ਸੜਕ ਵਿਚਕਾਰ ਨਵਜੰਮੀ ਬੱਚੀ ਨੂੰ ਲੈ ਕੇ 5 ਘੰਟਿਆਂ ਤੱਕ ਤੜਫਦੀ ਰਹੀ ਬੇਵੱਸ ਮਾਂ

07/22/2018 12:03:31 PM

ਹੁਸ਼ਿਆਰਪੁਰ (ਅਮਰਿੰਦਰ)— ਮੁਕੇਰੀਆਂ ਵਿਖੇ ਬੀਤੀ ਦੇਰ ਰਾਤ 10 ਵਜੇ ਉਦੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਦੋਂ ਇਕ ਮਾਂ ਆਪਣੀ ਬੀਮਾਰ ਨਵਜੰਮੀ ਬੱਚੀ ਨੂੰ ਇਲਾਜ ਲਈ ਹੁਸ਼ਿਆਰਪੁਰ ਲਿਆਉਣਾ ਚਾਹੁੰਦੀ ਸੀ ਪਰ ਐਂਬੂਲੈਂਸ ਚਾਲਕ ਨੇ ਸਾਫ ਕਹਿ ਦਿੱਤਾ ਕਿ ਉਹ ਹੁਸ਼ਿਆਰਪੁਰ ਨਹੀਂ ਜਾਵੇਗਾ। ਇੰਨਾ ਹੀ ਨਹੀਂ ਵਿਰੋਧ ਕਰਨ 'ਤੇ ਉਹ ਬੇਵੱਸ ਮਾਂ ਨੂੰ ਨਵਜੰਮੀ ਬੱਚੀ ਸਮੇਤ ਸੜਕ ਵਿਚਕਾਰ ਰਾਤ 10 ਵਜੇ ਉਤਾਰ ਕੇ ਹਾਜੀਪੁਰ ਚਲਾ ਗਿਆ। ਇਸ ਦੌਰਾਨ ਔਰਤ ਦੇ ਪਤੀ ਨੇ ਆਪਣੇ ਮਾਲਕ ਨੂੰ ਫੋਨ ਕੀਤਾ ਅਤੇ ਤੜਕੇ ਕਰੀਬ 3 ਵਜੇ ਹੁਸ਼ਿਆਰਪੁਰ ਤੋਂ ਪਹੁੰਚੀ ਐਂਬੂਲੈਂਸ ਰਾਹੀਂ ਉਸ ਨੂੰ 4 ਵਜੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੁਕੇਰੀਆਂ ਵਿਖੇ ਕਰੀਬ 5 ਘੰਟੇ ਬਰਬਾਦ ਹੋਣ ਕਾਰਨ ਨਵਜੰਮੀ ਬੱਚੀ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਬੱਚੀ ਦੀ 19 ਸਾਲਾ ਮਾਂ ਸੀਮਾ ਦੇਵੀ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। 
ਸਿਵਲ ਹਸਪਤਾਲ ਦੇ ਮਹਿਲਾ ਵਾਰਡ ਦੇ ਬਾਹਰ ਸੀਮਾ ਦੇਵੀ ਨੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਦੱਸਿਆ ਕਿ ਉਸ ਦਾ ਵਿਆਹ 3 ਸਾਲ ਪਹਿਲਾਂ ਯੂ. ਪੀ. ਦੇ ਬਦਾਯੂੰ ਜ਼ਿਲੇ ਦੇ ਰਹਿਣ ਵਾਲੇ ਮਨੋਜ ਨਾਲ ਹੋਇਆ ਸੀ। ਮਨੋਜ ਹਿਮਾਚਲ ਪ੍ਰਦੇਸ਼ ਦੇ ਮੁਬਾਰਕਪੁਰ ਕੋਲ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਹੈ। ਜਣੇਪਾ ਪੀੜਾਂ ਸ਼ੁਰੂ ਹੋਣ 'ਤੇ ਉਹ 19 ਜੁਲਾਈ ਨੂੰ ਹਾਜੀਪੁਰ ਹਸਪਤਾਲ ਪਹੁੰਚੇ ਸਨ, ਜਿੱਥੇ 20 ਜੁਲਾਈ ਨੂੰ ਸ਼ਾਮ 7 ਵਜੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਜਨਮ ਸਮੇਂ ਬੱਚੀ ਦੇ ਨਾ ਰੋਣ ਕਾਰਨ ਡਾਕਟਰਾਂ ਨੇ ਇਹ ਕਹਿ ਕੇ ਮੁਕੇਰੀਆਂ ਰੈਫਰ ਕਰ ਦਿੱਤਾ ਕਿ ਉਸ ਨੂੰ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਹੈ। ਐਂਬੂਲੈਂਸ ਲਈ 300 ਰੁਪਏ ਦੀ ਪਰਚੀ ਕਟਵਾ ਕੇ ਉਹ ਮੁਕੇਰੀਆਂ ਪਹੁੰਚੇ ਤਾਂ ਉਥੋਂ ਡਾਕਟਰਾਂ ਨੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ। 
ਉਨ੍ਹਾਂ ਦੋਸ਼ ਲਾਇਆ ਕਿ ਐਂਬੂਲੈਂਸ ਦੇ ਡਰਾਈਵਰ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਪਹੁੰਚਾਉਣ ਦੀ ਬਜਾਏ ਸੜਕ ਵਿਚਕਾਰ ਹੀ ਉਤਾਰ ਦਿੱਤਾ। ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਨਿਊ ਬੌਰਨ ਕੇਅਰ ਯੂਨਿਟ 'ਚ ਤਾਇਨਾਤ ਮੈਡੀਕਲ ਸਟਾਫ ਨੇ ਦੱਸਿਆ ਕਿ ਨਵਜੰਮੀ ਬੱਚੀ ਨੂੰ ਸਾਹ ਲੈਣ 'ਚ ਕਾਫੀ ਮੁਸ਼ਕਿਲ ਆ ਰਹੀ ਹੈ। ਇਲਾਜ 'ਚ ਦੇਰੀ ਹੋਣ ਕਾਰਨ ਉਸ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ।