ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਮਾਮਲੇ ''ਚ ਹਾਈਕੋਰਟ ਦਾ ਵੱਡਾ ਹੁਕਮ (ਵੀਡੀਓ)

08/19/2015 12:04:54 PM

ਚੰਡੀਗੜ੍ਹ  (ਵਿਵੇਕ) - ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ''ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 29 ਸਤੰਬਰ ਤਕ ਰੋਕ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਵਿਚ ਸਿੰਗਲ ਬੈਂਚ ਵਲੋਂ ਜਾਰੀ ਅੰਤਿਮ ਸੰਸਕਾਰ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ 4 ਪਟੀਸ਼ਨਾਂ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਇਹ ਹੁਕਮ ਜਾਰੀ ਕੀਤੇ ਸਨ। ਮੰਗਲਵਾਰ ਨੂੰ ਭਾਰਤ ਸਰਕਾਰ ਦੇ ਸਾਲਿਸਟਰ ਜਨਰਲ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਪੇਸ਼ ਹੋਣਾ ਸੀ ਪਰ ਉਨ੍ਹਾਂ ਦੀ ਮਾਂ ਦੇ ਦਿਹਾਂਤ ਦੇ ਚਲਦੇ ਇਸ ਮਾਮਲੇ ''ਤੇ ਪਟੀਸ਼ਨ ਦੀ ਸੁਣਵਾਈ ਨੂੰ ਟਾਲਣ ਦੀ ਅਪੀਲ ਕੀਤੀ ਗਈ ਸੀ। ਮਾਮਲੇ ਵਿਚ ਦਲੀਪ ਝਾਅ ਦੇ ਵਕੀਲ ਵਲੋਂ ਦਲੀਲ ਦਿੰਦਿਆਂ ਕਿਹਾ ਗਿਆ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਬਹੁਤ ਦੇਰੀ ਹੋ ਚੁੱਕੀ ਹੈ ਤੇ ਅਜਿਹੇ ਵਿਚ ਸੁਣਵਾਈ ਨੂੰ ਲੰਬੇ ਸਮੇਂ ਤਕ ਨਾ ਟਾਲਿਆ ਜਾਵੇ। ਹਾਈਕੋਰਟ ਨੇ ਅਪੀਲ ਨੂੰ ਮਨਜ਼ੂਰ ਕਰਦਿਆਂ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 29 ਸਤੰਬਰ ਤੈਅ ਕੀਤੀ ਹੈ।
ਧਿਆਨਯੋਗ ਹੈ ਕਿ ਸਿੰਗਲ ਬੈਂਚ ਨੇ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਸਰਕਾਰ ਨੂੰ ਸੌਂਪਦਿਆਂ 15 ਦਿਨਾਂ ਦੇ ਅੰਦਰ ਅੰਤਿਮ ਸੰਸਕਾਰ ਕਰਨ ਦੇ ਹੁਕਮ ਦਿੱਤੇ ਸਨ। ਹਾਈਕੋਰਟ ਦੀ ਸਿੰਗਲ ਬੈਂਚ ਨੇ ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਡਬਲ ਬੈਂਚ ਵਿਚ ਪਟੀਸ਼ਨ ਦਾਖਲ ਕੀਤੀ ਗਈ ਸੀ। ਪੰਜਾਬ ਸਰਕਾਰ ਨੇ ਪਟੀਸ਼ਨ ਦਾਖਲ ਕਰਕੇ ਕਿਹਾ ਕਿ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਦੇਣਾ ਸਹੀ ਨਹੀਂ ਹੈ ਤੇ ਇਸ ਨੂੰ ਆਸ਼ਰਮ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਦਲੀਪ ਝਾਅ ਨੇ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਹੋਣ ਦੇ ਨਾਤੇ ਉਨ੍ਹਾਂ ਨੂੰ ਇਹ ਹੱਕ ਮਿਲਣਾ ਚਾਹੀਦਾ ਹੈ। ਉਧਰ ਸੰਸਥਾਨ ਨੇ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਆਸ਼ੂਤੋਸ਼ ਮਹਾਰਾਜ ਨੂੰ ਮ੍ਰਿਤ ਐਲਾਨ ਕਰਨਾ ਗਲਤ ਹੈ ਤੇ ਉਨ੍ਹਾਂ ਦੀ ਸਮਾਧੀ ਵਿਚ ਕਿਸੇ ਵੀ ਕਿਸਮ ਦਾ ਦਖਲ ਨਹੀਂ ਹੋਣਾ ਚਾਹੀਦਾ।