ਹਾਈਵੇ ਸੈਕਸ ਰੈਕਟ ਦਾ ਭਾਂਡਾ ਭੱਜਾ, ਸਰਗਣੇ ਸਣੇ 4 ਗ੍ਰਿਫਤਾਰ

10/30/2017 7:35:22 AM

ਲੁਧਿਆਣਾ, (ਮਹੇਸ਼)- ਹਾਈਵੇ ਸੈਕਸ ਰੈਕਟ ਦਾ ਭਾਂਡਾ ਭੰਨਦੇ ਹੋਏ ਪੁਲਸ ਨੇ ਉਸ ਦੀ ਸਰਗਣਾ ਸਮੇਤ ਉਸ ਦੇ 4 ਸਾਥੀਆਂ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀ ਸਰਗਣਾ ਤੋਂ  ਇਲਾਵਾ 2 ਔਰਤਾਂ ਅਤੇ 1 ਨੌਜਵਾਨ ਵੀ ਹੈ। ਦੇਹ ਵਪਾਰ ਦਾ ਇਹ ਧੰਦਾ ਸਿਗਰਟ-ਬੀੜੀ ਦੇ ਖੋਖੇ ਦੇ ਬਹਾਨੇ ਵਧ-ਫੁੱਲ ਰਿਹਾ ਸੀ। ਇਨ੍ਹਾਂ ਖਿਲਾਫ ਸਲੇਮ ਟਾਬਰੀ ਥਾਣੇ ਵਿਚ ਇਮੋਰਲ ਟ੍ਰੈਫਿਕਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। 
ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਜਲੰਧਰ ਬਾਈਪਾਸ ਦੇ ਕੋਲ ਸਿਗਰਟ-ਬੀੜੀ ਦੇ ਖੋਖੇ ਦੇ ਬਹਾਨੇ ਧੜੱਲੇ ਨਾਲ ਇਕ ਸੈਕਸ ਰੈਕਟ ਚੱਲ ਰਿਹਾ ਹੈ। ਰੈਕਟ ਦੀ ਸਰਗਣਾ ਵੱਖ-ਵੱਖ ਥਾਵਾਂ ਤੋਂ ਔਰਤਾਂ ਅਤੇ ਲੜਕੀਆਂ ਬੁਲਾ ਕੇ ਉਨ੍ਹਾਂ ਨੂੰ ਗਾਹਕਾਂ ਅੱਗੇ ਪਰੋਸਦੀ ਹੈ। ਧੰਦੇ ਦੇ ਲਈ ਖੋਖੇ ਦੇ ਪਿੱਛੇ ਸੁੰਨਸਾਨ ਪਲਾਟ ਨੂੰ ਵਰਤਿਆ ਜਾਂਦਾ ਹੈ। ਇਹ ਰੈਕਟ ਡਰਾਈਵਰ, ਲੇਬਰ ਆਦਿ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਸੂਚਨਾ ਪੁਖਤਾ ਹੋਣ 'ਤੇ ਬਰਾੜ ਨੇ ਪੂਰਾ ਕੇਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਛਾਪੇਮਾਰੀ ਕਰ ਕੇ ਇਤਰਾਜ਼ਯੋਗ ਹਾਲਤ ਵਿਚ 4 ਦੋਸ਼ੀਆਂ ਨੂੰ ਕਾਬੂ ਕਰ ਲਿਆ। ਰੈਕਟ ਦੀ ਸਰਗਣਾ ਮੂਲ ਰੂਪ ਤੋਂ ਜਲੰਧਰ ਦੀ ਬੂਟਾ ਮੰਡੀ ਦੀ ਰਹਿਣ ਵਾਲੀ ਹੈ, ਜੋ ਕਿ ਇਸ ਸਮੇਂ ਲਾਡੋਵਾਲ ਦੇ ਪਿੰਡ ਰੱਜੋਵਾਲ ਵਿਚ ਰਹਿ ਰਹੀ ਹੈ, ਜਦੋਂਕਿ ਫੜੀਆਂ ਗਈਆਂ 2 ਹੋਰਨਾਂ ਔਰਤਾਂ ਵਿਚ ਇਕ ਗਿਆਸਪੁਰਾ ਅਤੇ ਧੂਰੀ ਰੇਲਵੇ ਲਾਈਨ ਇਲਾਕੇ ਦੀ ਰਹਿਣ ਵਾਲੀ ਹੈ। ਚੌਥੇ ਦੋਸ਼ੀ ਦੀ ਪਛਾਣ ਟਿੱਬਾ ਰੋਡ, ਜੈ ਸ਼ਕਤੀ ਨਗਰ ਦੇ ਹਨੀ ਕੁਮਾਰ ਉਰਫ ਹਨੀ ਵਜੋਂ ਹੋਈ ਹੈ।
ਬਰਾੜ ਨੇ ਦੱਸਿਆ ਕਿ ਪੁੱਛਗਿੱਛ 'ਚ ਔਰਤਾਂ ਨੇ ਖੁਲਾਸਾ ਕੀਤਾ ਕਿ ਸਰਗਣਾ ਉਨ੍ਹਾਂ ਨੂੰ ਆਪਣੇ ਖੋਖੇ 'ਤੇ ਬੁਲਾ ਲਿਆ ਕਰਦੀ ਸੀ, ਜਿਸ ਤੋਂ ਬਾਅਦ ਆਪਣੇ ਖੋਖੇ ਦੇ ਪਿੱਛੇ ਸੁੰਨਸਾਨ ਪਲਾਟ ਦੀ ਚਾਰਦੀਵਾਰੀ ਪਿੱਛੇ ਗਾਹਕਾਂ ਦੇ ਨਾਲ ਭੇਜ ਦਿੰਦੀ ਸੀ ਅਤੇ ਬਦਲੇ ਵਿਚ 100 ਤੋਂ 150 ਰੁਪਏ ਉਨ੍ਹਾਂ ਨੂੰ ਦਿੰਦੀ ਸੀ, ਜਦੋਂਕਿ ਆਪ ਗਾਹਕਾਂ ਤੋਂ 200 ਤੋਂ 300 ਰੁਪਏ ਵਸੂਲਦੀ ਸੀ। ਰੈਕਟ ਵਿਚ ਹੋਰ ਵੀ ਕਈ ਔਰਤਾਂ ਅਤੇ ਲੜਕੀਆਂ ਸ਼ਾਮਲ ਹਨ। ਅਮਨਦੀਪ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।