ਦਿੱਲੀ ਤੋਂ ਹੈਰੋਇਨ ਸਪਲਾਈ ਦੇਣ ਆਈ 34 ਸਾਲ ਦੀ ਵਿਦੇਸ਼ੀ ਔਰਤ ਗ੍ਰਿਫਤਾਰ

10/22/2019 1:34:28 AM

ਜਲੰਧਰ,(ਮਹੇਸ਼) : ਦਿੱਲੀ ਤੋਂ ਹੈਰੋਇਨ ਦੀ ਸਪਲਾਈ ਦੇਣ ਆਈ 34 ਸਾਲ ਦੀ ਸੈਚੀ ਨਾਂ ਦੀ ਇਕ ਵਿਦੇਸ਼ੀ ਔਰਤ ਨੂੰ ਕਮਿਸ਼ਨਰੇਟ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸ ਤੋਂ 420 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਏ. ਸੀ. ਪੀ. ਜਲੰਧਰ ਕੈਂਟ ਦੇ ਮੇਜਰ ਸਿੰਘ ਢੱਡਾ ਨੂੰ ਇਸ ਸਬੰਧੀ ਪਹਿਲਾਂ ਹੀ ਸੂਚਨਾ ਮਿਲ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਯੋਜਨਾ ਬਣਾਈ ਅਤੇ ਔਰਤ ਨੂੰ ਹਮੀਰੀ ਖੇੜਾ ਦੇ ਨੇੜੇ ਸਥਿਤ ਬਲੈਸਿੰਗ ਪੀ. ਜੀ. ਤੋਂ ਫੜ ਲਿਆ। ਏ. ਸੀ. ਪੀ. ਮੇਜਰ ਸਿੰਘ ਦੀ ਅਗਵਾਈ ਵਿਚ ਐੱਸ. ਐੱਚ. ਓ. ਸਦਰ ਰੇਸ਼ਮ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਵਿਦੇਸ਼ੀ ਔਰਤ ਸੈਚੀ ਪੁੱਤਰੀ ਜਾਸੂਆ ਵਾਸੀ ਡਾਡੋਮਾ ਕਿਗਵੇਅ ਤਜਾਨੀਆ ਹਾਲ ਵਾਸੀ ਦੁਆਰਕਾ ਮੋੜ ਵਿਪਨ ਗਾਰਡਨ ਨਵੀਂ ਦਿੱਲੀ ਨੂੰ ਫੜਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ।

ਏ. ਡੀ. ਸੀ. ਪੀ. ਭੰਡਾਲ ਨੇ ਦੱਸਿਆ ਕਿ ਮੁਲਜ਼ਮ ਔਰਤ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਦੀ ਜਾਂਚ ਵਿਚ ਸੈਚੀ 'ਤੇ ਇਸ ਤੋਂ ਪਹਿਲਾਂ ਕੋਈ ਵੀ ਕੇਸ ਦਰਜ ਸਾਹਮਣੇ ਨਹੀਂ ਆਇਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੈਚੀ ਇਸ ਗੈਰ-ਕਾਨੂੰਨੀ ਧੰਦੇ ਨਾਲ ਕਦੋਂ ਤੋਂ ਜੁੜੀ ਹੋਈ ਸੀ। ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਅਤੇ ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਕਿਹਾ ਹੈ ਕਿ ਸੈਚੀ ਦੇ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ।

ਮੋਢੇ 'ਤੇ ਰੱਖੇ ਹੈਂਡ ਬੈਗ ਵਿਚ ਸੀ ਹੈਰੋਇਨ

ਵਿਦੇਸ਼ੀ ਔਰਤ ਸੈਚੀ ਨੇ ਆਪਣੇ ਮੋਢੇ 'ਤੇ ਰੱਖੇ ਇਕ ਹੈਂਡ ਬੈਗ ਵਿਚ ਚਿੱਟੇ ਰੰਗ ਦੇ ਲਿਫਾਫੇ ਵਿਚ ਹੈਰੋਇਨ ਰੱਖੀ ਹੋਈ ਸੀ। ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਆਪਣੀ ਹਾਜ਼ਰੀ ਵਿਚ ਮਹਿਲਾ ਸਬ-ਇੰਸਪੈਕਟਰ ਗੁਰਦੀਪ ਕੌਰ ਤੋਂ ਉਸ ਦੇ ਬੈਗ ਦੀ ਤਲਾਸ਼ੀ ਕਰਵਾਈ, ਜਿਸ ਦੌਰਾਨ ਹੈਰੋਇਨ ਬਰਾਮਦ ਹੋਈ। ਸੈਚੀ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਉਸ ਨੂੰ ਫੜਨ ਲਈ ਪਹਿਲਾਂ ਹੀ ਪੁਲਸ ਨੇ ਜਾਲ ਵਿਛਾਇਆ ਹੋਇਆ ਸੀ। ਸੈਚੀ ਨੇ ਹੁਣ ਪੁਲਸ ਨੂੰ ਇਹ ਕਿਹਾ ਹੈ ਕਿ ਉਹ ਆਪਣੀ ਭੈਣ ਤੋਂ ਹੈਰੋਇਨ ਲੈ ਕੇ ਆਈ ਸੀ।