ਕਿਵੇਂ ਸ਼ਿਕੰਜੇ 'ਚ ਆਏ ਮੂਸੇਵਾਲਾ ਦੇ ਕਾਤਲ, HGS ਧਾਲੀਵਾਲ ਨੇ ਖੋਲ੍ਹੇ ਰਾਜ਼

06/22/2022 9:55:19 PM

ਜਲੰਧਰ/ਨਵੀਂ ਦਿੱਲੀ : ਦਿੱਲੀ ਦੇ ਸਪੈਸ਼ਲ ਸੀ. ਪੀ. HGS ਧਾਲੀਵਾਲ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ 'ਚ ਹੁਣ ਤੱਕ ਕੀ-ਕੀ ਖੁਲਾਸੇ ਹੋ ਚੁੱਕੇ ਹਨ ਜਾਂ ਅਜੇ ਕੋਈ ਖੁਲਾਸਾ ਬਾਕੀ ਹੈ, ਬਾਰੇ ਧਾਲੀਵਾਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜਿਸ ਨੂੰ ਸਕਿਓਰਿਟੀ ਵੀ ਮਿਲੀ ਹੋਈ ਸੀ, ਇਸ ਲਈ ਇਹ ਕਤਲ ਪਲਾਨਿੰਗ ਮੁਤਾਬਕ ਕੀਤਾ ਗਿਆ। 8 ਤੋਂ 9 ਵਾਰ ਮੂਸੇਵਾਲਾ ਦੀ ਰੇਕੀ ਕੀਤੀ ਗਈ। ਇਸ ਤੋਂ ਪਹਿਲਾਂ 2 ਵੱਡੇ ਕੇਸ ਬਿੱਟੂ ਮਿੱਡੂਖੇੜਾ ਦਾ ਕੇਸ, ਜਿਸ ਦੇ 2 ਸ਼ੂਟਰ ਸਪੈਸ਼ਲ ਸੈੱਲ ਨੇ ਫੜੇ ਸੀ ਤੇ ਸੰਦੀਪ ਨੰਗਲ ਅੰਬੀਆਂ ਦੇ ਕੇਸ 'ਚ ਵੀ ਇਕ ਸ਼ੂਟਰ ਸਪੈਸ਼ਲ ਸੈੱਲ ਨੇ ਫੜਿਆ ਸੀ। ਇਸ ਲਈ ਦਿੱਲੀ ਪੁਲਸ ਦਾ ਸਪੈਸ਼ਲ ਸੈੱਲ ਪੰਜਾਬ ਪੁਲਸ ਨਾਲ ਸਿੱਧੂ ਮੂਸੇਵਾਲਾ ਦੇ ਕੇਸ 'ਚ ਵੀ ਪੂਰਾ ਸਹਿਯੋਗ ਕਰ ਰਿਹਾ ਹੈ ਤਾਂ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ।

ਇਹ ਵੀ ਪੜ੍ਹੋ : ਇਕਬਾਲ ਸਿੰਘ ਲਾਲਪੁਰਾ ਨੇ AAP ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਕੀ ਹੈ ਮਾਮਲਾ

ਧਾਲੀਵਾਲ ਨੇ ਕਿਹਾ ਕਿ ਇਸ ਲਈ ਉਨ੍ਹਾਂ ਆਪਣੀਆਂ 5 ਟੀਮਾਂ ਨੂੰ ਤਾਇਨਾਤ ਕੀਤਾ ਸੀ। ਆਰਗੇਨਾਈਜ਼ ਕ੍ਰਾਈਮ 'ਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਨਾਲ ਸਪੈਸ਼ਲ ਸੈੱਲ ਕੰਮ ਕਰਦਾ ਹੈ। ਸਾਡੀਆਂ ਟੀਮਾਂ ਲਈ ਵੱਡਾ ਚੈਲੰਜ ਇਹ ਹੈ ਕਿ ਕੌਣ ਲੋਕ ਇਸ ਵਾਰਦਾਤ ਦੇ ਪਿੱਛੇ ਹਨ। ਇਕ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਲਾਰੈਂਸ ਬਿਸ਼ਨੋਈ ਦਾ ਇਸ ਪਿੱਛੇ ਹੱਥ ਹੈ। ਦਿੱਲੀ ਪੁਲਸ ਨੇ ਪਹਿਲਾਂ ਹੀ ਲਾਰੈਂਸ ਦੇ ਸਾਥੀਆਂ ਨੂੰ ਫੜਿਆ ਹੋਇਆ ਹੈ। ਇਸ ਗੈਂਗ ਦੇ ਮੈਂਬਰਾਂ ਨੇ ਪਹਿਲਾਂ ਵੀ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਦੀ ਜਾਂਚ ਚੱਲ ਰਹੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕੁਲ 6 ਲੋਕ ਹਨ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦੌਰਾਨ ਬਲੈਰੋ ਗੱਡੀ ਵਿੱਚ 4 ਲੋਕ ਸਨ, ਕਸ਼ਿਸ਼ ਜਿਸ ਨੂੰ ਕੁਲਦੀਪ ਵੀ ਕਹਿੰਦੇ ਹਨ, ਬਲੈਰੋ ਚਲਾ ਰਿਹਾ ਸੀ, ਇਸ ਦੇ ਨਾਲ ਪ੍ਰਿਯਵਰਤ, ਅੰਕਿਤ ਸਿਰਸਾ ਤੇ ਦੀਪਕ ਮੁੰਡੀ ਸਵਾਰ ਸਨ। ਇਨ੍ਹਾਂ ਚਾਰਾਂ 'ਚੋਂ 2 ਨੂੰ ਫੜ ਲਿਆ ਗਿਆ ਹੈ। ਇਸ ਤੋਂ ਵੀ ਕਈ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Mukesh

This news is Content Editor Mukesh