ਇਕ ਕਿਲੋ ਹੈਰੋਇਨ, ਅਸਲਾ ਤੇ ਨਸ਼ੇ ਵਾਲੇ ਪਦਾਰਥਾਂ ਸਣੇ 7 ਸਮੱਗਲਰ ਗ੍ਰਿਫਤਾਰ

09/01/2019 1:02:19 AM

ਤਰਨਤਾਰਨ/ਅੰਮ੍ਰਿਤਸਰ,(ਰਮਨ/ਇੰਦਰਜੀਤ, ਬਲਵਿੰਦਰ ਕੌਰ) : ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਮਾਡ਼ੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਵੱਖ-ਵੱਖ ਕੇਸਾਂ ’ਚੋਂ 7 ਦੋਸ਼ੀਆਂ ਨੂੰ 1 ਕਿਲੋ ਹੈਰੋਇਨ, ਇਕ ਟਰੈਕਟਰ, 3 ਲੱਖ 15 ਹਜ਼ਾਰ ਦੀ ਡਰੱਗ ਮਨੀ, 11 ਹਜ਼ਾਰ 500 ਨਸ਼ੇ ਵਾਲੀਆਂ ਗੋਲੀਆਂ, ਦੋ ਲਗਜ਼ਰੀ ਕਾਰਾਂ, ਦੋ ਰਾਈਫਲਾਂ, ਇਕ ਪਿਸਤੌਲ ਅਤੇ 39 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ’ਚ ਅੰਤਰਰਾਜੀ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰ ਵੀ ਸ਼ਾਮਲ ਹਨ।

ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ.) ਹਰਜੀਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁਵ ਦਹੀਆ ਦੇ ਹੁਕਮਾਂ ਤਹਿਤ ਡੀ. ਐੱਸ. ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਅਤੇ ਥਾਣਾ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਵੱਲੋਂ ਸਮੇਤ ਪਾਰਟੀ ਗੁਪਤ ਸੂਚਨਾ ਦੇ ਅਾਧਾਰ ’ਤੇ ਨਾਕਾਬੰਦੀ ਦੌਰਾਨ ਪਿੰਡ ਭਗਵਾਨਪੁਰਾ ਤੋਂ ਗੁਰਮੇਜ ਸਿੰਘ ਪੁੱਤਰ ਬੂਟਾ ਸਿੰਘ ਅਤੇ ਉਸ ਦੇ ਲੜਕੇ ਬਚਿੱਤਰ ਸਿੰਘ ਨੂੰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਕੋਲੋਂ ਇਕ ਦੋਨਾਲੀ, ਇਕ 315 ਬੋਰ ਰਾਈਫਲ, ਇਕ ਪਿਸਤੌਲ 7.65 ਐੱਮ. ਐੱਮ., 315 ਬੋਰ ਦੇ 12 ਕਾਰਤੂਸ, 12 ਬੋਰ ਦੇ 22 ਕਾਰਤੂਸ, 7.65 ਐੱਮ. ਐੱਮ. ਦੇ 5 ਕਾਰਤੂਸ, ਇਕ ਫਾਰਚੂਨਰ ਕਾਰ ਅਤੇ ਇਕ ਐਕਸ. ਯੂ. ਵੀ. ਬਰਾਮਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦਾ ਰਾਜਵਿੰਦਰ ਸਿੰਘ ਹੈਪੀ ਨਾਲ ਗੂਡ਼ਾ ਸਬੰਧ ਹੈ ਜੋ ਇਸ ਵੇਲੇ ਭਗੌਡ਼ਾ ਹੈ ਅਤੇ ਗੁਰਮੇਜ ਸਿੰਘ ਹੈਪੀ ਨੂੰ ਆਪਣੇ ਘਰ ਵਿਚ ਪਨਾਹ ਦੇਣ ਅਤੇ ਗੱਡੀਆਂ ਸਮੇਤ ਮਾਲੀ ਸਹਾਇਤਾ ਦਿੰਦੇ ਹੋਏ ਹੈਰੋਇਨ ਦਾ ਕਾਰੋਬਾਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਗੁਰਮੇਜ ਸਿੰਘ ਦੇ ਖਿਲਾਫ ਜ਼ਿਲਾ ਤਰਨਤਾਰਨ ਵਿਚ ਪਿਛਲੇ ਸਮੇਂ ’ਚ 7 ਮੁਕੱਦਮੇ ਦਰਜ ਹਨ ਅਤੇ ਇਸ ਦੇ ਬੇਟੇ ਬਚਿੱਤਰ ਸਿੰਘ ਖਿਲਾਫ ਅਸਲਾ ਅਤੇ ਹੈਰੋਇਨ ਦੀ ਸਮੱਗਲਿੰਗ ਸਬੰਧੀ 3 ਮੁਕੱਦਮੇ ਦਰਜ ਹਨ।

ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਥਾਣਾ ਮੁਖੀ ਖਾਲਡ਼ਾ, ਸਬ-ਇੰਸਪੈਕਟਰ ਹਰਚੰਦ ਸਿੰਘ ਅਤੇ ਇੰਸਪੈਕਟਰ ਤਰਸੇਮ ਮਸੀਹ ਵੱਲੋਂ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ’ਚ ਭਾਰਤ-ਪਾਕਿ ਬਾਰਡਰ ਨਾਲ ਲੱਗਦੇ ਪਿੰਡ ਕਰੀਮਪੁਰਾ ਵਿਖੇ ਸਮੱਗਲਰਾਂ ਖਿਲਾਫ ਚਲਾਏ ਸਰਚ ਅਭਿਆਨ ਤਹਿਤ ਸੋਨੇ ਅਤੇ ਹੈਰੋਇਨ ਦੇ ਅੰਤਰਰਾਜੀ ਸਮੱਗਲਰ ਸੁਖਵੰਤ ਸਿੰਘ ਪੁੱਤਰ ਸਾਧਾ ਸਿੰਘ ਜੋ 12 ਸਾਲ ਦੀ ਸਜ਼ਾ ਕੱਟ ਕੇ ਜ਼ਮਾਨਤ ’ਤੇ ਰਿਹਾਅ ਹੋਇਆ ਸੀ ਨੂੰ ਇਸ ਦੇ ਦੋ ਲਡ਼ਕੇ ਕੰਵਲਜੀਤ ਸਿੰਘ, ਰਣਧੀਰ ਸਿੰਘ ਨੂੰ ਇਕ ਕਿਲੋ ਹੈਰੋਇਨ, 3 ਮੋਬਾਇਲ ਫੋਨ ਅਤੇ ਬਿਨਾਂ ਨੰਬਰੀ ਟਰੈਕਟਰ ਮੈਸੀ ਸਮੇਤ ਕਾਬੂ ਕੀਤਾ ਹੈ। ਇਸ ਦੌਰਾਨ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਸੁਖਵੰਤ ਸਿੰਘ ਨੇ ਦੱਸਿਆ ਕਿ ਉਹ ਕੁੱਲ ਤਿੰਨ ਭਰਾ ਹਨ, ਜਿਨ੍ਹਾਂ ’ਚੋਂ ਰਣਜੀਤ ਸਿੰਘ ਅਤੇ ਮੁਖਤਿਆਰ ਸਿੰਘ ਜੋ ਪਾਕਿਸਤਾਨ ਰਸਤੇ ਸੋਨੇ ਅਤੇ ਹੈਰੋਇਨ ਦੀ ਸਮੱਗਲਿੰਗ ਕਰਦੇ ਸਨ। ਰਣਜੀਤ ਸਿੰਘ ਦੀ ਕੁਝ ਦਿਨ ਪਹਿਲਾਂ ਮੌਤ ਹੋ ਚੁੱਕੀ ਹੈ। ਸੁਖਵੰਤ ਸਿੰਘ ਨੇ ਦੱਸਿਆ ਕਿ ਗੁਰਨਾਮ ਸਿੰਘ ਵਾਸੀ ਜਠੌਲ ਦੇ ਰਿਸ਼ਤੇਦਾਰ ਸਵਰਨ ਸਿੰਘ ਵਾਸੀ ਗੁਮਾਨਪੁਰਾ ਨੇ ਇਕ ਪਾਕਿਸਤਾਨੀ ਸਿਮ ਦਿੱਤੀ ਹੋਈ ਸੀ, ਜਿਸ ਦੀ ਮਦਦ ਨਾਲ ਉਹ ਪਾਕਿਸਤਾਨੀ ਸਮੱਗਲਰ ਸਬਦਲ ਨਾਲ ਗੱਲ ਕਰ ਕੇ ਪਹਿਲਾਂ 16 ਕਿਲੋ ਹੈਰੋਇਨ ਦੀ ਖੇਪ ਪਿੰਡ ਕਲਸ ਬਾਰਡਰ ਤੋਂ ਲੈ ਚੁੱਕਾ ਹੈ ਜੋ ਇਹ ਹੈਰੋਇਨ ਕਾਲੂ ਵਾਸੀ ਪਿੰਡ ਜਠੌਲ ਦੇ ਰਿਸ਼ਤੇਦਾਰ ਸਵਰਨ ਸਿੰਘ ਗੁਮਾਨਪੁਰਾ ਨੂੰ ਦੇ ਦਿੱਤੀ ਸੀ। ਇਸ ਤੋਂ ਬਾਅਦ ਦੋਬਾਰਾ ਪਿੰਡ ਕਲਸ ਬਾਰਡਰ ਰਾਹੀਂ 4 ਕਿਲੋ ਹੈਰੋਇਨ ਦੀ ਖੇਪ ਮੰਗਵਾ ਕੇ ਸਵਰਨ ਸਿੰਘ ਨੂੰ ਦੇਣ ਸਮੇਂ ਦੋਵੇਂ ਪੁਲਸ ਹੱਥੀਂ ਚਡ਼੍ਹ ਗਏ ਸਨ। ਸੁਖਵੰਤ ਸਿੰਘ ਨੇ ਦੱਸਿਆ ਕਿ ਇਸ 4 ਕਿਲੋ ਹੈਰੋਇਨ ਦੀ ਸਮੱਗਲਿੰਗ ਦੇ ਕੇਸ ਤਹਿਤ ਉਹ 7 ਸਾਲ ਦੀ ਸਜ਼ਾ ਕੱਟ ਕੇ ਆਪਣੇ ਬੱਚਿਆਂ ਸਮੇਤ ਰਿਹਾਅ ਹੋ ਕੇ ਆਇਆ ਸੀ ਅਤੇ ਫਿਰ ਹੈਰੋਇਨ ਦੇ ਧੰਦੇ ’ਚ ਸਰਗਰਮ ਹੋ ਗਿਆ। ਪੁਲਸ ਵੱਲੋਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛਗਿੱਛ ਜਾਰੀ ਹੈ, ਜਿਨ੍ਹਾਂ ਤੋਂ ਹੋਰ ਕਈ ਖੁਲਾਸੇ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਵੱਲੋਂ ਪਿੰਡ ਮੱਲ੍ਹੀਆਂ ਵਿਖੇ ਦੌਰਾਨੇ ਨਾਕਾਬੰਦੀ ਇਕ ਆਲਟੋ ਕਾਰ ਨੰਬਰ ਪੀ. ਬੀ. 02-ਬੀ. ਵਾਈ.-2352 ਨੂੰ ਰੋਕ ਉਸ ਦੀ ਤਲਾਸ਼ੀ ਲੈਣ ਉਪਰੰਤ ਜਸਬੀਰ ਸਿੰਘ ਉਰਫ ਗੋਰਾ ਪੁੱਤਰ ਮੱਸਾ ਸਿੰਘ ਵਾਸੀ ਨੋਨੇ ਕੋਲੋਂ 4500 ਨਸ਼ੇ ਵਾਲੀਆਂ ਗੋਲੀਆਂ ਸਮੇਤ ਡਰੱਗ ਮਨੀ 2 ਲੱਖ 35 ਹਜ਼ਾਰ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਕਾਰ ਵਿਚ ਸਵਾਰ ਦੂਸਰੇ ਵਿਅਕਤੀ ਕਸ਼ਮੀਰ ਸਿੰਘ ਉਰਫ ਸ਼ੀਰਾ ਪੁੱਤਰ ਸੁਦਾਗਰ ਸਿੰਘ ਵਾਸੀ ਕਾਜ਼ੀਵਾਲ ਨੂੰ 7000 ਨਸ਼ੇ ਵਾਲੀਆਂ ਗੋਲੀਆਂ ਅਤੇ 80 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ। ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਝੋਲਾ ਛਾਪ ਡਾਕਟਰਾਂ ਨੂੰ ਨਸ਼ੇ ਵਾਲੀਆਂ ਗੋਲੀਆਂ ਸਪਲਾਈ ਕਰਨ ਦਾ ਧੰਦਾ ਕਰ ਰਹੇ ਸਨ। ਜਿਨ੍ਹਾਂ ਦਾ ਮਾਣਯੋਗ ਅਦਾਲਤ ਕੋਲੋਂ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।