ਸਾਬਕਾ ਅਕਾਲੀ ਵਿਧਾਇਕ ਜਿੰਦੂ ਦੇ ਪੁੱਤਰਾਂ ਦੀ ਗ੍ਰਿਫਤਾਰੀ ''ਤੇ 19 ਤੱਕ ਰੋਕ

Friday, Feb 16, 2018 - 01:51 AM (IST)

ਫਿਰੋਜ਼ਪੁਰ(ਕੁਮਾਰ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਕੈਂਟ ਬੋਰਡ ਫਿਰੋਜ਼ਪੁਰ ਦੇ ਕੌਂਸਲਰ ਪੁੱਤਰ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਦੀ ਗ੍ਰਿਫਤਾਰੀ 'ਤੇ 19 ਫਰਵਰੀ ਤੱਕ ਰੋਕ ਲਗਾ ਦਿੱਤੀ ਹੈ ਅਤੇ ਸਰਕਾਰ ਨੂੰ ਨੋਟਿਸ ਕੀਤਾ ਹੈ। ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਦੇ ਵਕੀਲ ਸੰਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ  ਜਿੰਦੂ ਅਤੇ ਉਨ੍ਹਾਂ ਦੇ ਪੁੱਤਰਾਂ ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਖਿਲਾਫ ਪੁਲਸ ਕਰਮਚਾਰੀਆਂ ਨਾਲ ਕਥਿਤ ਰੂਪ ਵਿਚ ਕੁੱਟ-ਮਾਰ ਕਰਨ, ਵਰਦੀ ਪਾੜਨ, ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ  ਪੁਲਸ ਹਿਰਾਸਤ ਵਿਚੋਂ ਸ਼ੀਲਾ ਕਬਾੜੀਆ ਨੂੰ ਛੁਡਾ ਕੇ ਲਿਜਾਣ ਦੇ ਦੋਸ਼ 'ਚ ਝੂਠਾ ਮੁਕੱਦਮਾ ਦਰਜ ਕੀਤਾ ਸੀ।  ਵਕੀਲ ਸਿੱਧੂ ਨੇ ਦੱਸਿਆ ਕਿ ਅਸੀਂ ਮਾਣਯੋਗ ਹਾਈ ਕੋਰਟ ਵਿਚ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਦੀ ਅਗੇਤਰੀ ਜ਼ਮਾਨਤ ਦੀ ਆਰਜ਼ੀ ਲਾਉਂਦੇ ਲਿਖਿਆ ਹੈ ਕਿ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਦੇ ਕੌਂਸਲਰ ਹਨ ਤੇ ਸੁਰਿੰਦਰ ਸਿੰਘ ਉਪ ਪ੍ਰਧਾਨ ਦੇ ਅਹੁਦੇ 'ਤੇ ਤਾਇਨਤ ਹਨ, ਜਿਸ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਲਈ ਇਨ੍ਹਾਂ ਤਿੰਨਾਂ ਪਿਉ-ਪੁੱਤਰਾਂ ਅਤੇ ਕੌਂਸਲਰ ਸ਼ੀਲਾ ਕਬਾੜੀਆ ਖਿਲਾਫ ਇਹ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਣਯੋਗ ਜਸਟਿਸ ਰਾਜ ਮੋਹਨ ਸਿੰਘ ਨੇ ਬਹਿਸ ਸੁਣਨ ਤੋਂ ਬਾਅਦ 19 ਫਰਵਰੀ ਤੱਕ ਸੁਰਿੰਦਰ ਤੇ ਰੋਹਿਤ ਗਿੱਲ ਨੂੰ ਅਗੇਤਰੀ ਜ਼ਮਾਨਤ ਦੇ ਦਿੱਤੀ ਹੈ।


Related News