ਹੈਰੋਇਨ ਸਮੱਗਲਿੰਗ ਦੇ ਮਾਮਲੇ ''ਚ ਦੋਸ਼ੀ ਨੂੰ ਕੈਦ ਤੇ ਜੁਰਮਾਨਾ

11/19/2017 5:43:31 PM


ਮੋਗਾ (ਸੰਦੀਪ) - ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ 15 ਸਾਲ ਦੀ ਕੈਦ ਅਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਦੋਸ਼ੀ ਨੂੰ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਦੋ ਸਾਲ ਦੀ ਹੋਰ ਕੈਦ ਵੀ ਕੱਟਣ ਦਾ ਆਦੇਸ਼ ਦਿੱਤਾ। ਥਾਣਾ ਧਰਮਕੋਟ ਪੁਲਸ ਵੱਲੋਂ 18 ਸਤੰਬਰ 2015 ਨੂੰ ਗਸ਼ਤ ਦੌਰਾਨ ਪਿੰਡ ਕਿਸ਼ਨਪੁਰਾ ਲਿੰਕ ਰੋਡ 'ਤੇ ਇਕ ਵਿਅਕਤੀ ਤੋਂ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਦੋਸ਼ੀ ਦੀ ਪਛਾਣ ਕਸਬਾ ਧਰਮਕੋਟ ਨਿਵਾਸੀ ਮੱਸਾ ਸਿੰਘ ਦੇ ਤੌਰ 'ਤੇ ਹੋਈ ਸੀ, ਜਿਸ ਖਿਲਾਫ 18 ਸਤੰਬਰ 2015 ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਅਦਾਲਤ ਨੇ ਸ਼ਨੀਵਾਰ ਨੂੰ ਇਸ ਮਾਮਲੇ ਦੀ ਅੰਤਿਮ ਸੁਣਵਾਈ ਦੇ ਬਾਅਦ ਆਪਣਾ ਫੈਸਲਾ ਸੁਣਾਇਆ ਹੈ।