ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ

05/16/2018 4:03:06 PM

ਦੇਹਰਾਦੂਨ/ਜਲੰਧਰ— ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। ਗੋਬਿੰਦ ਧਾਮ 'ਚ ਲੱਗੇ ਬੀ. ਐੱਸ. ਐੱਨ. ਐੱਲ. ਦੇ ਟਾਵਰ ਨੇ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਯਾਨੀ ਕਿ ਸੰਗਤਾਂ ਹੁਣ ਇਸ ਸਰਕਾਰੀ ਕੰਪਨੀ ਦੀ ਸਿਮ ਆਪਣੇ ਨਾਲ ਲਿਜਾ ਸਕਣਗੀਆਂ। ਸ੍ਰੀ ਹੇਮਕੁੰਟ ਸਾਹਿਬ ਲਈ ਯਾਤਰਾ ਇਸ ਮਹੀਨੇ ਦੀ 22 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ 25 ਮਈ ਤੋਂ ਇਸ ਪਵਿੱਤਰ ਅਸਥਾਨ ਦੇ ਕਿਵਾੜ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੇ ਮੱਦੇਨਜ਼ਰ ਮੌਜੂਦਾ ਸਮੇਂ ਲਗਭਗ 15 ਹਜ਼ਾਰ ਫੁੱਟ ਦੀ ਉਚਾਈ 'ਤੇ ਬਰਫ ਹਟਾਉਣ ਦਾ ਕੰਮ ਚੱਲ ਰਿਹਾ ਹੈ। ਮੌਸਮ ਖਰਾਬ ਹੋਣ ਕਾਰਨ ਕਈ ਵਾਰ ਬਰਫ ਹਟਾਉਣ ਦੇ ਕੰਮ 'ਚ ਰੁਕਾਵਟ ਵੀ ਆਈ ਹੈ ਪਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਇਹ ਸਾਲਾਨਾ ਯਾਤਰਾ ਸਮੇਂ 'ਤੇ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੌਸਮ ਵਿਭਾਗ ਵੱਲੋਂ 16 ਮਈ ਨੂੰ ਮੌਸਮ ਖਰਾਬ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਕਾਰਨ ਅਗਲੇ ਦੋ ਦਿਨ ਬਰਫ ਹਟਾਉਣ ਦਾ ਕੰਮ ਹੋਰ ਪ੍ਰਭਾਵਿਤ ਹੋ ਸਕਦਾ ਹੈ।ਬਰਫ ਹਟਾਉਣ ਅਤੇ ਰਸਤਾ ਬਣਾਉਣ ਦਾ ਕੰਮ ਦੋ ਮਈ ਨੂੰ ਸ਼ੁਰੂ ਕੀਤਾ ਗਿਆ ਸੀ।ਸੰਗਤਾਂ ਦੇ ਲੰਘਣ ਲਈ ਰਸਤਾ ਬਣਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਟਰੱਸਟ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੰਮ ਮਿੱਥੇ ਸਮੇਂ ਅੰਦਰ ਪੂਰਾ ਹੋ ਜਾਵੇ।
ਉੱਥੇ ਹੀ, ਭਾਰਤੀ ਫੌਜ ਦੇ ਜਵਾਨਾਂ ਦੀਆਂ ਦੋ ਟੀਮਾਂ ਵੱਲੋਂ ਵੀ ਰਸਤਾ ਪੱਧਰਾ ਕਰਨ 'ਚ ਜ਼ੋਰ-ਸ਼ੋਰ ਨਾਲ ਮਦਦ ਕੀਤੀ ਜਾ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਲਗਭਗ ਇਕ ਕਿਲੋਮੀਟਰ ਪੈਦਲ ਮਾਰਗ ਤੋਂ ਬਰਫ ਹਟਾ ਦਿੱਤੀ ਗਈ ਹੈ। ਇਸ ਦੇ ਇਲਾਵਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਪ੍ਰਬੰਧਕ ਟਰੱਸਟ ਵੱਲੋ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਗੁਰਦੁਆਰਾ ਗੋਬਿੰਦ ਘਾਟ ਦੇ ਪ੍ਰਬੰਧਕ ਮੁਤਾਬਕ, ਗੋਬਿੰਦ ਧਾਮ 'ਚ ਭਾਰਤੀ ਦੂਰਸੰਚਾਰ ਵੱਲੋਂ ਲਗਾਏ ਟਾਵਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਸੰਗਤ ਸਰਕਾਰੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਦੀ ਸਿਮ ਤੋਂ ਆਪਣੇ ਪਰਿਵਾਰ ਨਾਲ ਗੱਲਬਾਤ ਕਰ ਸਕੇਗੀ। ਜਾਣਕਾਰੀ ਮੁਤਾਬਕ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ 22 ਮਈ ਨੂੰ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਕਰਨਗੇ।ਇਹ ਪਹਿਲਾ ਜੱਥਾ ਉਸ ਰਾਤ ਸ੍ਰੀ ਨਗਰ ਸ਼ਹਿਰ ਵਿੱਚ ਠਹਿਰਣ ਮਗਰੋਂ 23 ਮਈ ਨੂੰ ਗੁਰਦੁਆਰਾ ਗੋਬਿੰਦਘਾਟ ਪਹੁੰਚੇਗਾ।24 ਮਈ ਨੂੰ ਇਹ ਸ਼ਰਧਾਲੂ ਗੁਰਦੁਆਰਾ ਗੋਬਿੰਦ ਧਾਮ ਅਤੇ 25 ਮਈ ਨੂੰ ਗੁਰਦੁਆਰਾ ਹੇਮਕੁੰਟ ਸਾਹਿਬ ਪਹੁੰਚਣਗੇ।