ਹਾਈ ਅਲਰਟ ਤੋਂ ਬਾਅਦ ਜਲ ਟੈਂਕੀਆਂ ਨੂੰ ਕੰਡਿਆਲੀ ਤਾਰ ਲਗਾਈ

Friday, Aug 25, 2017 - 12:12 AM (IST)

ਜਲਾਲਾਬਾਦ(ਬਜਾਜ)-25 ਅਗਸਤ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੇ ਕੇਸ ਦੇ ਫੈਸਲੇ ਦੀ ਅਦਾਲਤੀ ਸੁਣਵਾਈ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਹਾਈ ਅਲਰਟ ਜਾਰੀ ਕਰ ਕੇ ਪੰਜਾਬ ਪੁਲਸ ਤੇ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਇਸਦੇ ਤਹਿਤ ਜ਼ਿਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਅੰਦਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਉਧਰ, ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਜਲ ਘਰਾਂ ਦੀਆਂ ਟੈਂਕੀਆਂ ਨੂੰ ਕੰਡਿਆਲੀ ਤਾਰ ਜਾਂ ਹੋਰ ਚੀਜ਼ਾਂ ਨਾਲ ਵਾੜ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵਿਅਕਤੀ ਵਾਟਰ ਵਰਕਸ ਦੀਆਂ ਟੈਂਕੀਆ ਉਪਰ ਨਾ ਚੜ੍ਹ ਸਕੇ। ਇਸਦੇ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਵੀ ਵਾਟਰ ਸਪਲਾਈ ਸਕੀਮਾਂ 'ਤੇ ਡਿਊਟੀ ਦੇ ਰਹੇ ਕਰਮਚਾਰੀਆਂ ਨੂੰ ਵੀ ਇਨ੍ਹਾਂ ਟੈਂਕੀਆਂ ਦੀ ਰਖਵਾਲੀ ਕਰਨ ਲਈ ਹੁਕਮ ਦਿੱਤੇ ਗਏ ਹਨ। ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਆਲਮ ਕੇ, ਢੰਡੀਆ, ਲੱਧੂਵਾਲਾ, ਮੰਨੇਵਾਲਾ ਆਦਿ ਦਰਜਨਾਂ ਪਿੰਡਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਪਿੰਡਾਂ 'ਚ ਵਾਟਰ ਵਰਕਸ ਦੀਆਂ ਟੈਂਕੀਆਂ ਦੀਆਂ ਪੌੜੀਆਂ ਨੂੰ ਕੰਡਿਆਲੀ ਤਾਰ ਤੇ ਹੋਰ ਚੀਜ਼ਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਪਿੰਡਾਂ ਦੇ ਸਰਪੰਚਾਂ ਨੂੰ ਵੀ ਪਾਣੀ ਵਾਲੀਆਂ ਟੈਂਕੀਆਂ ਦੀ ਸੁਰੱਖਿਆ ਕਰਨ ਲਈ ਹੁਕਮ ਦਿੱਤੇ ਗਏ ਹਨ ਤਾਂ ਜੋ ਕੋਈ ਵਿਅਕਤੀ ਇਨ੍ਹਾਂ ਜਲ ਘਰਾਂ ਦੀਆਂ ਟੈਂਕੀਆ 'ਤੇ ਨਾ ਚੜ੍ਹ ਸਕੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਮਨ-ਸ਼ਾਂਤੀ ਵਾਲਾ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ ਗਈ।


Related News