਮੈਂ ਕੈਪਟਨ ਪਰੋਮੋਟ ਹੋ ਕੇ ਫਿਰੋਜ਼ਪੁਰ ਬਾਰਡਰ ਡਿਊਟੀ ’ਤੇ ਸਾਂ। ਖਦਸ਼ਾ ਸੀ ਕਿ ਇੰਡੀਆ ਦੇ ਚੀਨ ਨਾਲ ਯੁੱਧ ਦਾ ਫਾਇਦਾ ਉਠਾ ਕੇ ਪਾਕਿਸਤਾਨ ਪੰਜਾਬ ਬਾਰਡਰ ਏਰੀਆ ’ਤੇ ਹਮਲਾ ਕਰ ਸਕਦਾ ਸੀ ਪਰ ਉਸ ਹਮਲਾ ਨਹੀਂ ਕੀਤਾ। ਲੰਬੀ ਉਡੀਕ ਤੋਂ ਬਾਅਦ ਸਾਨੂੰ ਹੁਕਮ ਜਾਰੀ ਕੀਤਾ ਗਿਆ ਕਿ ਅਰੁਣਾਚਲ ਦੇ ਬਾਰਡਰ ਏਰੀਆ ’ਤੇ ਪਹੁੰਚੋ। ਤਦੋਂ ਫੌਜੀ ਸਾਜੋ ਸਾਮਾਨ ਦੀ ਘਾਟ ਦੇ ਨਾਲ-ਨਾਲ ਆਵਾਜਾਈ ਸਹੂਲਤਾਂ ਦੀ ਵੀ ਵੱਡੀ ਘਾਟ ਸੀ। ਅਰੁਣਾਚਲ ਦੇ ਬਾਰਡਰ ਏਰੀਆ ਵਿਚ ਪਹੁੰਚਣ ਨੂੰ ਹੀ ਸਾਨੂੰ ਕਰੀਬ ਇਕ ਮਹੀਨੇ ਦਾ ਸਮਾਂ ਲੱਗ ਗਿਆ। ਜਦ ਤੱਕ ਲੜਾਈ ਖਤਮ ਹੋਣ ਦਾ ਐਲਾਨ ਹੋ ਗਿਆ। ਉਹੀ ਤਕਨੀਕ, ਫੌਜੀ ਸਾਮਾਨ, ਸਾਧਨਾਂ/ਸਹੂਲਤਾਂ ਦੀ ਘਾਟ ਦੇ ਨਾਲ-ਨਾਲ ਮਹਾਨ ਹਿਮਾਲਿਆ ਦਾ ਖਤਰਨਾਕ ਪੈਂਡਾ ਸਾਡੀ ਹਾਰ ਦਾ ਕਾਰਨ ਬਣਿਆ। ਤਦੋਂ ਭਾਰਤੀ ਫੌਜ ਦਾ ਮੁੱਖੀ ਜਨਰਲ ਥਾਪਰ ਸੀ। 25 ਸਤੰਬਰ 1965 ਨੂੰ ਵੀਅਤਨਾਮ ਭੇਜਿਆ ਗਿਆ। ਉਥੇ ਵੀਅਤਨਾਮ ਦੀ ਅਮਰੀਕਾ ਨਾਲ ਲੜਾਈ ਚਲਦੀ ਸੀ। ਉਥੇ ਹਨੋਈ ਅਤੇ ਲਾਓਸ ਦੇ ਇਲਾਕਿਆਂ ’ਚ ਰਹਿ ਕੇ ਕੰਮ ਕੀਤਾ। 31 ਦਸੰਬਰ 1966 ਨੂੰ ਵੀਅਤਨਾਮ ਤੋਂ ਵਾਪਸ ਆਏ । 71 ਦੀ ਪਾਕਿਸਤਾਨ ਨਾਲ ਜੰਗ ਵਿਚ ਸਾਡੀ ਪਲਟਨ ਨੇ ਫਿਰੋਜ਼ਪੁਰ ਮੁਹਾਜ ਤੇ ਦੁਸ਼ਮਣ ਦਾ ਮੁਕਾਬਲਾ ਕੀਤਾ।

31 ਜੁਲਾਈ 1979 ਨੂੰ ਮੈਂ ਕਰਨਲ ਦੇ ਅਹੁਦੇ ਤੋਂ ਰਿਟਾਇਰ ਹੋਇਆ।  ਮੇਰੀ ਸ਼ਾਦੀ 1946 ਵਿਚ ਡਿਸਕੋਟ ਵਿਖੇ ਗਿਆਨ ਕੌਰ ਨਾਲ ਹੋਈ। ਸਹੁਰੇ ਪਰਿਵਾਰ ਦਾ ਪਿਛਲਾ ਜੱਦੀ ਪਿੰਡ ਮਨਸੂਰ ਪੁਰ ਬਡਾਲਾ ਨਜਦੀਕ ਆਦਮਪੁਰ (ਜਲੰਧਰ) ਸੀ । ਮੇਰੀਆਂ ਤਿੰਨੋਂ ਭੈਣਾ ਉਧਰ ਹੀ ਬਾਰ ਵਿਚ ਹੀ ਵਿਆਹੀਆਂ ਹੋਈਆਂ ਸਨ। ਜਿਨਾਂ ਦਾ ਇਧਰ ਪਿੰਡ ਬਡਾਲਾ ਮੰਜਕੀ ਅਤੇ ਬਿਲਗਾ ਸਨ। ਜਦ ਰੌਲੇ ਪਏ ਤਾਂ ਮੈਂ ਤਦੋਂ ਰਾਵਲਪਿੰਡੀ ਛਾਉਣੀ ਡਿਊਟੀ ਤੇ ਸਾਂ। ਮੇਰੇ ਨਾਲ ਹੀ ਨਨਕਾਣਾ ਸਾਹਿਬ ਸਕੂਲ ਵਿਚ ਪੜ੍ਹਦਾ, ਮੇਰੇ ਪਿੰਡ ਤੋਂ ਪਾਖਰ ਸਿੰਘ ਵੀ ਮੇਰੇ ਨਾਲ ਫੌਜ ਡਿਊਟੀ ’ਤੇ ਸੀ। ਮਈ 47 ਵਿਚ ਸਾਡੇ ਕਰਨਲ ਨੇ ਸਾਨੂੰ ਪੁਛਿਆ ਕਿ ਤੁਸੀਂ ਡਿਊਟੀ ਕਿੱਥੇ ਕਰਨੀ ਹੈ, ਪਾਕਿਸਤਾਨ ਵਿਚ ਜਾਂ ਹਿੰਦੋਸਤਾਨ ਵਿਚ। ਤਾਂ ਅਸੀਂ ਕਿਹਾ ਉਸ ਕਿ ਪਾਕਿਸਤਾਨ ਹੀ ਰਹਾਂਗੇ ਪਰ ਨਹੀਂ ਸਭ ਕੁਝ ਹੀ ਉਥਲ ਪੁਥਲ ਹੋ ਗਿਆ। ਮੈਂ 2-3 ਮਹੀਨੇ ਬਾਅਦ ਪਿੰਡ ਆ ਗਿਆ। ਰੌਲੇ ਸਿਖਰ ’ਤੇ ਹੋਏ ਤਾਂ ਇਧਰ ਆਉਣ ਦੀਆਂ ਸਲਾਹਾਂ ਹੋਣ ਲੱਗੀਆਂ। ਆਸ-ਪਾਸ ਭਲੇ ਕਾਫੀ ਮਾਰ ਮਰੱਈਆ ਚਲਦਾ ਪਿਆ ਸੀ ਪਰ ਸਾਡੇ ਪਿੰਡ ਤੇ ਹਮਲਾ ਨਾ ਹੋਇਆ। ਕੁਝ ਕਰਮੇ ਡਾਕੂ ਕਰਕੇ ਵੀ ਲੋਕ ਕੁਝ ਭੈਅ ਖਾਂਦੇ ਸਨ। ਪਾਖਰ ਸਿੰਘ ਪਿਛਿਓਂ ਫੌਜੀ ਟਰੱਕ ਲੈ ਕੇ ਆਇਆ।

ਸਾਡਾ ਸਾਰਾ ਟੱਬਰ ਸਮੇਤ ਮੇਰੀਆਂ ਵਿਆਂਦੜ ਭੈਣਾ ਦੇ ਪਰਿਵਾਰ ਟਰੱਕ ਵਿੱਚ ਸਵਾਰ ਹੋ ਗਏ। ਪਰ ਸਾਡੇ ਮਾਈ ਬਾਪ ਕੁਝ ਘਰੇਲੂ ਮਾਲ ਇਸਬਾਬ ਨਾਲ ਗੱਡਿਆਂ ’ਤੇ ਹੀ ਕਾਫਲੇ ਨਾਲ ਆਏ। ਬਾਪ ਵਾਲਾ ਕਾਫਲਾ ਬਾਰ ਵਾਲੇ ਸਰੀਂਹ ਤੋਂ ਤੁਰਿਆ ਤਾਂ ਪੱਕੇ ਜੰਡਿਆਲਾ ਆ ਕੇ ਕਾਫਲੇ ’ਤੇ ਹਮਲਾ ਹੋਇਆ । ਕਾਫਲੇ ’ਚ 3 ਬੰਦੇ ਮਾਰੇ ਗਏ। ਧਾੜਵੀਆਂ ਵਲੋਂ ਕਾਫੀ ਸਮਾਨ ਲੁੱਟ ਲਿਆ ਗਿਆ। ਉਸ ਤੋਂ ੳਰਾਰ ਰੁੜਕੇ ਵਾਲੇ ਪੁਲ ’ਤੇ ਫਿਰ ਕਾਫਲੇ ’ਤੇ ਹਮਲਾ ਹੋਇਆ। ਜਿਥੇ ਦੋ ਪਿਉ-ਪੁੱਤਰ ਮਾਰੇ ਗਏ। ਕੋਈ ਮਹੀਨਾ ਭਰ ਦੇ ਭਿਆਨਕ ਦੁਖਦਾਈ ਸਫਰ ਤੋਂ ਬਾਅਦ ਜੱਦੀ ਪਿੰਡ ਸਰੀਂਹ-ਆਣ ਅੱਪੜੇ। ਇਧਰ ਜ਼ਮੀਨ ਦੀ ਪਰਚੀ ਮਾਲੜੀ ਪਿੰਡ ਦੀ ਨਿਕਲੀ। ਸੋ ਇਥੇ ਆਣ ਵਾਸ ਕੀਤਾ। ਮੇਰੇ ਦੋ ਬੇਟੇ ਤੇ ਦੋ ਬੇਟੀਆਂ ਹਨ। ਸਾਰਿਆਂ ਨੂੰ ਮਨਸੂਰੀ ਸਕੂਲ ’ਚ ਪੜਾਇਆ। ਵੱਡਾ ਬੇਟਾ, ਅਮਰੀਕਾ ਵਿੱਚ ਅਤੇ ਛੋਟਾ ਬੇਟਾ ਡਾ. ਗੁਵਿੰਦਰ ਸਿੰਘ MD, ਜੋ ਨਕੋਦਰ ਸ਼ਹਿਰ ਦੇ ਮਸ਼ਾਹੂਰ ਡਾਕਟਰ ਹਨ। ਬੇਟੀਆਂ ਵੀ ਅਪਣੇ ਸਹੁਰੇ ਘਰੀਂ ਸੁਖੀ ਵਸ ਰਹੀਆਂ ਹਨ। ਪਤਨੀ ਸਹਿਬਾਂ ਤਾਂ ਕੋਈ 10-11 ਕੁ ਵਰੇ ਪਹਿਲਾਂ ਚੜਾਈ ਕਰ ਚੁੱਕੇ ਹਨ। ਬਸ ਹੁਣ ਪੁੱਤ ਪੋਤਿਆਂ ਦੀ ਬਾਗ ਫੁਲਵਾੜੀ ਵਿਚ ਬੁਢਾਪਾ ਭੋਗ ਰਿਹਾ ਹਾਂ।

ਰੌਲਿਆਂ ਤੋਂ ਬਾਅਦ ਮੈਂ ਦੋ ਦਫਾ ਆਪਣੇ ਬਾਰ ਦੇ ਪਿੰਡਾਂ ਵਿਚ ਜਾ ਆਇਆ ਹਾਂ। ਰੌਲਿਆਂ ਦੀ ਪੀੜ ਭਰੀ ਖੁੰਦਕ ਨੂੰ ਭੁਲਾ ਕੇ ਬਹੁਤ ਪਿਆਰ ਦਿੱਤਾ, ਉਨ੍ਹਾਂ। ਸਾਡੇ ਘਰ ਅਤੇ ਖੇਤਾਂ ’ਚ ਕੰਮ ਕਰਨ ਵਾਲੇ ਸਾਰੇ ਕੰਮੀ ਅਤੇ ਗੁਆਂਢੀ ਮੁਸਲਿਮ ਬਜ਼ੁਰਗ ਬਗਲਗੀਰ ਹੋ ਹੋ ਮਿਲੇ। ਇਕ ਗੁਆਂਢੀ ਪਿੰਡ ਦੇ ਮੁਸਲਿਮ ਨੇ ਗਿਲਾ ਕੀਤਾ ਕਿ ਫਲਾਨਾ ਸਿੰਘ ਨੇ ਉਸ ਤੋਂ ਬਲਦਾਂ ਦੀ ਜੋੜੀ ਲਈ ਸੀ ਤੇ ਪੈਸੇ ਨਹੀਂ ਦਿੱਤੇ । ਉਹ ਫਲਾਨਾ ਸਿੰਘ ਸੰਧੂ ਨਕੋਦਰ ਹਲਕੇ ਤੋਂ ਅਕਾਲੀ ਦਲ ਦੇ ਪ੍ਰਧਾਨ ਸਨ। ਆ ਕੇ ਮੈਂ ਸੰਧੂ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਮੇਤ ਵਿਆਜ ਪੈਸੇ ਮੈਨੂੰ ਦੇ ਦਿੱਤੇ, ਜੋ ਮੈਂ ਬਾਰ ਦੇ ਅਗਲੇ ਗੇੜੇ ਉਸ ਨੂੰ ਦੇ ਕੇ ਆਇਆਂ। ਬੀਤੇ ’ਤੇ ਝੋਰਾ ਤਾਂ ਹੈ ਪਰ ਆਓ ਹੁਣ ਵਰਤਮਾਨ ਹੀ ਸੁਲਝਾ ਲਈਏ। "- ਅਖਾਣ ਹੈ :
'ਆਜ ਤੋ ਐਸ਼ ਸੇ ਗੁਜਰਤੀ ਹੈ ਆਪਨੀ-ਔਰ ਕੱਲ ਕੀ ਮੇਰੀ ਬਲਾ ਜਾਨੇ'  "   

rajwinder kaur

This news is Content Editor rajwinder kaur