1947 ਹਿਜਰਤਨਾਮਾ- 3 : ਦਲਬੀਰ ਕੌਰ ਮਲਸੀਹਾਂ

04/19/2020 4:13:00 PM

ਕਿਸ਼ਤ-3

ਮਾਈ ਦਲਬੀਰ ਕੌਰ ਮਲਸੀਆਂ

"ਮੈ ਦਲਬੀਰ ਕੌਰ ਪਤਨੀ ਸੁਲੱਖਣ ਸਿੰਘ ਰੰਧਾਵਾ ਪਿੰਡ ਬਾਦਸ਼ਾਹਪੁਰ -ਮਲਸੀਆਂ (ਜਲੰਧਰ) ਤੋਂ ਬੋਲਦੀ ਪਈ ਵਾਂ। ਵੈਸੇ ਮੇਰਾ ਪੇਕੜਾ ਜੱਦੀ ਪਿੰਡ ਸ਼ੇਰੋਂ-ਤਰਨਤਾਰਨ ਹੈ। ਮੇਰੇ ਮਾਪੇ ਬੜੇ ਰਈਸ ਖਾਨਦਾਨੀ ਜੱਟ ਸਿੱਖ ਖਹਿਰਾ ਗੋਤੀਏ ਹਨ। 1870 ਦੇ ਲਾਗੇ ਲਾਇਲਪੁਰ ਦੀ ਸਾਂਦਲ ਬਾਰ ਆਬਾਦ ਕਰਨ ਲਈ ਗੋਰਾ ਸਰਕਾਰ ਨੇ ਸਰਕਰਦਾ ਹੈਸੀਅਤ ਵਾਲਿਆਂ ਨੂੰ ਮੁਰੱਬੇ ਅਲਾਟ ਕੀਤੇ। ਮੇਰੇ ਪਿਤਾ ਜੀ ਦੇ ਬਾਬਾ ਜੀ ਸ. ਨੰਦ ਸਿੰਘ ਸਭ ਤੋਂ ਪਹਿਲੇ ਚੱਕ ਨੰ:26 ਜੀ.ਬੀ ਸ਼੍ਰੀ ਹਰਗੋਬਿੰਦ ਪੁਰਾ, ਤਹਿਸੀਲ ਅਤੇ ਜ਼ਿਲਾ ਲਾਇਲਪੁਰ ਵਿਚ ਮੁਰੱਬਾ ਅਲਾਟ ਹੋਣ ’ਤੇ ਜਾ ਆਬਾਦ ਹੋਏ। ਨੰਦ ਸਿੰਘ ਦੇ ਅੱਗੇ ਸ਼ੇਰ ਸਿੰਘ ਅਤੇ ਮੋਹਣ ਸਿੰਘ, ਸ਼ੇਰ ਸਿੰਘ ਦੇ ਅੱਗੇ ਸ. ਅਤਰ ਸਿੰਘ ਅਤੇ ਸ. ਹਜਾਰਾ ਸਿੰਘ ਪੁੱਤਰ ਹੋਏ ਹਨ। ਮੈਂ ਹਜਾਰਾ ਸਿੰਘ ਦੇ ਦੂਜੇ ਵਿਆਹ ਦੀ ਧੀ ਹਾਂ। ਮੇਰੀ ਪੈਦਾਇਸ਼ ਓਧਰ ਹੀ ਜੇਠ 1935 'ਚ ਮਾਤਾ ਨਿਹਾਲ ਕੌਰ ਦੀ ਕੁੱਖ ’ਚੋਂ ਹੋਈ।

ਮੇਰੀ ਵੱਡੀ ਭੈਣ ਗੁਰਵੇਲ ਕੌਰ ਅਤੇ ਭਰਾ ਸ. ਟਿੱਕਾ ਸਿੰਘ ਸਨ। ਪਿਤਾ ਜੀ ਦੇ ਪਹਿਲੇ ਵਿਆਹ ਤੋਂ 4 ਬੇਟੇ ਅਤੇ 3 ਬੇਟੀਆਂ ਸਨ। ਦੈਵਨੇਤ ਦਿਮਾਗੀ ਬੁਖਾਰ ਨਾਲ ਚਾਰੋ ਬੇਟੇ ਛੋਟੀ ਉਮਰੇ ਹੀ ਚੜਾਈ ਕਰਨ ’ਤੇ ਪਿਤਾ ਜੀ ਨੂੰ ਦੂਜਾ ਵਿਆਹ ਕਰਵਾਉਣਾ ਪਿਆ। ਕੁਝ ਅਰਸੇ ਬਾਅਦ ਰੌਲਿਆਂ ਤੋਂ ਪਹਿਲੇ ਹੀ ਇਕ ਬੇਟੀ ਵੀ ਪੂਰੀ ਹੋ ਗਈ। ਪਿਤਾ ਜੀ ਨਾਮੀ ਪਹਿਲਵਾਨ ਸਨ। 26 ਚੱਕ ਹਵੇਲੀ ਵਿਚ ਖਾੜਾ ਵੀ ਬਣਾਇਆ ਹੁੰਦਾ ਸੀ, ਉਨ੍ਹਾਂ। ਅੰਬਰਸਰ - ਲਾਹੌਰ ਤੱਕ ਸਿੰਜਾਂ ਵਿਚ ਘੁਲਣ ਜਾਂਦੇ ਸਨ, ਉਦੋਂ । ਨਵੇਂ ਸਿਖਾਂਦਰੂ ਪਹਿਲਵਾਨਾ ਨੂੰ ਕੋਲੋਂ ਘਿਓ ਅਤੇ ਬਦਾਮ ਦਿੰਦੇ। ਜ਼ਲਿਆਂ ਵਾਲੇ ਬਾਗ ਦੇ ਭੀੜੇ ਦਰਵਾਜ਼ੇ ਦੇ ਐੱਨ ਨਾਲ ਦੀ ਗਲੀ ਵਿਚ ਇਕ ਨਾਮੀ ਪਹਿਲਵਾਨ ਰਹਿੰਦਾ ਸੀ, ਉਦੋਂ। ਨਾਮ ’ਤੇ ਯਾਦ ਨਹੀਂ ਉਸਦਾ, ਸ਼ੈਦ ਗਾਮਾ ਪਹਿਲਵਾਨ ਹੋਵੇ। ਉਸ ਪਾਸ ਵੀ ਪਿਤਾ ਜੀ ਅਕਸਰ ਜਾਇਆ ਕਰਦੇ ਸਨ। 

ਗੁਆਂਢੀ ਪਿੰਡਾਂ ਵਿਚ ਚੱਕ ਨੰ:27,29 ਅਤੇ 30 ਸਨ। ਮੇਰਾ ਨਾਨਕਾ ਪਿੰਡ ਉਥੋਂ ਨਜਦੀਕ ਚੱਕ ਗੁਲਾਲੀਪੁਰ ਸੀ, ਜੋ ਨਾਰਵਾਲ ਬੰਗਲੇ ਪਾਸ ਪੈਂਦੈ। ਪਿਤਾ ਜੀ ਹਜਾਰਾ ਸਿੰਘ ਪਿੰਡ ਦੇ ਲੰਬੜਦਾਰ ਸਨ ਜਦਕਿ ਤਾਇਆ ਅਤਰ ਸਿੰਘ ਜੀ ਜ਼ੈਲਦਾਰ ਸਨ। ਉਨ੍ਹਾਂ ਨੂੰ ਸਰਕਾਰੀ ਘੋੜੀ ਵੀ ਮਿਲੀ ਹੋਈ ਸੀ। ਬਜ਼ੁਰਗ ਸ਼ੇਰ ਸਿੰਘ ਨੇ ਗੋਰਾ ਮਾਲ ਅਫਸਰ ਨੂੰ ਸਵਾਲ ਪਾਇਆ ਕਿ ਉਸ ਦਾ ਇਕ ਪੁੱਤਰ ਤਾਂ ਜ਼ੈਲਦਾਰ ਹੈ ਤੇ ਦੂਜੇ ਨੂੰ ਲੰਬੜਦਾਰੀ ਦੇ ਦਿਓ। ਮਾਲ ਅਫਸਰ ਅੱਗੋਂ ਕਿਹਾ ਕਿ ਹੋਰ ਪਿੰਡ ’ਚ ਜ਼ਮੀਨ ਹੈ ਤਾਂ ਉਥੇ ਦੀ ਲੈ ਲਵੋ। ਤਾਂ ਬਾਬਾ ਜੀ ਨੇ ਹਿੰਮਤ ਕਰਕੇ ਲਾਇਲਪੁਰ 303 ਚੱਕ, ਨਜਦੀਕ ਡੱਬਾਂ ਵਾਲਾ ਬੰਗਲਾ ਵਿਚ ਕੁਝ ਜ਼ਮੀਨ ਮੁੱਲ ਲੈ ਲਈ ਅਤੇ ਇਕ ਮੁਰੱਬਾ ਅਲਾਟ ਵੀ ਕਰਵਾ ਲਿਆ।

ਇਸ ਤਰਾਂ ਉਸ ਪਿੰਡ ਦੀ ਲੰਬੜਦਾਰੀ ਪਿਤਾ ਹਜ਼ਾਰਾ ਸਿੰਘ ਨੂੰ ਮਿਲ ਗਈ। ਉਥੇ ਮੁਹੰਮਦ ਪੀਰ ਬਖਸ਼ ਸਾਡਾ ਸਰਬਰਾਹ ਹੋਇਆ ਕਰਦਾ ਸੀ। ਨੌਕਰਾਂ ਅਤੇ ਖੇਤੀਬਾੜੀ ਦਾ ਕੰਟਰੋਲ ਉਸੇ ਦੇ ਹੱਥ ਸੀ। ਫਸਲਾਂ ਕਪਾਹ, ਨਰਮਾ, ਮੱਕੀ, ਬਾਜਰਾ, ਕਮਾਦ ਅਤੇ ਛੋਲੇ ਵਗੈਰਾ ਹੁੰਦੀਆਂ ਸਨ। ਬਜ਼ੁਰਗ ਕਦੇ ਲਾਇਲਪੁਰ ਦੀ ਮੰਡੀ ਵਿਚ ਫਸਲ ਵੇਚਣ ਨਹੀਂ ਗਏ ਸਨ ਸਗੋਂ ਵਪਾਰੀ ਖੁਦ ਘਰ ਆ ਕੇ ਖਰੀਦ ਕੇ ਲੈ ਜਾਂਦੇ ਸਨ।

ਪੜ੍ਹੋ ਇਹ ਵੀ - 1947 ਹਿਜਰਤਨਾਮਾ 1 : ਪਿੰਡ ਥੋਹਾ ਖ਼ਾਲਸਾ ਵਿਖੇ ਕਤਲੇਆਮ ਦੀ ਕਹਾਣੀ

ਚੌਥੀ ਜਮਾਤ ਮੈਂ 26 ਚੱਕ ਪ੍ਰਾਇਮਰੀ ਸਕੂਲ ਤੋਂ ਹੀ ਪਾਸ ਕੀਤੀ। ਕੁੜੀਆਂ-ਮੁੰਡਿਆਂ ਦਾ ਸਾਂਝਾ ਸਕੂਲ ਹੀ ਹੁੰਦਾ ਸੀ, ਉਦੋਂ। ਸ਼੍ਰੀ ਘਾਲੂ ਰਾਮ ਸਕੂਲ ਮੁਖੀ, ਮਾਸਟਰ ਸੋਹਣ ਸਿੰਘ 27 ਚੱਕ ਤੋਂ ਅਤੇ ਮਾਸਟਰ ਲਖਵੀਰ ਸਿੰਘ ਗੋਗੇਰਾ ਬਰਾਂਚ ਨਹਿਰ ਪਾਰ ਤੋਂ ਆਉਂਦੇ ਸਨ, ਉਦੋਂ। ਆਮ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ ਹੁੰਦਾ। ਸਾਡੇ ਬਜ਼ੁਰਗ ਪਿੰਡ ਦੇ ਚੌਧਰੀ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਸਨ। ਇਸ ਕਰਕੇ ਸਾਡੇ ਪਰਿਵਾਰ ਦੀਆਂ ਕੁੜੀਆਂ ਪੜ੍ਹਦੀਆਂ ਸਨ, ਉਦੋਂ। ਮੇਰੇ ਨਾਲ ਹੀ ਸਾਡੇ ਪਰਿਵਾਰ ’ਚੋਂ ਸਵਰਨ ਕੌਰ ਪੁੱਤਰੀ ਮੰਗਲ ਸਿੰਘ ਅਤੇ ਮਹਿੰਦਰ ਕੌਰ ਪੁੱਤਰੀ ਗੁਰਦਾਰਾ ਸਿੰਘ ਵੀ ਪੜ੍ਹਦੀਆਂ ਸਨ। 5ਵੀਂ ਜਮਾਤ ਮੈਂ ਕਮੇਟੀ ਸਕੂਲ ਲਾਇਲਪੁਰ ਤੋਂ ਪਾਸ ਕੀਤੀ। ਟਾਂਗੇ ’ਤੇ ਜਾਂਦੇ ਸੀ ,ਉਦੋਂ। ਨਿੱਕੇ 26 ਚੱਕ ਦਾ ਬੂੜ ਸਿੰਘ ਮਹਿਰਾ ਟਾਂਗਾ ਵਾਹੁੰਦਾ ਸੀ। ਪਿੰਡੋਂ 12 ਮੀਲ ਦੂਰ ਹੈ ‘ਲਾਇਲਪੁਰ’। ਕਮੇਟੀ ਸਕੂਲ ਵਿਚ ਮੁਸਲਿਮ ਕੁੜੀਆਂ ਪੜ੍ਹਦੀਆਂ ਸਨ, ਮੇਰੇ ਨਾਲ।

ਟੀਚਰ ਮੁਸਲਿਮ ਹੀ ਸਨ, ਸਾਰੇ ਪਰ ਹੁਣ ਕਿਸੇ ਦਾ ਵੀ ਨਾਮ ਯਾਦ ਨਾ ਰਿਹਾ, ਮੈਨੂੰ। ਕਾਰਖਾਨਾ ਬਾਜ਼ਾਰ ਵਿਚ ਇਕ ਸਰਕਾਰੀ ਕਾਲਜ ਚਲਦਾ ਸੀ। ਉਸ ਦੇ ਨਾਲ ਲੜਕੀਆਂ ਦਾ ਸਰਕਾਰੀ ਸਕੂਲ ਸੀ, ਜਿਥੇ ਮੇਰੀ ਭੂਆ ਜੀ ਦੀ ਬੇਟੀ ਜਗਜੀਤ ਕੌਰ 8ਵੀਂ ਜਮਾਤ ਵਿਚ ਪੜ੍ਹਦੀ ਸੀ, ਤਦੋਂ। ਜਗਜੀਤ ਦੀ ਵੱਡੀ ਭੈਣ ਗੁਰਦੀਪ ਕੌਰ ਤਦੋਂ, ਤੇਜਾ ਸਿੰਘ ਸਮੁੰਦਰੀ ਦੇ ਬੇਟੇ ਬਿਸ਼ਨ ਸਿੰਘ ਸਮੁੰਦਰੀ ਨੂੰ ਵਿਆਹੀ ਹੋਈ ਸੀ ।ਬਿਸ਼ਨ ਸਿੰਘ ਸਮੁੰਦਰੀ ਸਰਕਾਰੀ ਕਾਲਜ ਲਾਇਲਪੁਰ ਵਿਚ ਪ੍ਰੋਫੈਸਰ ਸਨ, ਉਸ ਵੇਲੇ। ਗੁਰਦੀਪ ਦੀ ਕਾਫਲੇ ਨਾਲ ਆਉਂਦਿਆਂ ਪਲੇਗ ਨਾਲ ਮੌਤ ਹੋ ਗਈ। ਉਪਰੰਤ, ਇਧਰ ਆ ਕੇ ਜਗਜੀਤ, ਬਿਸ਼ਨ ਸਿੰਘ ਨੂੰ ਵਿਆਹੀ ਗਈ।

ਮੇਰੇ ਚਾਚਾ ਜੀ ਦਾ ਬੇਟਾ ਦਰਬਾਰਾ ਸਿੰਘ ਮਲਸੀਆਂ ਪੁੱਤਰ ਮੰਗਲ ਸਿੰਘ ਪੁੱਤਰ ਮੋਹਣ ਸਿੰਘ, ਜੋ ਇਧਰ ਐੱਮ.ਪੀ ਅਤੇ ਰਾਜਸਥਾਨ ਦਾ ਗਵਰਨਰ ਰਹੇ, ਵੀ ਤਦੋਂ ਲਾਇਲਪੁਰ ਦੇ ਸਰਕਾਰੀ ਕਾਲਜ ਵਿਚ ਪੜ੍ਹਦੇ ਸਨ। ਲਾਡੀ ਸ਼ੇਰੋਵਾਲੀਆ ਐੱਮ.ਐੱਲ.ਏ. ਸ਼ਾਹਕੋਟ ਅਤੇ ਪੀ.ਏ.ਯੂ ਤੋਂ ਸੇਵਾ ਮੁਕਤ ਵੀ.ਸੀ ਅਮਰਜੀਤ ਸਿੰਘ ਖਹਿਰਾ ਵੀ ਚਾਚਿਓਂ ਮੇਰੇ ਭਤੀਜੇ ਹਨ। 

ਲਾਇਲਪੁਰ ਸ਼ਹਿਰ ਵਿੱਚਕਾਰ ਘੰਟਾ ਘਰ ਚੌਂਕ ਹੈ, ਇਕ। ਇਥੋਂ 4 ਬਾਜ਼ਾਰ ਕ੍ਰਮਵਾਰ ਚਾਰੋਂ ਦਿਸ਼ਾਵਾਂ ਵੱਲ ਨਿੱਕਲ ਦੇ ਹਨ। ਉਹ ਹਨ, ਰੇਲ ਬਾਜ਼ਾਰ, ਡੱਬਾ ਬਾਜ਼ਾਰ, ਝੰਗ ਬਜ਼ਾਰ ਅਤੇ ਕਾਰਖਾਨਾ ਬਾਜ਼ਾਰ । ਇਕ ਹੋਰ ਬਾਜ਼ਾਰ ਵੱਜਦਾ ਸੀ, ਬਿਗਲਸ ਪੁਰਾ। ਘੰਟਾ ਘਰ ਵੰਨੀਓਂ ਨਹਿਰ ਪਾਰ, ਇਸਦੀ ਖੱਬੀ ਲੇਨ ਸਾਡੀ ਮਲਕੀਅਤ ਸੀ, ਜੋ ਬਾਬਾ ਸ਼ੇਰ ਸਿੰਘ ਵਲੋਂ ਤਿਆਰ ਕੀਤੀ ਗਈ ਸੀ। ਦੁਕਾਨਾਂ ਉਪਰ ਰਿਹਾਇਸ਼ੀ ਕੁਆਰਟਰ ਸਨ, ਜਿਨਾਂ ਵਿਚ ਬਹੁਤੇ ਸਕੂਲ ਕਾਲਜਾਂ ਦੇ ਵਿਦਿਆਰਥੀ ਬਤੌਰ ਹੋਸਟਲ ਵਜੋਂ ਰਹਿੰਦੇ ਸਨ। ਇਸ ਬਾਜ਼ਾਰ ਦੀ ਲੇਨ ਦਾ ਸੱਜਾ ਪਾਸਾ ਦੁਕਾਨਾ ਅਤੇ ਰਿਹਾਇਸ਼ੀ ਕੁਆਰਟਰ ਜਨਰਲ ਟਿੱਕਾ ਖਾਨ ਦੀ ਮਲਕੀਅਤ ਸੀ। ਬਿਲਕੁਲ ਇਸੇ ਤਰ੍ਹਾਂ ਸਾਡੇ ਪਿੰਡ 26 ਚੱਕ ਐੱਨ ਵਿੱਚਕਾਰ ਚੁਰੱਸਤੇ ਵਿਚ  ਇਕ ਖੂਹ ਹੁੰਦਾ ਸੀ, ਜਿਸ ’ਚੋਂ ਸਾਰਾ ਪਿੰਡ ਪਾਣੀ ਭਰਦਾ ਸੀ। ਵੈਸੇ ਬਾਅਦ ਵਿਚ ਬਜ਼ੁਰਗਾਂ ਪਿੰਡ ਵਿਚ 2-3 ਨਲਕੇ ਵੀ ਲਗਵਾ ਦਿੱਤੇ ਸਨ।

ਪੜ੍ਹੋ ਇਹ ਵੀ - 1947 ਹਿਜਰਤਨਾਮਾ-2 : ਸੰਤੋਖ ਸਿੰਘ ਵਲਦ ਸਾਧੂ ਸਿੰਘ ਵਲਦ ਅਮਰ ਸਿੰਘ ਦੀ ਕਹਾਣੀ

ਇਸੇ ਚੁਰੱਸਤੇ ਤੋਂ ਚਾਰੇ ਦਿਸ਼ਾਵਾਂ 4 ਬਾਜ਼ਾਰ ਖੁੱਲ੍ਹੀਆਂ ਸੜਕਾਂ ਵਾਲੇ ਹੁੰਦੇ ਸਨ, ਜਿਨ੍ਹਾਂ ’ਚ ਮੁਹੱਲਾ ਵਾਈਜ਼ ਜੱਟ ਸਿੱਖ, ਕੰਬੋਜ਼ ਸਿੱਖ, ਕਿੱਤਿਆਂ ਅਧਾਰਤ ਕੰਮੀ ਅਤੇ ਬਾਲਮੀਕ ਕੰਮੀ ਆਦਿ ਵਾਸ ਕਰਦੇ ਸਨ। ਮੁਸਲਮਾਨਾ ਦੀ ਇਕ ਕੁੜੀ ਹੁੰਦੀ ਸੀ ਵਜੀਰਾਂ, ਜਿਸ ਦਾ ਸਾਡੇ ਘਰ ਕਾਫੀ ਆਉਣ ਜਾਣ ਸੀ। ਉਸ ਦੀ ਅੰਮਾ ਦਾ ਨਾਮ ਮਾਮੋ ਅਤੇ ਉਸਦਾ ਅੱਬਾ ਸਾਡੇ ਖੇਤਾਂ ਵਿਚ ਕੰਮੀ ਹੁੰਦਾ ਸੀ। ਇਕ ਹੋਰ ਮੁਸਲਮਾਨ ਕੁੜੀ ਹੁੰਦੀ ਸੀ, ਨਿਜਾਮਤ। ਉਹ ਅਕਸਰ ਮੇਰੇ ਵੀਰ ਨੂੰ ਘਰ ਖਿਡਾਉਣ ਆਇਆ ਕਰਦੀ ਸੀ। ਇਕ ਸੁੰਦਰ ਨਾਮੇ ਨਾਈ ਹੁੰਦਾ ਸੀ। ਉਹ ਸਾਡਾ ਕੰਮੀ ਵੀ ਸੀ ਪਰ ਜ਼ਿਆਦਾ ਤਰ ਘਰਾਂ/ਖੂਹਾਂ ’ਤੇ ਜਾ ਕੇ ਨੌਂਹ ਕੱਟਣ, ਸ਼ੇਪ ਕਰਨ ਆਦਿ ਕੰਮ ਕਰਦਾ ਸੀ। ਇਸ ਦੀ ਘਰਵਾਲ਼ੀ ਕੁੜੀਆਂ ਦੇ ਸਿਰ ਵਾਹਿਆ/ਗੁੰਦਿਆ ਕਰਦੀ ਸੀ। ਇਕ ਕਰੇਲਾ ਨਾਮੇ ਮੁਸਲਮਾਨ ਲੁਹਾਰਾ ਕੰਮ ਕਰਦਾ ਸੀ। ਹਰੂ ਅਤੇ ਮਾਇਆ ਰਾਮ ਦੀਆਂ ਹੱਟੀਆਂ ਹੁੰਦੀਆਂ ਸਨ। ਕੰਬੋਆਂ ਦੇ ਮੁਹੱਲੇ ਭਗਵਾਨ ਸਿੰਘ ਦੀ ਹੱਟੀ ਹੁੰਦੀ ਸੀ। ਸਾਡੇ ਬਾਬੇ ਦਾ ਭਰਾ ਮੋਹਣ ਸਿੰਘ ਸਮੇਤ ਪਰਿਵਾਰ ਇਸ ਮੁਹੱਲੇ ’ਚ ਰਿਹਾਇਸ਼ ਰਖਦੇ ਸਨ। ਗੰਗਾ ਰਾਮ, ਸਾਡਾ ਘਰੇਲੂ ਨੌਕਰ ਹੁੰਦਾ ਸੀ,ਉਦੋਂ ।

ਉਸ ਵਕਤ ਕੁੜੀਆਂ/ਜਨਾਨੀਆਂ ਦਾ ਇਹ ਹਿਆਂ ਨਹੀਂ ਸੀ ਹੁੰਦਾ ਕਿ ਕੋਈ ਗਲ਼ੀ ’ਚੋਂ ਨੰਗੇ ਸਿਰ ਲੰਘ ਜਾਏ। ਦੂਜੇ ਦੀ ਗਲ਼ੀ ’ਚੋਂ ਘੋੜੀ ’ਤੇ ਚੜ੍ਹ ਕੇ ਲੰਘਣਾ ਵੀ ਮਨਾ ਸੀ। ਪਿੰਡ ਵਿਚ ਕੋਈ 200 ਕੁ ਘਰ ਸਨ। ਬਾਲਮੀਕ ਅਤੇ ਮੁਸਲਿਮ ਕੌਮ ਦੇ ਕੇਵਲ ਕੰਮੀ ਲੋਕ ਹੀ ਸਨ । 5-7 ਘਰ ਹਿੰਦੂ ਖੱਤਰੀਆਂ ਦੇ ਤੇ ਬਾਕੀ ਸਾਰੀ ਸਿੱਖ ਵਸੋਂ ਹੀ ਸੀ।

ਜਦ ਰੌਲੇ ਸ਼ੁਰੂ ਹੋਏ ਤਾਂ ਤਦੋਂ ਮੈਂ ਲਾਇਲਪੁਰ ਦੇ ਕਾਰਖਾਨਾ ਬਾਜ਼ਾਰ ਵਿਚਲੇ ਲੜਕੀਆਂ ਦੇ ਸਰਕਾਰੀ ਸਕੂਲ ਵਿਚ 6ਵੀਂ ਜਮਾਤ ਵਿਚ ਪੜ੍ਹਦੀ ਸਾਂ। ਉਥੇ ਹੋਸਟਲ ਵਿਚ ਰਹਿੰਦੇ ਸਾਂ। ਵੱਡੀਆਂ ਜਮਾਤਾਂ ਵਿਚ 2-3 ਹੋਰ ਚਾਚਿਓਂ /ਤਾਇਓਂ ਭੈਣਾਂ ਪੜਦੀਆਂ ਸਨ। ਸ਼ਾਮ ਨੂੰ ਗਰਾਊਂਡ ਵਿਚ  ਖਿਡਾਉਣ ਦੇ ਨਾਲ-ਨਾਲ ਟੀਚਰ ਗੁਰਬਾਣੀ ਪਾਠ ਵੀ ਪੜਾਇਆ ਕਰਦੇ ਸਨ। ਇਵੇਂ ਇਕ ਸ਼ਾਮ ਨੂੰ ਕਰਫਿਊ ਲੱਗਣ ਦਾ ਰੌਲਾ ਪੈ ਗਿਆ। ਗੱਡੀਆਂ ਦੀ ਦਗੜ-ਦਗੜ ਤੇ ਪੁਲਸ ਵਾਲੇ ਇਧਰ ਉਧਰ ਭੱਜਦੇ ਦੇਖੇ। ਮਾਲੀ ਨੇ ਭੱਜ ਕੇ ਸਕੂਲ ਦਾ ਗੇਟ ਬੰਦ ਕਰਤਾ। 2-3 ਦਿਨ ਸਕੂਲ ਦੇ ਅੰਦਰ ਰਹੇ।

ਫਿਰ ਇਕ ਦਿਨ ਮੇਰੀ ਭੂਆ ਜੀ ਦੇ ਜਵਾਈ ਪ੍ਰੋਫੈਸਰ ਬਿਸ਼ਨ ਸਿੰਘ ਸਮੁੰਦਰੀ ਨੇ ਆਪਣੇ ਅਰਦਲੀ ਨੂੰ ਟਾਂਗਾ ਦੇ ਕੇ ਭੇਜਿਆ। ਅਸੀਂ ਇਕੋ ਪਰਿਵਾਰ ਦੀਆਂ 3-4 ਕੁੜੀਆਂ ਤੇ 4-5 ਹੋਰ ਕੁੜੀਆਂ 4-5 ਦਿਨ ਸਮੁੰਦਰੀ ਦੇ ਘਰ ਰਹੀਆਂ। ਫਿਰ ਹੌਲੀ ਹੌਲੀ ਸਮੁੰਦਰੀ ਨੇ ਸਾਰੀਆਂ ਕੁੜੀਆਂ ਨੂੰ ਟਾਂਗੇ ’ਤੇ ਉਨ੍ਹਾਂ ਦੇ ਪਿੰਡਾਂ ਵਿਚ ਘਰੋ ਘਰੀਂ ਪਹੁੰਚਾਇਆ।

26 ਚੱਕ ਨਹਿਰ ਪਾਰ ਸਯੱਦ ਮੁਸਲਿਮਾ ਦਾ ਪਿੰਡ ਸੀ। ਉਧਰੋਂ ਕਈ ਦਫਾ ਹੱਲੇ ਦਾ ਰੌਲਾ ਪੈਂਦਾ ਤਾਂ ਲੋਕ ਕੋਠਿਆਂ ’ਤੇ ਚੜ ਜਾਂਦੇ। ਕਿਓਂ ਜੋ ਸਾਡੇ ਬਜੁਰਗ ਪਿੰਡ ਦੇ ਚੌਧਰੀ ਅਤੇ ਲਾਇਸੰਸੀ ਅਸਲਾ ਰਖਦੇ ਸਨ, ਸੋ ਉਨ੍ਹਾਂ ਨੂੰ ਇਹ ਮਾਣ ਸੀ ਕਿ ਗੁਆਂਢੀ ਪਿੰਡ ਤਾਂ ਕੋਈ ਹਮਲਾ ਕਰਨ ਦਾ ਹਿਆਂ ਨਹੀਂ ਕਰ ਸਕਦਾ। ਫਿਰ ਵੀ ਉਨ੍ਹਾਂ ਗੁਰਦੁਆਰਾ ਵਿਚ ਬੈਠਕ ਕਰਕੇ ਇਹਤਿਆਤ ਵਜੋਂ ਚੋਣਵੇਂ ਨੌਜਵਾਨਾ ਦਾ ਪਿੰਡ ਵਿਚ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਿਚ ਬਹੁਤਾਤ ਸਾਡੇ ਪਰਿਵਾਰ ਦੇ ਨੌਜਵਾਨ ਹੀ ਸਨ। ਸ: ਦਰਬਾਰਾ ਸਿੰਘ ਸ਼ੇਰੋਵਾਲੀਆ ਗਵਰਨਰ ਵੀ ਉਨ੍ਹਾਂ ਵਿਚ ਪ੍ਰਮੁੱਖ ਹੁੰਦੇ ਸੀ। ਇਕ ਦਿਨ ਪੁਲਸ ਵਾਲੇ ਆ ਕੇ ਹਥਿਆਰ ਜ਼ਬਤ ਕਰਕੇ ਲੈ ਗਏ। ਪਿੰਡ ਵਿਚ ਇਕ ਫੌਜੀ ਰਹਿੰਦਾ ਸੀ, ਉਦੋਂ। ਉਸ ਨੂੰ ਬੰਬ-ਤੋਪਾਂ ਬਣਾਉਣ ਦੀ ਜਾਂਚ ਸੀ। ਤਾਂਬੇ ਦੇ ਬਰਤਨ 'ਕੱਠੇ ਕਰਕੇ ਹਲਕੇ ਬੰਬ ਅਤੇ ਤੋਪਾਂ ਬਣਾ ਕੇ ਬਾਹਰ ਦਰੱਖਤਾਂ ’ਤੇ ਬੀੜ ਦਿੱਤੀਆਂ ਗਈਆਂ।

ਇਸੇ ਤਰ੍ਹਾਂ ਕਸ਼ਮ-ਕਸ਼, ਡਰ ਅਤੇ ਸਹਿਮ ਦੇ ਮਾਹੌਲ ਵਿਚ ਛਵੀਆਂ ਦੀ ਉਹ ਰੁੱਤ ਵੀ ਲੰਘ ਗਈ। ਮੀਂਹ ਵੀ ਖੂਬ ਵਰਿਆ, ਉਦੋਂ। ਸਯੱਦ ਮੁਸਲਿਮਾ ਦੇ ਪਿੰਡੋਂ ਕੁਝ ਲਿਹਾਜੀ ਮੁਸਲਿਮ ਆ ਕੇ ਬਜ਼ੁਰਗਾਂ ਨੂੰ ਦੋ ਪਿਸਤੌਲ ਹਿਫਾਜ਼ਤ ਲਈ ਦੇ ਗਏ। ਵੈਸੇ ਉਨ੍ਹਾਂ ਸਰਹੱਦ ਤੱਕ ਪਰਿਵਾਰ ਨੂੰ ਹਿਫਾਜ਼ਤ ਨਾਲ ਕਾਰਾਂ ਵਿਚ ਛੱਡ ਆਉਣ ਦਾ ਸੁਝਾਅ ਪੇਸ਼ ਕੀਤਾ ਪਰ, ਪਿਤਾ ਜੀ ਨਾ ਮੰਨੇ। ਆਖੀਰ ਕੋਈ ਚਾਰਾ ਨਾ ਰਿਹਾ ਤਾਂ ਲੰਬੀ ਉਡੀਕ ਉਪਰੰਤ ਜਦ ਕਪਾਹਾਂ ਖਿੜਕੀਆਂ ਹੋਈਆਂ ਸਨ, ਚੜਦੇ ਅੱਸੂ ਨੂੰ ਲਵੇਰੀਆਂ ਦੇ ਸੰਗਲ ਖੋਲ, ਜਰੂਰੀ ਗਹਿਣਾ ਗੱਟਾ ਅਤੇ ਰਸਤੇ ਲਈ ਆਟਾ ਫੱਕਾ ਗੱਡਿਆਂ ਤੇ ਲੱਦ, ਵਸਦਾ ਭਰਿਆ ਵੇਹੜਾ ਛੱਡ ਕੇ ਵੱਡੇ ਖਿਆਲਾ ਕੈਂਪ ਵਿਚ ਜਾ ਸ਼ਾਮਲ ਹੋਏ। ਇਥੋਂ ਤੁਰਨ ਤੋਂ ਪਹਿਲੇ ਵਡੇਰਿਆਂ ਆਪਣੀ ਪਹੁੰਚ ਨਾਲ ਇਕ ਫੌਜੀ ਟਰੱਕ ਮੰਗਵਾ ਲਿਆ ਸੀ, ਜਿਸ ਵਿਚ ਪਿੰਡ ਦੇ ਬੱਚੇ,ਬੀਬੀਆਂ ਅਤੇ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ’ਤੇ ਭਿਜਵਾ ਦਿੱਤਾ ਗਿਆ ।

ਲਾਇਲਪੁਰ ਇਲਾਕੇ ਵਿਚ ਉਦੋਂ ਗਿਆਨੀ ਕਰਤਾਰ ਸਿੰਘ ਨੇ ਹਿੰਦੂ-ਸਿੱਖਾਂ ਨੂੰ ਸੁਰੱਖਿਅਤ ਕੱਢਣ ਲਈ ਪੂਰਾ ਅੱਡੀ ਚੋਟੀ ਦਾ ਜੋਰ ਲਾਇਆ। ਰੌਲਿਆਂ ’ਚ ਸਾਡੇ ਪਿੰਡ ਵੀ ਕਈ ਦਫਾ ਆ ਕੇ ਗੁਰਦੁਆਰਾ ਵਿਚ 'ਕੱਠ ਕੀਤਾ ,ਉਸ ਨੇ। ਇਥੇ ਕੈਂਪ ਵਿਚ ਵੀ ਕਈ ਦਫਾ ਆਏ। ਰਾਸ਼ਨ ਦੇ ਟਰੱਕ ਵੀ ਆਉਂਦੇ ਰਹੇ । ਖਿਆਲਾ ਕੈਂਪ ਵਿਚ ਤਦੋਂ ਮਿਲਟਰੀ ਦਾ ਕੋਈ ਪਹਿਰਾ ਨਹੀਂ ਸੀ।ਇਵੇਂ ਇਕ ਦਿਨ ਰੌਲਾ ਪੈ ਗਿਆ ਕਿ ਬਾਹਰ ਆ ਗਈ,ਭਾਵ ਕਿ ਬਾਹਰੋਂ ਕੈਂਪ ਤੇ ਹਮਲਾ ਹੋਇਆ ਹੈ। ਹਮਲਾ ਤਾਂ ਕੋਈ ਨਹੀਂ ਹੋਇਆ ਤਦੋਂ ਪਰ, ਇਹਤਿਆਤ ਵਜੋਂ ਕੈਂਪ ਵਿਚਲੇ ਲੁਹਾਰਾਂ ਨੇ ਉਥੇ ਸਥਿਤ ਇਕ ਵੱਡੀ ਹਵੇਲੀ ਦੀਆਂ ਬਾਰੀਆਂ ਵਿਚਲੀਆਂ ਲੋਹੇ ਦੀਆਂ ਸੀਖਾਂ/ਸਰੀਏ ਕੁੱਟ ਕੁੱਟ ਬਰਸੀਆਂ ਬਣਾ ਦਿੱਤੀਆਂ। ਮੁੜ ਇਕ ਦਿਨ ਉਹੀ ਰੌਲਾ ਪੈ ਗਿਆ। ਮੌਕੇ ਦੇ ਮੋਹਰੀਆਂ ਨੇ ਸਾਰੀਆਂ ਮੁਟਿਆਰ ਕੁੜੀਆਂ ਨੂੰ ਬਰਸੀਆਂ ਦੇ ਕੇ ਹਵੇਲੀ ਦੇ ਕਮਰਿਆਂ ਵਿਚ ਡੱਕ ਕੇ ਤਾਕੀਦ ਕੀਤੀ ਕਿ ਪਹਿਲਾਂ ਤਾਂ ਅਸੀਂ ਸ਼ਹੀਦੀਆਂ ਦੇਵਾਂਗੇ ਅਤੇ ਤੁਸੀਂ ਜਿਊਂਦੀਆਂ ਦੰਗਈਆਂ ਦੇ ਹੱਥ ਨਹੀਂ ਆਉਣਾ।ਬਾਹਰ ਦੰਗਈ ਚੜ੍ਹ ਆਏ ਪਰ ਜਦ ਸਿੱਖ ਸਰਦਾਰਾਂ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡ ਕੇ ਤਲਵਾਰਾਂ ਨੂੰ ਹਵਾ ਵਿਚ ਲਹਿਰਾਇਆ ਤਾਂ ਉਹ ਫਸਲਾਂ ਵਿਚ ਦੀ ਭੱਜ ਤੁਰੇ। ਫਿਰ ਅਗਲੇ ਦਿਨ ਸੈਂਕੜੇ ਗੱਡਿਆਂ ਦਾ ਕਾਫਲਾ,ਮਿਲਟਰੀ ਫੋਰਸ ਦੇ ਪਹਿਰੇ ਹੇਠ, ਬੱਲੋ ਕੀ ਹੈੱਡ ਲਈ ਤੁਰਿਆ। ਜਿਥੇ ਦਰਿਆ ਰਾਵੀ ਅਤੇ ਝਨਾਂ ਮਿਲਦੇ ਹਨ। ਇਥੇ ਵਿੱਖਰੀਆਂ,ਫੁੱਲੀਆਂ ਅਤੇ ਕੱਟੀਆਂ ਵੱਢੀਆਂ ਸੈਂਕੜੇ ਲਾਸ਼ਾਂ ਦਾ ਭਿਆਨਕ ਮੰਜਰ ਦੇਖਿਆ।

ਦਿਨੇ ਕਾਫਲਾ ਤੁਰਦਾ,ਜਿਥੇ ਰਾਤ ਪੈਂਦੀ ਉਥੇ ਠਹਿਰਾ ਕਰ ਲੈਂਦੇ। ਜ਼ਮੀਨ ਖੋਦ ਕੇ ਚੁੱਲ੍ਹੇ ਬਣਾ, ਰੋਟੀਆਂ ਲਾਹ ਲੈਂਦੇ। ਕਈ ਦਫਾ ਮੱਕੀ, ਕਣਕ ਦੇ ਦਾਣੇ ਭੁੰਨਾ, ਗੁੜ ਨਾਲ ਖਾ ਲੈਂਦੇ। ਖੂਹ/ਢਾਬ ਦਾ ਪਾਣੀ ਪਹਿਲੇ ਚੈੱਕ ਕਰਦੇ ਮਤਾ ਵਿਚ ਜਹਿਰ ਤਾਂ ਨਹੀਂ, ਫਿਰ ਕੱਪੜ ਛਾਣ ਪੀਂਦੇ। ਵਬਾ ਵੀ ਫੈਲੀ ਹੋਈ ਸੀ, ਉਦੋਂ।ਕਈ ਬੱਚੇ ਬੁੱਢੇ ਵਬਾ ਦੀ ਭੇਟ ਚੜ੍ਹ ਗਏ ।ਸੰਸਕਾਰ ਦਾ ਤਾਂ ਕੋਈ ਬੰਦੋਬਸਤ ਨਾ ਹੁੰਦਾ, ਜ਼ਮੀਨ ਪੁੱਟ ਕੇ ਦੱਬ ਦਿੰਦੇ। ਪਿਤਾ ਜੀ ਕਾਫਲੇ ਚ ਹੀ ਬਿਮਾਰ ਹੋ ਗਏ । ਉਹਨਾ ਨੂੰ ਗੱਡੇ ਤੇ ਮੰਜਾ ਡਾਹ, ਲਿਟਾ ਦਿੱਤਾ ਗਿਆ ।ਬੀਬੀ ਜੀ ਓਹੜ ਪੋਹੜ ਕਰਦੇ ਰਹੇ।ਦਸਤ ਲੱਗਣ ਕਾਰਨ ਸਰੀਰਕ ਸੱਤਿਆ ਨਾ ਰਹੀ।  ਨੀਮ ਬੇਹੋਸ਼ੀ ਵਿਚ ਉਨ੍ਹਾਂ ਆਖਿਆ ਕਿ ਸ਼ਾਹ ( ਮੇਰੇ ਮਾਮਾ ਜਗਦੇਵ ਸਿੰਘ ) ਨੂੰ ਬੁਲਾਓ। ਮਾਮਾ ਜੀ ਨੂੰ ਕਹਿਓਸ ਕਿ ਕੁੜੀਆਂ ਨੂੰ ਪੜਾਉਣਾ। ਆਖੀਰ ,ਭਿੱਖੀਵਿੰਡ ਦੇ ਪਿੱਛੇ ਅਲਗੋਂ ਕੋਠੀ ਬਰਾਬਰ ਉਥੋਂ ਡਾ. ਸੱਦ ਭੇਜਿਆ ਪਰ ਉਹ ਵਬਾ ਦੀ ਭੇਟ ਚੜ੍ਹ ਗਏ ।

ਮੇਰਾ ਕਜ਼ਨ ਮਹਿੰਦਰ ਸਿੰਘ ਪੁਲਸ ਦੀ ਗੱਡੀ ਲੈ ਆਇਆ। ਉਸ ਵਿਚ ਪਿਤਾ ਜੀ ਨੂੰ ਰੱਖਿਆ ਗਿਆ ।ਮੈਂ ਵੀ ਭਰਾ ਨੂੰ ਕੁੱਛੜ ਚੁੱਕ ਕੇ ਬੀਬੀ ਜੀ ਨਾਲ ਜਾ ਬੈਠੀ। ਸ਼ੇਰੋਂ ਪਹੁੰਚਣ ਤੋਂ ਪਹਿਲਾਂ ਛੋਟੇ ਬੀਬੀ ਜੀ ਵੀ ਕਾਫਲੇ ਵਿਚ ਬੀਮਾਰ ਚਲ ਰਹੇ ਸਨ। ਸ਼ੇਰੋਂ ਪਹੁੰਚ ਕੇ ਵੱਡੀ ਬੀਬੀ ਨੇ ਵਾਹਿਗੁਰੂ ਅੱਗੇ ਸਲਾਮਤੀ ਲਈ ਦੁਆ ਕੀਤੀ। ਸਾਡਾ ਪਰਿਵਾਰ ਤਾਂ ਸਦਮੇ ਵਿਚ ਸੀ ਪਰ ਬਾਕੀ ਟੱਬਰ ਨੇ ਬੱਕਰੇ ਝਟਕਾ ਕੇ ਰਾਜੀ ਬਾਜੀ ਪਹੁੰਚਣ ਤੇ ਖੁਸ਼ੀਆਂ ਮਨਾਈਆਂ। ਸਾਡਾ ਗਹਿਣਾ ਗੱਟਾ ਵੀ ਉਹ ਸਾਂਭ ਗਏ। ਉਸੇ ਸ਼ਾਮ ਨੂੰ ਪਿਤਾ ਜੀ ਦਾ ਸੰਸਕਾਰ ਪਿੰਡ ਦੇ ਸਿਵਿਆਂ ਵਿਚ ਕਰਤਾ।ਮੈਂ ਏਨੀ ਥੱਕ ਟੁੱਟ ਚੁੱਕੀ ਸਾਂ ਕਿ ਸਰੀਰ ਵਿਚ ਸੱਤਿਆ ਨਾ ਰਹੀ। ਪਿਤਾ ਜੀ ਦੇ ਸੰਸਕਾਰ ਤੇ ਕੰਧਾਂ ਦਾ ਸਹਾਰਾ ਲੈ ਲੈ ਪਹੁੰਚੀ। ਪਿਤਾ ਜੀ ਸਵਰਗ ਸਿਧਾਰ ਗਏ ਤੇ ਭਰਾ ਹਾਲੇ ਛੋਟਾ ਸੀ।ਸੋ ਸਮੇਂ ਦੀ ਨਿਜਾਕਤ ਦੇਖ ਕੇ ਮੇਰੇ ਮਾਮਾ ਜੀ ਜਗਦੇਵ ਸਿੰਘ ਹੋਰਾਂ ਸਾਡੇ ਪਾਸ ਸਮੇਤ ਪਰਿਵਾਰ, ਰਹਿਣ ਦਾ ਫੈਸਲਾ ਕਰ ਲਿਆ। ਸਾਡੀ ਸ਼ੇਰੋਂ ਪਿੰਡ ਵਿਚ ਕੋਈ 7.5 ਕਿੱਲੇ ਜੱਦੀ ਪੈਲੀ ਸੀ। ਕੁਝ ਸਮਾਂ ਉਸੇ ਨੂੰ ਵਾਹਿਆ।ਕਰੀਬ 3 ਕੁ ਮਹੀਨੇ ਬਾਅਦ ਸਾਡੀ 10 ਏਕੜ ਜ਼ਮੀਨ ਦੀ ਕੱਚੀ ਪਰਚੀ ਪਿੰਡ ਮੁਗਲ ਪੁਰਾ ਨਜ਼ਦੀਕ ਹਿਸਾਰ ਨਿਕਲੀ।ਕੁਝ ਮਹੀਨੇ ਖੇਤੀ ਕਰਦੇ ਰਹੇ।ਮਾਮਾ ਜੀ ਨਾਲ ਹੀ ਪੈਂਦੀ ਉਖਲਾਣਾ ਪਿੰਡ ਦੀ ਦਾਣਾ ਮੰਡੀ ਅਤੇ ਰੇਲਵੇ ਸਟੇਸ਼ਨ ਤੇ ਆਪਣਾ ਗੱਡਾ ਵੀ ਵਾਹੁੰਦਾ ਰਹੇ।ਜਿਸ ਨਾਲ ਘਰ ਦਾ ਗੁਜਾਰਾ ਕੁਝ ਸੁਖਾਲਾ ਚਲਦਾ ਰਿਹਾ।ਕਿਓਂ ਜੋ ਵਾਹੀਯੋਗ ਜ਼ਮੀਨ ਬਹੁਤੀ ਮਾਰੂ ਹੀ ਸੀ ।

ਤੰਗੀਆਂ ਤੇ ਚੱਲਦਿਆਂ ਮਾਮੀ ਜੀ ਅਤੇ ਉਹਦੇ ਬੱਚਿਆਂ ਨੂੰ ਵਕਤੀ ਤੌਰ ਤੇ ਉਹਦੇ ਪੇਕਿਆਂ ਸੱਦ ਭੇਜਿਆ। ਹੋਰ ਤਿੰਨ ਕੁ ਸਾਲ ਬਾਅਦ ਸਾਡੀ ਜਮੀਨ ਦੀ ਪੱਕੀ ਅਲਾਟਮੈਂਟ ਅਟਾਰੀ ਸਟੇਸ਼ਨ ਤੋਂ ਉਰਾਰ ਸਤਲਾਣੀ ਸਟੇਸ਼ਨ ਨਾਲ ਲਗਦੇ ਹੁਸ਼ਿਆਰ ਨਗਰ ਵਿਖੇ 67 ਏਕੜ ਸਟੈਂਡਰਡ ਦੀ ਅਤੇ ਇਕ  ਬਾਗ਼ਵਾਨੀ ਮੁਰੱਬਾ ਮਾਨਾਂਵਾਲਾ ਸਟੇਸ਼ਨ ਨਜ਼ਦੀਕ ਅਲਾਟ ਹੋਇਆ।ਕੁਝ ਵਰ੍ਹੇ ਫਿਰ ਇਵੇਂ ਹੀ ਲੰਘ ਗਏ । ਭਾਅ ਜੀ ਦਰਬਾਰਾ ਸਿੰਘ ਸ਼ੇਰੋਵਾਲੀਆ ਨੇ ਉਦਮ ਕਰਕੇ ਸਾਡੀ ਹੁਸ਼ਿਆਰ ਨਗਰ ਵਾਲੀ ਜ਼ਮੀਨ ਮਲਸੀਆਂ ਤਬਦੀਲ ਕਰਵਾ ਲਈ। ਇਸ ਸਾਰੇ ਘਟਨਾਕ੍ਰਮ ਵਿਚ ਸਾਡੇ ਮਾਮਾ ਜਗਦੇਵ ਸਿੰਘ ਹੀ ਸਾਡੇ ਨਾਲ ਰਹਿ, ਸਰਬਰਾਹੀ ਕਰਦੇ ਰਹੇ। ਕਿਓਂ ਜੋ ਪਿਤਾ ਜੀ ਤਾਂ ਕਾਫਲੇ ਚ ਆਉਂਦਿਆਂ ਪਲੇਗ ਦੀ ਭੇਟ ਚੜ੍ਹ ਗਏ ਸਨ ਤੇ ਰੌਲਿਆਂ ਸਮੇਂ ਭਰਾ ਟਿੱਕਾ ਸਿੰਘ ਦੀ ਉਮਰ ਕੇਵਲ ਸਾਢੇ ਕੁ ਚਾਰ ਸਾਲ ਦੀ ਸੀ।ਇਸ ਤਰਾਂ ਮਾਮਾ ਜੀ ਦੇ ਸਾਰੀ ਉਮਰ ਦੇਣ ਦਾਰ ਹਾਂ।ਇਥੇ ਇਕ ਹੋਰ ਦੁਖਦਾਈ ਘਟਨਾ ਮੈਨੂੰ ਯਾਦ ਆ ਰਹੀ ਹੈ।

ਕਿ ਰੌਲਿਆਂ ਤੋਂ ਕੋਈ ਦੋ ਕੁ ਸਾਲ ਪਹਿਲੇ ਭੂਆ ਬਿਸ਼ਨ ਕੌਰ ਜੋ ਲਾਇਲਪੁਰ ਦੇ ਪਿੰਡ ਬਾਹਮਣੀ ਵਾਲੇ ਫੁੱਫੜ ਕਿਸ਼ਨ ਸਿੰਘ ਨੂੰ ਵਿਆਹੀ ਹੋਈ ਸੀ, ਪੇਕੀਂ ਮੇਰੇ ਤਾਏ ਘਰ ਆ ਕੇ ਸ਼ਿਕਾਇਤ ਕੀਤੀ ਕਿ ਉਸ ਦਾ ਦਿਓਰ ਤੰਗ ਪਰੇਸ਼ਾਨ ਕਰਦਾ ਹੈ। ਉਥੇ ਝਗੜਾ ਸੁਲਝਾਉਣ ਲਈ ਮੇਰਾ ਮਾਮਾ ਬੂਟਾ ਸਿੰਘ ਭੂਆ ਨਾਲ ਉਸ ਦੇ ਪਿੰਡ ਚਲਿਆ ਗਿਆ ।ਸ਼ਾਮ ਨੂੰ ਪਿਤਾ ਜੀ ਅਤੇ ਮਾਮਾ ਗੁਰਚਰਨ ਸਿੰਘ ਵੀ ਘੋੜੀ ਤੇ ਚਲੇ ਗਏ ।ਉਥੇ ਸ਼ਾਮ ਨੂੰ ਪਰਿਵਾਰਕ ਮੈਂਬਰ 'ਕੱਠੇ ਹੋਏ ।ਮਾਮਾ ਬੂਟਾ ਸਿੰਘ ਪਿਸ਼ਾਬ ਕਰਨ ਬਾਹਰ ਗਿਆ ਤਾਂ ਉਥੇ ਫਸਲ ਚ ਭੂਆ ਦੇ ਦਿਓਰ ਨੇ ਬਰਸੀ ਮਾਰ ਕੇ ਮਾਮੇ ਦਾ ਥਾਂ ਤੇ ਹੀ ਕਤਲ ਕਰ ਦਿੱਤਾ । ਮਾਮਾ ਗੁਰਚਰਨ ਸਿੰਘ ਪਿਸ਼ਾਬ ਕਰਨ ਗਿਆ ਤਾਂ ਉਸ ਦੇ ਵੀ ਬਰਸੀ ਮਾਰ ਦਿੱਤੀ ।ਪਿਤਾ ਜੀ ਬਾਹਰ ਮਾਮਿਆਂ ਨੂੰ ਦੇਖਣ ਗਏ ਤਾਂ ਪਿਤਾ ਜੀ ਦੇ ਸਿਰ ਤੇ ਵੀ ਉਸ ਨੇ ਵਾਰ ਕਰ ਦਿੱਤਾ । ਪਿਤਾ ਜੀ ਤਾਂ ਸਿਹਤਯਾਬ ਹੋ ਗਏ ਪਰ ਮਾਮਾ ਗੁਰਚਰਨ 13 ਵੇਂ ਦਿਨ  ਲਾਇਲਪੁਰ ਦੇ ਹਸਪਤਾਲ ਵਿਚ ਸਵਾਸ ਤਿਆਗ ਗਏ।
    
ਮੇਰੀ ਪੇਕੇ ਘਰ ਸ਼ੇਰੋਂ ਦੀ 7.5 ਏਕੜ ਪੈਲੀ ਅਤੇ ਘਰ ਦੀ ਸਰਬਰਾਹੀ, ਪੇਕਿਓਂ ਸ਼ਰੀਕੇ ਚੋਂ ਭਤੀਜਾ ਲੱਗਦਾ ਗੁਰਮੇਲ ਸਿੰਘ ਉਰਫ ਗਹਿਰੀ ਪਹਿਲਵਾਨ ਹੀ ਕਰਦਾ ਹੈ। ਕਦੇ ਉਸ ਤੋਂ ਮਾਮਲਾ ਵਗੈਰਾ ਨਹੀਂ ਲਿਆ। ਉਹੀ ਵਾਹੁੰਦਾ ਖਾਂਦਾ ਹੈ।ਹਾਲ ਹੀ ਵਿੱਚ ਸ਼ੇਰੋਂ ਵਿਚਲਾ ਸੱਭ ਕੁਝ ਉਸੇ ਦੇ ਨਾਮ ਕਰਵਾ ਦਿੱਤਾ ਹੈ। ਉਹ ਸਾਡੇ ਦੁੱਖ ਸੁੱਖ ਦਾ ਹਾਮੀ ਹੈ ।- ਮਲਸੀਆਂ ਜਦ ਆਏ ਤਾਂ ਪਹਿਲਾਂ ਖੇਤਾਂ ਵਿੱਚ ਕੱਖਾਂ ਦੀਆਂ ਛੰਨਾ ਪਾ ਕੇ ਹੀ ਵਾਸ ਕੀਤਾ। ਪੰਜ ਗੋਲੀ ਦਾ ਪਿਸਤੌਲ ਹੁੰਦਾ ਸੀ ,ਸਾਡੇ ਪਾਸ। ਮੈਂ ਤੇ ਮੇਰੀ ਮਾਂ ਨੇ ਅੱਧੀ ਅੱਧੀ ਰਾਤ ਵਾਰੋ ਵਾਰੀ ਜਾਗ ਕੇ ਪਹਿਰਾ ਦੇਣਾ। ਤਦੋਂ ਮੇਰੇ ਕਜ਼ਨ ਗੁਰਦਾਰਾ ਸਿੰਘ ਨੇ ਹੀ ਸਾਡੀ ਖੇਤੀਬਾੜੀ ਸਾਂਭੀ। ਕਿਓਂ ਜੋ ਭਰਾ ਟਿੱਕਾ ਸਿੰਘ ਕੇਵਲ 11 ਕੁ ਸਾਲ ਦਾ ਸੀ ਉਦੋਂ। ਭਰਾ ਨੇ ਵੱਡਾ ਹੋ ਕੇ ਖੇਤੀਯੋਗ ਅਤੇ ਪਰਿਵਾਰ ਦੀ ਸਾਰੀ ਜਿੰਮੇਵਾਰੀ ਸੰਭਾਲੀ।ਇਹੀ ਨਹੀਂ ਸਗੋਂ 15-20 ਸਾਲ ਲਗਾਤਾਰ ਲਕਸ਼ੀਆਂ ਪੱਤੀ - ਮਲਸੀਆਂ ਦਾ ਸਰਪੰਚ ਵੀ ਰਿਹੈ ।

ਹੁਣ ਵੀ ਅੱਗੋਂ ਉਹਦਾ ਪੁੱਤਰ ਅਸ਼ਵਿੰਦਰ ਸਿੰਘ ਸਰਪੰਚ ਹੈ। - ਰਹੀ ਮੇਰੇ ਵਿਆਹੁਤਾ ਜੀਵਨ ਦੀ ਗੱਲ, ਇਥੇ ਮਲਸੀਆਂ 1965 ਵਿਚ ਮੇਰੀ ਸ਼ਾਦੀ ਮਲਸੀਆਂ ਨਜ਼ਦੀਕੀ ਪਿੰਡ ਬਾਦਸ਼ਾਹਪੁਰ ਦੇ ਸ. ਸੁਲੱਖਣ ਸਿੰਘ ਰੰਧਾਵਾ ਪੁੱਤਰ ਸ.ਸਰੂਪ ਸਿੰਘ ਨਾਲ ਹੋਈ। ਇਸ ਵਕਤ ਦੋ ਬੇਟੇ ਕਰਮਵਾਰ ਤੇਜਪਾਲ ਸਿੰਘ ਅਤੇ ਮਿਸਕਾ ਸਮੇਤ ਪਰਿਵਾਰ ਕੈਨੇਡਾ ਵਿੱਚ ਆਬਾਦ ਹਨ।ਬੇਟੀਆਂ ਰਜਵੰਤ ਕੌਰ ਫਿਲੌਰ ਅਤੇ ਅਮਨਦੀਪ ਕੌਰ ਝਬਾਲ ਵਿਆਹੀਆਂ ਹੋਈਆਂ ਨੇ। ਇਹਨਾ ਬੱਚਿਆਂ ਦੇ ਸਹਾਰੇ ਹੀ ਜ਼ਿੰਦਗੀ ਦਾ ਪਿਛਲਾ ਪਹਿਰ ਹੰਢਾਅ ਰਹੇ ਹਾਂ। 47 ਦੀ ਭਿਆਨਕ ਯਾਦ ਅੱਜ ਵੀ ਰਾਤਾਂ ਦੀ ਨੀਂਦ ਹਰਾਮ ਕਰ ਦਿੰਦੀ ਹੈ,ਜਦੋਂ ਮਜ੍ਹਬੀ ਤੁਅਸਬ ਇਨਸਾਨੀਅਤ ਗੁਆ ਕੇ ਰਾਕਸ਼ੀ ਰੂਪ ਧਾਰਨ ਕਰ ਗਿਆ ਸੀ ।"
   
ਸਤਵੀਰ ਸਿੰਘ ਚਾਨੀਆਂ 
92569-73526  

rajwinder kaur

This news is Content Editor rajwinder kaur