ਚਿਨਾਬ ਨਦੀ ''ਤੇ ਬਣ ਰਿਹਾ ਹੈ ਐਫਿਲ ਟਾਵਰ ਤੋਂ ਵੀ ਉੱਚਾ ਰੇਲਵੇ ਪੁਲ

11/03/2017 9:47:01 AM


ਜਲੰਧਰ (ਗੁਲਸ਼ਨ) - ਜੰਮੂ ਕਸ਼ਮੀਰ 'ਚ ਕੱਟੜਾ ਬਨਿਹਾਲ ਰੇਲ ਸੈਕਸ਼ਨ 'ਤੇ ਪੈਂਦੀ ਚਿਨਾਬ ਨਦੀ 'ਤੇ ਰੇਲਵੇ ਵੱਲੋਂ ਦੁਨੀਆ ਦਾ ਸਭ ਤੋਂ ਉਚਾ ਰੇਲਵੇ ਪੁਲ ਬਣਾਇਆ ਜਾ ਰਿਹਾ ਹੈ। ਇਹ ਆਪਣੇ ਆਪ 'ਚ ਦੁਨੀਆ ਦਾ ਇਕ ਅਦਭੁਤ ਅਜੂਬਾ ਹੋਵੇਗਾ। ਇਸ ਪੁਲ ਨਾਲ ਰਾਜ ਵਿਚ ਆਰਥਿਕ ਵਿਕਾਸ ਨੂੰ ਵਧਾਉਣ ਵਿਚ ਮਦਦ ਮਿਲੇਗੀ। 
ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਤੇਜ਼ ਹਵਾ ਨੂੰ ਵੀ ਸਹਿਣ ਕਰ ਸਕੇਗਾ। ਪੁਲ ਦੀ ਫਾਊਂਡੇਸ਼ਨ ਅਤੇ ਅਰਧ ਚੰਦਰਾਕਾਰ ਪਿਲਰ ਦਾ ਕਾਫੀ ਹਿੱਸਾ ਲਗਭਗ ਤਿਆਰ ਹੋ ਚੁੱਕਾ ਹੈ। ਜਿਸ ਨੂੰ ਰੋਪ-ਵੇ ਜ਼ਰੀਏ ਲਿਆਂਦਾ ਜਾਵੇਗਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਤਿਆਰ ਹੋਏ ਸਪੈਨ ਨੂੰ 5 ਨਵੰਬਰ ਨੂੰ ਰੇਲਵੇ ਦੇ ਮੈਂਬਰ ਇੰਜੀਨੀਅਰ ਐੱਮ. ਕੇ. ਗੁਪਤਾ ਅਤੇ ਮੁੱਖ ਪ੍ਰਬੰਧਕ ਅਧਿਕਾਰੀ ਏ. ਕੇ. ਸੱਜਣ ਦੀ ਦੇਖ-ਰੇਖ ਵਿਚ ਲਿਆਂਦਾ ਜਾਵੇਗਾ। ਇਸਦੇ ਨਾਲ ਪੁਲ ਬਣਾਉਣ ਵਾਲੀ ਕੇ. ਆਰ. ਸੀ. ਐੱਲ. ਕੰਪਨੀ ਦੇ ਉੱਚ ਅਧਿਕਾਰੀ ਅਤੇ ਉੱਤਰੀ ਰੇਲਵੇ ਦੀ ਨਿਰਮਾਣ ਏਜੰਸੀ ਦੇ ਵੀ ਅਧਿਕਾਰੀ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ 5 ਨਵੰਬਰ ਦਾ ਦਿਨ ਇੰਜੀਨੀਅਰ ਵਿਭਾਗ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਦਿਨ ਹੋਵੇਗਾ। ਜ਼ਿਕਰਯੋਗ ਹੈ ਕਿ 1315 ਮੀਟਰ ਲੰਬਾ ਇਹ ਪੁਲ ਕੱਟੜਾ ਅਤੇ ਬਨਿਹਾਲ ਵਿਚਾਲੇ 111 ਕਿਲੋਮੀਟਰ ਦੇ ਇਲਾਕੇ ਨੂੰ ਜੋੜੇਗਾ। ਇਹ ਊਧਮਪੁਰ-ਸ਼੍ਰੀਨਗਰ-ਬਾਰਾਮੁੱਲਾ ਰੇਲ ਲਿੰਕ ਪਰਿਯੋਜਨਾ ਦਾ ਹਿੱਸਾ ਹੈ।