ਥਾਣਾ ਨੰਬਰ 8 ਦੀ ਮੁਖੀ ਹਿਨਾ ਗੁਪਤਾ ਨੇ ਲੋਕਾਂ ਦੀ ਸ਼ਿਕਾਇਤ ’ਤੇ ਕੀਤੀ ਸਖ਼ਤੀ

08/10/2018 6:18:02 AM

ਜਲੰਧਰ,    (ਰਾਜੇਸ਼)—  ਠੇਕੇ ਦੇ ਬਾਹਰ ਸ਼ਰਾਬ ਪਿਲਾ ਰਹੇ ਠੇਕੇਦਾਰ ਨੂੰ ਥਾਣਾ ਨੰਬਰ 8 ਦੀ  ਮੁਖੀ ਨੇ ਖਰੀ-ਖੋਟੀ ਸੁਣਾਈ ਅਤੇ ਉਸ ਦਾ ਵਾਟਰ ਕੂਲਰ ਚੁੱਕ ਕੇ ਉਸਨੂੰ ਹਵਾਲਾਤ ਵਿਚ ਬੰਦ ਕਰਨ ਦੀ ਗੱਲ ਕਹੀ। ਕਿਸ਼ਨਪੁਰਾ ਚੌਕ ਵਿਚ ਹਸਪਤਾਲ ਕੋਲ ਸਥਿਤ ਸ਼ਰਾਬ ਦਾ ਠੇਕੇਦਾਰ ਵਾਟਰ ਕੂਲਰ ਰੱਖ ਕੇ ਲੋਕਾਂ ਨੂੰ ਸ਼ਰਾਬ ਪਿਅਾਉਂਦਾ  ਸੀ। 
ਜਿੱਥੇ ਸ਼ਰੇਆਮ ਸ਼ਰਾਬ  ਪਿਆਉਣ ਵਾਲੇ ਦਾ ਵਿਰੋਧ ਕਰਨ ਲਈ ਲੋਕ ਇਕਜੁੱਟ ਹੋ ਕੇ ਕਿਸ਼ਨਪੁਰਾ ਚੌਕ ਵਿਚ ਹੰਗਾਮਾ ਕਰਨ  ਲੱਗੇ। ਲੋਕਾਂ ਦਾ ਦੋਸ਼ ਸੀ ਕਿ ਸ਼ਰਾਬ ਦੇ ਠੇਕੇ ਵਾਲਾ ਸੜਕ ’ਤੇ ਵਾਟਰ ਕੂਲਰ ਰੱਖ ਕੇ  ਲੋਕਾਂ ਨੂੰ ਸ਼ਰੇਆਮ ਸ਼ਰਾਬ ਪਿਆਉਂਦਾ ਹੈ, ਜਿਸ ਨਾਲ ਲੋਕ ਸ਼ਰਾਬ ਪੀ ਕੇ ਸੜਕ ’ਤੇ ਡਿੱਗ  ਪੈਂਦੇ ਹਨ ਅਤੇ ਆਉਣ-ਜਾਣ ਵਾਲੇ ਲੋਕਾਂ ਨਾਲ ਗਾਲੀ-ਗਲੋਚ ਕਰਦੇ ਹਨ, ਜਿਸ ਕਾਰਨ ਉਨ੍ਹਾਂ  ਦੀਆਂ ਲੜਕੀਆਂ ਦਾ ਘਰ ਤੋਂ ਬਾਹਰ ਨਿਕਲਣਾ ਖਰਾਬ ਹੋ ਗਿਆ ਸੀ। ਸ਼ਰਾਬ  ਦੇ ਠੇਕੇ ਨਾਲ  ਹਸਪਤਾਲ ਵੀ ਹੈ ਜਿੱਥੇ ਮਰੀਜ਼ਾਂ ਨੂੰ ਵੀ ਇਸ ਨਾਲ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। 
ਹੰਗਾਮੇ ਦੀ ਸੂਚਨਾ ਮਿਲਦਿਅਾਂ ਹੀ ਥਾਣਾ ਨੰਬਰ 8 ਦੀ ਮੁਖੀ ਹਿਨਾ ਗੁਪਤਾ ਮੌਕੇ ’ਤੇ ਪਹੁੰਚੀ ਅਤੇ ਸ਼ਰਾਬ ਦੇ ਠੇਕੇਦਾਰ ਨੂੰ ਕਿਹਾ ਕਿ ਅੱਜ ਤੋਂ ਬਾਅਦ  ਜੇ ਵਾਟਰ ਕੂਲਰ ਰੱਖ  ਕੇ ਸ਼ਰਾਬ ਪਿਆਈ ਤਾਂ ਉਸਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਜਾਵੇਗਾ । ਥਾਣਾ ਮੁਖੀ  ਹਿਨਾ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਿਕਾਇਤ ’ਤੇ ਜਦੋਂ  ਉਹ ਕਿਸ਼ਨਪੁਰਾ ਚੌਕ ਪਹੁੰਚੇ ਤਾਂ ਠੇਕੇ ਦੇ ਬਾਹਰੋਂ ਵਾਟਰ ਕੂਲਰ ਚੁੱਕ ਲਿਆ ਸੀ ਅਤੇ  ਠੇਕੇਦਾਰ ਨੂੰ ਚਿਤਾਵਨੀ ਦੇ ਦਿੱਤੀ ਹੈ।