ਅੰਮ੍ਰਿਤਸਰ ਵਿਖੇ ਤੇਜ਼ ਰਫ਼ਤਾਰ ਬੱਸ ਨੇ 20 ਸਾਲਾ ਕੁੜੀ ਨੂੰ ਕੁਚਲਿਆ

07/28/2022 6:21:59 PM

ਅੰਮ੍ਰਿਤਸਰ (ਹਰਮੀਤ) : ਅੰਮ੍ਰਿਤਸਰ ਦੇ ਮਾਲ ਰੋਡ 'ਤੇ ਤੇਜ਼ ਰਫ਼ਤਾਰ ਆ ਰਹੀ ਬੀ.ਆਰ.ਟੀ.ਸੀ. ਪ੍ਰੋਜੈਕਟ ਬੱਸ ਵੱਲੋਂ ਇਕ ਪੈਦਲ ਜਾ ਰਹੀ 20 ਸਾਲਾ ਲੜਕੀ ਨੂੰ ਬੱਸ ਹੇਠਾਂ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੀ.ਆਰ.ਟੀ.ਸੀ. ਪ੍ਰੋਜੈਕਟ ਬੱਸ ਦਾ ਡਰਾਇਵਰ ਪਿੱਛੋਂ ਹੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ , ਜਿਸ ਨੇ ਐਕਟੀਵਾ ਸਵਾਰ ਲੜਕੀ 'ਤੇ ਬੱਸ ਚੜਾ ਦਿੱਤੀ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦੀਆਂ ਦੋਵੇ ਲੱਤਾ ਬੁਰੀ ਤਰ੍ਹਾਂ ਕੁਚਲਿਆਂ ਗਈਆਂ ਹਨ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜ਼ਖ਼ਮੀ ਕੁੜੀ ਨੂੰ ਨਿੱਜੀ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ,  ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ

ਜ਼ਖ਼ਮੀ ਹੋਈ ਕੁੜੀ ਦੀ ਹਾਲਤ ਨੂੰ ਦੇਖ ਲੋਕਾਂ ਵਿਚ ਇਸ ਹਾਦਸੇ ਨੂੰ ਲੈ ਕੇ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਬੱਸ ਆਪ੍ਰੇਟਰਾਂ ਨੂੰ ਨਿਰਧਾਰਿਤ ਸਪੀਡ 'ਤੇ ਬੱਸ ਚਲਾਉਣ ਦੀ ਹਦਾਇਤਾ ਜਾਰੀ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸੇ ਨਾ ਵਾਪਰਣ। ਉੱਥੇ ਹੀ ਪੁਲਸ ਅਧਿਕਾਰੀ ਨਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਨਾਵਲਟੀ ਚੌਂਕ ਵਿੱਚ ਨਾਕੇ 'ਤੇ ਮੌਜੂਦ ਸੀ। ਜਿਸ ਦੌਰਾਨ ਲੋਕਾਂ ਵੱਲੋਂ ਸੂਚਨਾ ਮਿਲੀ ਕਿ ਬੀ.ਆਰ.ਟੀ.ਸੀ ਪ੍ਰੋਜੈਕਟ ਬੱਸ ਵੱਲੋਂ ਇੱਕ ਲੜਕੀ ਨੂੰ ਬੱਸ ਹੇਠਾਂ ਦੇ ਦਿੱਤਾ ਹੈ। ਅਸੀਂ ਮੌਕੇ 'ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਅਤੇ ਉਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੁੜੀ ਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Simran Bhutto

This news is Content Editor Simran Bhutto