ਸੜਕਾਂ ''ਤੇ ਖੜ੍ਹੇ ਬੇਸਹਾਰਾ ਪਸ਼ੂ ਬਣ ਰਹੇ ਹਨ ਜਾਨ ਦਾ ਖੌਅ

Monday, Jul 24, 2017 - 12:18 PM (IST)

ਫ਼ਰੀਦਕੋਟ (ਹਾਲੀ)-ਸੜਕਾਂ 'ਤੇ ਖੜ੍ਹੇ ਬੇਸਹਾਰਾ ਪਸ਼ੂ ਜਿਥੇ ਵਾਹਨ ਚਲਾਉਣ ਵਾਲਿਆਂ ਦੀ ਜਾਨ ਦਾ ਖੌਅ ਬਣੇ ਹੋਏ ਹਨ, ਉਥੇ ਵਾਹਨਾਂ 'ਚ ਵੱਜ ਕੇ ਪਸ਼ੂ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਰਹੇ ਹਨ। ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਗਲੀਆਂ 'ਚ ਵੱਡੀ ਗਿਣਤੀ ਵਿਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੁੰਦੀ ਜਾ ਰਹੀ ਹੈ, ਜਿਸ ਕਰ ਕੇ ਆਮ ਲੋਕਾਂ ਦਾ ਸੜਕਾਂ 'ਤੇ ਚੱਲਣਾ ਤੇ ਵਾਹਨ ਚਲਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ। 
ਸਥਾਨਕ ਪੁਰਾਣੀ ਦਾਣਾ ਮੰਡੀ, ਪੁਰਾਣੀ ਸਬਜ਼ੀ ਮੰਡੀ, ਸਰਕੂਲਰ ਰੋਡ, ਮਾਲ ਰੋਡ 'ਤੇ ਇਹ ਆਵਾਰਾ ਪਸ਼ੂ ਆਮ ਦੇਖੇ ਜਾ ਸਕਦੇ ਹਨ। ਇਹ ਆਵਾਰਾ ਪਸ਼ੂ ਵਾਹਨਾਂ 'ਚ ਵੱਜ ਕੇ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਬਣਦੇ ਹਨ ਤੇ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਹੁੰਦੇ ਹਨ। ਵਾਤਾਵਰਣ ਪ੍ਰੇਮੀ ਡਾ. ਪ੍ਰਿਤਪਾਲ ਸਿੰਘ, ਲੋਕ ਆਵਾਜ਼ ਮੰਚ ਦੇ ਜ਼ਿਲਾ ਪ੍ਰਧਾਨ ਪ੍ਰੀਤਮ ਸਿੰਘ ਭਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਆਵਾਰਾ ਪਸ਼ੂਆਂ ਦੇ ਪ੍ਰਬੰਧ ਲਈ ਲੋਕਾਂ ਤੋਂ ਬਿਜਲੀ ਦੇ ਬਿੱਲਾਂ 'ਚ ਸੈੱਸ ਇਕੱਠਾ ਕੀਤੇ ਜਾਣ ਦੇ ਬਾਵਜੂਦ ਇਨ੍ਹਾਂ ਦੀ ਸੰਭਾਲ ਸਬੰਧੀ ਕੋਈ ਕਾਰਗਰ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਿਸ ਕਰ ਕੇ ਇਹ ਸੜਕਾਂ 'ਤੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਅਤੇ ਆਪਣੀ ਜਾਨ ਵੀ ਗਵਾਉਂਦੇ ਹਨ। ਭਾਰਤੀ ਕਿਸਾਨ ਮੰਚ ਦੇ ਸੂਬਾ ਆਗੂ ਸਵਿੰਦਰ ਸਿੰਘ ਰਾਜੋਆਣਾ, ਬਲਦੀਪ ਸਿੰਘ ਰੋਮਾਣਾ, ਸਰਦੂਲ ਸਿੰਘ ਨੇ ਕਿਹਾ ਕਿ ਆਵਾਰਾ ਪਸ਼ੂ ਕਿਸਾਨਾਂ ਦੀ ਫ਼ਸਲ ਤਬਾਹ ਕਰ ਦਿੰਦੇ ਹਨ।


Related News