1 ਕਰੋੜ 10 ਲੱਖ ਦੀ ਹੈਰੋਇਨ ਸਮੇਤ ਜੀਜਾ-ਸਾਲਾ ਗ੍ਰਿਫਤਾਰ

09/09/2019 8:57:12 PM

ਲੁਧਿਆਣਾ,(ਅਨਿਲ) : ਸਪੈਸ਼ਲ ਟਾਸਕ ਫੋਰਸ ਦੀ ਪੁਲਸ ਟੀਮ ਨੇ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਨਸ਼ਾ ਤਸਕਰਾਂ ਨੂੰ ਇਕ ਕਰੋੜ 10 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਅੱਜ ਐਸ. ਟੀ. ਐਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 2 ਨਸ਼ਾ ਤਸਕਰ ਮਾਡਲ ਟਾਊਨ ਇਲਾਕੇ 'ਚ ਹੈਰੋਇਨ ਦੀ ਖੇਪ ਲੈ ਕੇ ਗ੍ਰਾਹਕਾਂ ਨੂੰ ਸਪਲਾਈ ਕਰਨ ਆਏ ਹਨ। ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਐਕਟਿਵਾ 'ਤੇ ਸਵਾਰ 2 ਲੋਕਾਂ ਨੂੰ ਚੈਕਿੰਗ ਲਈ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਐਕਟਿਵਾ ਦੀ ਡਿੱਗੀ 'ਚੋਂ 228 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 1 ਕਰੋੜ 10 ਲੱਖ ਦੇ ਕਰੀਬ ਕੀਮਤ ਆਂਕੀ ਜਾ ਰਹੀ ਹੈ। ਪੁਲਸ ਨੇ ਤੁਰੰਤ ਦੋਵੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਪਛਾਣ ਰਮੇਸ਼ ਕੁਮਾਰ ਬੰਗਾਲੀ (36) ਪੁੱਤਰ ਅਸ਼ੋਕ ਕੁਮਾਰ ਤੇ ਜਗਤਪਾਲ (31) ਪੁੱਤਰ ਜੈਪਾਲ ਵਾਸੀਨ ਮਨੋਹਰ ਨਗਰ ਮਾਡਲ ਟਾਊਨ ਦੇ ਰੂਪ 'ਚ ਕੀਤੀ ਗਈ। ਜਿਨ੍ਹਾਂ ਖਿਲਾਫ ਥਾਣਾ ਮਾਡਲ ਟਾਊਨ 'ਚ ਐਨ. ਡੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।