ਅਮਰੀਕਾ 'ਚ 'ਡਿਪਟੀ ਸੰਦੀਪ ਸਿੰਘ ਧਾਲੀਵਾਲ' ਦੇ ਨਾਂ 'ਤੇ ਰੱਖਿਆ ਗਿਆ ਇਸ Highway ਦਾ ਨਾਂ

10/08/2020 12:41:57 AM

ਟੈੱਕਸਾਸ - ਅਮਰੀਕਾ ਦੇ ਲੋਕ ਭਾਰਤੀ ਮੂਲ ਦੇ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦਾ ਨਾਂ ਅਤੇ ਉਨ੍ਹਾਂ ਵੱਲੋਂ ਕੀਤੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲਣ ਵਾਲੇ, ਜਿਨ੍ਹਾਂ ਦੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਉਥੇ ਹੀ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਅਤੇ ਹੋਰ ਕਮਿਊਨਿਟੀਆਂ ਵੱਲੋਂ 27 ਸਤੰਬਰ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਬੀਤੇ ਮੰਗਲਵਾਰ ਨੂੰ ਹੈਰਿਸ ਕਾਉਂਟੀ ਟੋਲ ਰੋਡ ਅਥਾਰਟੀ ਅਤੇ ਸ਼ੈਰਿਫ ਆਫਿਸ ਲੀਡਰਸ਼ਿਪ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਹਾਈਵੇਅ-249 ਨੇੜੇ ਬੈਲਟਵੇਅ-8 ਦਾ ਨਾਂ ਬਦਲ ਕੇ ਸੰਦੀਪ ਸਿੰਘ ਦੇ ਨਾਂ 'ਤੇ ਰੱਖ ਦਿੱਤਾ। ਜਿਸ ਨੂੰ ਹੁਣ ਐੱਚ. ਸੀ. ਐੱਸ. ਓ. ਡਿਪਟੀ ਸੰਦੀਪ ਸਿੰਘ ਧਾਲੀਵਾਲ ਮੈਮੋਰੀਅਲ ਟੋਲਵੇਅ ਦਾ ਨਾਂ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਈ ਰਿਸ਼ਤੇਦਾਰ ਮੌਜੂਦ ਸਨ।

ਉਥੇ ਹੀ ਅਮਰੀਕਾ ਦੀ ਪ੍ਰਤੀਨਿਧੀ ਸਭਾ (ਯੂ. ਐੱਸ. ਹਾਊਸ ਆਫ ਰੀਪ੍ਰੈਂਜ਼ੇਨਟੇਟਿਵ) ਵੱਲੋਂ 315 ਐਡਿਕਸ ਹੋਵੈੱਲ ਰੋਡ 'ਤੇ ਸਥਿਤ ਡਾਕਖਾਨੇ (ਪੋਸਟ ਆਫਿਸ) ਦਾ ਨਾਂ ਬਦਲ ਕੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਰੱਖ ਦਿੱਤਾ ਗਿਆ ਹੈ। ਪ੍ਰਤੀਨਿਧੀ ਸਭਾ ਅਤੇ ਹੋਰ ਕਈ ਭਾਈਚਾਰੇ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ। ਦੱਸ ਦਈਏ ਕਿ ਸੰਦੀਪ ਸਿੰਘ ਧਾਲੀਵਾਲ ਟੈੱਕਸਾਸ ਵਿਚ ਪਹਿਲੇ ਸਿੱਖ ਪੁਲਸ ਅਧਿਕਾਰੀ ਸਨ, ਜਿਨ੍ਹਾਂ ਨੂੰ ਡਿਊਟੀ ਦੌਰਾਨ ਪੱਗ ਬੰਨ੍ਹਣ ਅਤੇ ਦਾੜੀ ਰੱਖਣ ਦੀ ਇਜਾਜ਼ਤ ਮਿਲੀ ਸੀ। ਅਮਰੀਕਾ ਦੇ ਟੈੱਕਸਾਸ ਸੂਬੇ ਵਿਚ 27 ਸਤੰਬਰ, 2019 ਨੂੰ ਡਿਊਟੀ ਦੌਰਾਨ ਉਹ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇਕ ਸ਼ਖਸ ਰਾਬਰਟ ਸੋਲਿਸ ਨੇ ਉਨ੍ਹਾਂ ਨੂੰ ਪਿਛਿਓਂ ਗੋਲੀ ਮਾਰ ਦਿੱਤੀ ਸੀ, ਜਿਸ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ ਸੀ।

ਉਥੇ ਹੀ ਜਦ ਸੰਦੀਪ ਸਿੰਘ ਦੀ ਮੌਤ ਦੀ ਜਾਣਕਾਰੀ ਅਮਰੀਕਾ ਤੋਂ ਬਾਅਦ ਪੰਜਾਬ ਵਿਚ ਪਹੁੰਚੀ ਤਾਂ ਚਾਰੋਂ ਪਾਸੇ ਸੋਗ ਦੀ ਲਹਿਰ ਛਾ ਗਈ। ਦੱਸ ਦਈਏ ਕਿ ਸੰਦੀਪ ਸਿੰਘ ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਪਿੰਡ ਧਾਲੀਵਾਲ ਬੇਟ ਵਿਚ ਜਨਮੇ ਸਨ। ਸੰਦੀਪ ਦੇ ਪਿਤਾ ਕੁਝ ਸਮੇਂ ਤੋਂ ਅਮਰੀਕਾ ਵਿਚ ਹੀ ਰਹਿ ਰਹੇ ਸਨ। ਸੰਦੀਪ ਸਿੰਘ ਦੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਵਿਚ ਹੋਈ, ਅੱਗੇ ਦੀ ਪੜਾਈ ਲਈ ਉਨ੍ਹਾਂ ਨੇ ਕਰਤਾਰਪੁਰ ਦੇ ਜਨਤਾ ਕਾਲਜ ਵਿਚ 11ਵੀਂ ਵਿਚ ਦਾਖਲਾ ਲਿਆ ਸੀ। 17 ਸਾਲ ਦੀ ਉਮਰ ਵਿਚ ਆਪਣੀ ਮਾਂ ਅਤੇ 2 ਭੈਣਾਂ ਦੇ ਨਾਲ ਅਮਰੀਕਾ ਚਲੇ ਗਏ ਸਨ। ਇਕ ਇੰਟਰਵਿਊ ਵਿਚ ਸੰਦੀਪ ਨੇ ਦੱਸਿਆ ਸੀ ਕਿ ਆਪਣੀ ਕਮਜ਼ੋਰ ਅੰਗ੍ਰੇਜ਼ੀ ਕਾਰਣ ਉਹ ਹਮੇਸ਼ਾ ਆਤਮ-ਵਿਸ਼ਵਾਸ ਦੀ ਕਮੀ ਨਾਲ ਨਜਿੱਠਦੇ ਸਨ, ਪਰ ਬਾਅਦ ਵਿਚ ਉਨ੍ਹਾਂ ਨੇ ਆਪਣੀ ਪੜਾਈ ਅਤੇ ਖਾਸ ਕਰਕੇ ਅੰਗ੍ਰੇਜ਼ੀ 'ਤੇ ਧਿਆਨ ਦੇਣਾ ਸ਼ੁਰੂ ਕੀਤਾ ਸੀ।

Khushdeep Jassi

This news is Content Editor Khushdeep Jassi