5 ਕਰੋੜ ਦੀ ਹੈਰੋਇਨ ਬਰਾਮਦ

06/24/2017 3:09:28 AM

ਫਾਜ਼ਿਲਕਾ  (ਲੀਲਾਧਰ, ਨਾਗਪਾਲ)  - ਬੀ. ਐੱਸ. ਐੱਫ. ਅਬੋਹਰ ਰੇਂਜ ਦੇ ਡੀ. ਆਈ. ਜੀ. ਮਧੂਸੂਦਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਬੀ. ਐੱਸ. ਐੱਫ. ਦੀ 169ਵੀਂ ਬਟਾਲੀਅਨ ਨੇ ਅੱਜ ਸਵੇਰੇ ਭਾਰਤ-ਪਾਕਿ ਸਰਹੱਦ ਦੀ ਗੱਟੀ ਯਾਰੂ ਚੌਕੀ ਨੇੜਿਓਂ ਪੀਲੇ ਰੰਗ ਦੇ ਚਾਰ ਪੈਕਟਾਂ ਵਿਚ ਲਪੇਟੀ ਇਕ ਕਿੱਲੋ ਹੈਰੋਇਨ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਬੀ. ਐੱਸ. ਐੱਫ. ਦੇ ਸੂਤਰਾਂ ਅਨੁਸਾਰ ਕਮਾਂਡੈਂਟ ਪੀ. ਕੇ. ਪੰਕਜ ਅਤੇ ਆਈ. ਬੀ. ਦੇ ਸਹਿਯੋਗ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤੀ ਜਾ ਰਹੀ ਗਸ਼ਤ ਦੌਰਾਨ ਚੌਕੀ ਦੇ ਨੇੜਿਓਂ ਇਕ ਕਿੱਲੋ ਹੈਰੋਇਨ ਦੇ ਚਾਰ ਪੈਕੇਟ ਖੇਤ ਵਿਚ ਪਏ ਮਿਲੇ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਬਟਾਲੀਅਨ ਵੱਲੋਂ ਇਸ ਇਲਾਕੇ ਵਿਚ ਸਖਤ ਨਿਗਰਾਨੀ ਵਿਚ ਭਾਰੀ ਮਾਤਰਾ ਵਿਚ ਹੈਰੋਇਨ ਫੜੀ ਜਾ ਚੁੱਕੀ ਹੈ। ਅੱਜ ਫੜੀ ਗਈ ਹੈਰੋਇਨ ਦਾ ਅੰਤਰਰਾਸ਼ਟਰੀ ਮੁੱਲ 5 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।