30 ਲੱਖ ਦੀ ਹੈਰੋਇਨ ਸਮੇਤ ਨਸ਼ਾ ਸਮੱਗਲਰ ਗ੍ਰਿਫਤਾਰ

11/21/2019 1:19:54 AM

ਲੁਧਿਆਣਾ,(ਅਨਿਲ)  : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਨੇ ਇਕ ਨਸ਼ਾ ਸਮੱਗਲਰ ਨੂੰ 30 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਨਸ਼ਾ ਸਮੱਗਲਰ ਜਮਾਲਪੁਰ ਇਲਾਕੇ 'ਚ ਸਕੂਟਰੀ 'ਤੇ ਹੈਰੋਇਨ ਦੀ ਖੇਪ ਲੈ ਕੇ ਲਿਆ ਰਿਹਾ ਹੈ। ਜਿਸ 'ਤੇ ਐੱਸ. ਟੀ. ਐੱਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਨਿੱਜੀ ਹਸਪਤਾਲ ਜਮਾਲਪੁਰ ਦੇ ਨੇੜੇ ਸਪੈਸ਼ਨ ਨਾਕਾਬੰਦੀ ਕਰਦੇ ਹੋਏ ਇਕ ਸਕੂਟਰੀ ਸਵਾਰ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਚੈਕਿੰਗ ਲਈ ਰੋਕਿਆ ਗਿਆ। ਜਦੋਂ ਪੁਲਸ ਨੇ ਉਕਤ ਵਿਅਕਤੀ ਦੀ ਸਕੂਟਰੀ ਦੀ ਡਿੱਗੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 62 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਮਾਰਕਿਟ ਵਿਚ ਕੀਮਤ 30 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਤਰਨਜੀਤ ਸਿੰਘ ਤਰਣ (30) ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਕੁਲੀਏਵਾਲ ਜਮਾਲਪੁਰ ਵਜੋਂ ਕੀਤੀ ਗਈ। ਮੁਲਜ਼ਮ ਖਿਲਾਫ ਥਾਣਾ ਜਮਾਲਪੁਰ ਵਿਚ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋਸ਼ੀ 'ਤੇ ਪਹਿਲਾਂ ਵੀ ਇਰਾਦਾ ਕਤਲ ਦਾ ਮੁਕੱਦਮਾ ਦਰਜ
ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੰਸਿਆ ਕਿ ਮੁਲਜ਼ਮ ਤਰਨਜੀਤ ਸਿੰਘ ਪਿਛਲੇ 8 ਸਾਲ ਤੋਂ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ, ਜਿਸ 'ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਦੋਸ਼ੀ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਹ ਇਹ ਹੈਰੋਇਨ ਦੀ ਖੇਪ ਤਾਜਪੁਰ ਰੋਡ ਦੇ ਰਾਮਾ ਨਾਮੀ ਸਮੱਗਲਰ ਤੋਂ ਥੋਕ ਦੇ ਭਾਅ ਖਰੀਦ ਕੇ ਲਿਆਇਆ ਹੈ ਜਿਸ ਨੂੰ ਉਹ ਅੱਗੇ ਆਪਣੇ ਗਾਹਕਾਂ ਨੂੰ ਪਰਚੂਨ ਸਿੰਘ ਮਹਿੰਗੇ ਮੁੱਲ ਵੇਚਣ ਜਾ ਰਿਹਾ ਸੀ ਅਤੇ ਰਸਤੇ ਵਿਚ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂਕਿ ਉਸ ਦੇ ਬਾਕੀ ਗਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾ ਸਕੇ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।