ਹੈਰੋਇਨ ਤਸਕਰੀ ਦੇ ਦੋਸ਼ ''ਚ ਮਹਿਲਾ ਤੇ ਉਸਦਾ ਸਾਥੀ ਗ੍ਰਿਫਤਾਰ

02/21/2018 6:35:43 PM

ਫਿਰੋਜ਼ਪੁਰ (ਮਲਹੋਤਰਾ) : ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਮਹਿਲਾ ਤਸਕਰ ਅਤੇ ਉਸਦੇ ਸਾਥੀ ਨੂੰ 100 ਗ੍ਰਾਮ ਹੈਰੋਇਨ ਅਤੇ ਇਕ ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫਤਾਰ ਕੀਤਾ ਹੈ ਜਦਕਿ ਮਹਿਲਾ ਤਸਕਰ ਦਾ ਪੁੱਤਰ ਗੁਰਵਿੰਦਰ ਸਿੰਘ ਉਰਫ ਗਿੰਦਾ ਨੂੰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ 6 ਦਸੰਬਰ 2017 ਨੂੰ 265 ਗ੍ਰਾਮ ਹੈਰੋਇਨ ਤੇ 13.70 ਲੱਖ ਰੁਪਏ ਦੀ ਡਰੱਗ ਮਨੀ ਗ੍ਰਿਫਤਾਰ ਕੀਤਾ ਸੀ। ਇਹ ਤਸਕਰ ਪਰਿਵਾਰ ਅੰਤਰ ਰਾਸ਼ਟਰੀ ਹਿੰਦ-ਪਾਕਿ ਸਰਹੱਦ ਦੇ ਨਾਲ ਲੱਗਦੀ ਬਸਤੀ ਰਾਮ ਲਾਲ ਦਾ ਰਹਿਣ ਵਾਲਾ ਹੈ।
ਸੈਲ ਦੇ ਏ.ਆਈ.ਜੀ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਵਿਚ ਸੈਲ ਦੀਆਂ ਟੀਮਾਂ ਸਿਟੀ ਖੇਤਰ ਵਿਚ ਗਸ਼ਤ 'ਤੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੰਮ ਕਰਨ ਵਾਲਾ ਦਰਬਾਰਾ ਸਿੰਘ ਵਾਸੀ ਪਿੰਡ ਰੁਕਨਾ ਬੇਗੂ, ਜੋ ਹੈਰੋਇਨ ਤਸਕਰੀ ਕਰਨ ਵਾਲੀ ਗੁਰਮੀਤ ਕੌਰ ਤੋਂ ਨਸ਼ੀਲੇ ਪਦਾਰਥ ਲੈ ਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ, ਉਹ ਇਸ ਸਮੇਂ ਹਾਊਸਿੰਗ ਬੋਰਡ ਕਲੋਨੀ ਏਰੀਏ ਵਿਚ ਘੁੰਮ ਰਿਹਾ ਹੈ।
ਇਸ ਸੂਚਨਾ ਦੇ ਆਧਾਰ 'ਤੇ ਟੀਮਾਂ ਨੇ ਕਲੋਨੀ ਨੂੰ ਸਾਰੇ ਪਾਸਿਓਂ ਘੇਰ ਕੇ ਬਿਜਲੀ ਬੋਰਡ ਦਫਤਰ ਦੇ ਕੋਲ ਮਰੂਤੀ ਕਾਰ ਵਿਚ ਸ਼ੱਕੀ ਹਾਲਤ ਵਿਚ ਆ ਰਹੇ ਗੁਰਮੀਤ ਕੌਰ ਤੇ ਦਰਬਾਰਾ ਸਿੰਘ ਨੂੰ ਰੋਕ ਕੇ ਉਨਾਂ ਦੀ ਤਲਾਸ਼ੀ ਲਈ ਤਾਂ ਦੋਹਾਂ ਕੋਲੋਂ 50-50 ਗ੍ਰਾਮ ਹੈਰੋਇਨ ਅਤੇ ਇਕ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਦੋਹਾਂ ਖਿਲਾਫ ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਵਿਚ ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ।