ਹਾਈ ਟੈਨਸ਼ਨ ਪਾਵਰ ਲਾਈਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

07/21/2019 8:19:25 PM

ਰੂਪਨਗਰ (ਵਿਜੇ)-ਰੂਪਨਗਰ ਵਿਚ ਅੱਜ ਹਾਈ ਟੈਨਸ਼ਨ ਪਾਵਰ ਲਾਈਨ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਜ਼ਖਮੀ ਵਿਅਕਤੀ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਡੀ. ਏ. ਵੀ. ਸਕੂਲ ਮਾਰਗ 'ਤੇ ਸੁਖਰਾਮ ਕਾਲੋਨੀ ਵਿਚ ਰਹਿਣ ਵਾਲੇ ਸੁਖਵਿੰਦਰ ਸਿੰਘ (62) ਨੇ ਮਜ਼ਦੂਰਾਂ ਦੇ ਰਹਿਣ ਲਈ 10-12 ਕਮਰੇ ਬਣਵਾਏ ਹੋਏ ਹਨ ਜਿਨ੍ਹਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਕਮਰਿਆਂ ਉੱਪਰੋਂ ਹਾਈ ਟੈਨਸ਼ਨ ਪਾਵਰ ਲਾਈਨ ਗੁਜ਼ਰਦੀ ਹੈ।

ਕਮਰਿਆਂ ਦੀ ਰਿਪੇਅਰ ਦੇ ਕੰਮ ਲਈ ਸੁਖਵਿੰਦਰ ਸਿੰਘ ਨੇ ਇਕ ਮਿਸਤਰੀ ਅਤੇ ਦੋ ਮਜ਼ਦੂਰ ਬੁਲਾਏ ਹੋਏ ਸਨ। ਇਸ ਦੌਰਾਨ ਮਾਧੋਦਾਸ ਕਾਲੋਨੀ ਦੇ ਰਹਿਣ ਵਾਲੇ ਮਜ਼ਦੂਰ ਸੁਰਿੰਦਰ ਕੁਮਾਰ (52) ਪੁੱਤਰ ਖੁਸ਼ੀ ਰਾਮ ਮੂਲ ਨਿਵਾਸੀ ਬਿਹਾਰ ਨੂੰ ਸੁਖਵਿੰਦਰ ਸਿੰਘ ਨਾਲ ਲੈ ਕੇ ਛੱਤ 'ਤੇ ਚਲਾ ਗਿਆ ਜਿਥੇ ਉਸ ਨੇ ਕੱਪੜੇ ਸੁਕਾਉਣ ਲਈ ਤਾਰ ਲਾਉਣੀ ਸੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਸੁਖਵਿੰਦਰ ਸਿੰਘ ਅਤੇ ਮਜ਼ਦੂਰ ਸੁਰਿੰਦਰ ਕੁਮਾਰ ਇਕ ਲੋਹੇ ਦਾ ਐਂਗਲ ਲੈ ਕੇ ਛੱਤ 'ਤੇ ਪਹੁੰਚੇ, ਹਾਲਾਂਕਿ ਉਸ ਐਂਗਲ ਦੀ ਉਚਾਈ ਛੱਤ ਤੋਂ ਗੁਜ਼ਰ ਰਹੀ ਪਾਵਰ ਲਾਈਨ ਤੋਂ ਲਗਭਗ 5 ਫੁੱਟ ਘੱਟ ਸੀ ਪਰ ਮਜ਼ਦੂਰ ਨੇ ਜਿਵੇਂ ਹੀ ਐਂਗਲ ਖੜ੍ਹਾ ਕੀਤਾ ਤਾਂ ਹਾਈ ਟੈਨਸ਼ਨ ਪਾਵਰ ਲਾਈਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਮਜ਼ਦੂਰ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ ਜਦਕਿ ਉਸ ਦੇ ਕੋਲ ਖੜ੍ਹਾ ਸੁਖਵਿੰਦਰ ਵੀ ਲਪੇਟ ਵਿਚ ਆ ਗਿਆ ਅਤੇ ਉਹ ਵੀ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ 108 ਨੰਬਰ ਐਂਬੂਲੈਂਸ ਨੂੰ ਬੁਲਾਇਆ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਸੁਰਿੰਦਰ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਜਦਕਿ ਗੰਭੀਰ ਰੂਪ ਵਿਚ ਝੁਲਸੇ ਸੁਖਵਿੰਦਰ ਸਿੰਘ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ। ਪੁਲਸ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਦੋ ਲੜਕੇ, ਦੋ ਲੜਕੀਆਂ ਅਤੇ ਵਿਧਵਾ ਪਤਨੀ ਨੂੰ ਛੱਡ ਗਿਆ ਹੈ।

Karan Kumar

This news is Content Editor Karan Kumar