''ਚੰਗਾ ਹੋਇਆ, ਰੇਪਿਸਟਾਂ ਨੂੰ ਇਹੀ ਸਜ਼ਾ ਮਿਲਣੀ ਚਾਹੀਦੀ ਸੀ''

12/07/2019 5:28:10 PM

ਲੁਧਿਆਣਾ (ਮੀਨੂ) : ਹੈਦਰਾਬਾਦ 'ਚ ਹੈਵਾਨੀਅਤ ਭਰੇ ਇਸ ਗੈਂਗਰੇਪ ਕਾਂਡ ਤੋਂ ਬਾਅਦ ਦੇਸ਼ ਭਰ 'ਚ ਚਾਰ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਉੱਠ ਰਹੀ ਸੀ। ਸ਼ੁੱਕਰਵਾਰ ਸਵੇਰ ਹੀ ਕੇਸ ਦੇ ਚਾਰ ਦੋਸ਼ੀਆਂ ਨੂੰ ਪੁਲਸ ਨੇ ਮੁਕਾਬਲੇ 'ਚ ਮਾਰ ਦਿੱਤਾ ਹੈ। ਇਸ ਮੁਕਾਬਲੇ ਸਬੰਧੀ 'ਜਗ ਬਾਣੀ' ਨੇ ਸ਼ਹਿਰ ਦੀਆਂ ਔਰਤਾਂ ਦੀ ਪ੍ਰਤੀਕਿਰਿਆ ਜਾਣੀ ਹੈ। ਦੋਸ਼ੀਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਖਬਰ ਨਾਲ ਉਹ ਕਾਫੀ ਖੁਸ਼ ਨਜ਼ਰ ਆਈਆਂ। 

ਰੇਪਿਸਟਾਂ ਨੂੰ ਇਹੀ ਸਜ਼ਾ ਮਿਲਣੀ ਚਾਹੀਦੀ ਸੀ। ਇਸ ਨਾਲ ਦੋਸ਼ੀਆਂ 'ਚ ਡਰ ਪੈਦਾ ਹੋਵੇਗਾ ਅਤੇ ਉਹ ਕਿਸੇ ਵੀ ਲੜਕੀ ਨਾਲ ਜਬਰ-ਜ਼ਨਾਹ ਕਰਨ ਤੋਂ ਪਹਿਲਾਂ ਦਸ ਵਾਰ ਸੋਚੇਗਾ। ਮੇਰਾ ਤਾਂ ਇਹੀ ਮੰਨਣਾ ਹੈ ਕਿ ਜੇਕਰ ਦੋਸ਼ੀ ਦੇ ਦੋਸ਼ਾਂ ਦੀ ਪੁਸ਼ਟੀ ਹੋ ਜਾਂਦੀ ਹੈ ਅਤੇ ਜਬਰ-ਜ਼ਨਾਹ ਆਪਣੇ ਦੋਸ਼ਾਂ ਨੂੰ ਮੰਨ ਲੈਂਦੇ ਹਨ ਤਾਂ ਜਨਤਾ ਦੇ ਸਾਹਮਣੇ ਹੀ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਅਜਿਹੇ ਅਪਰਾਧ ਮੁੜ ਨਾ ਹੋ ਸਕਣ।- ਨੰਦਿਨੀ ਗੁਪਤਾ, ਸਮਾਜਸੇਵਿਕਾ।

ਤਾਂ ਹੀ ਅਪਰਾਧੀਆਂ 'ਚ ਪੈਦਾ ਹੋਵੇਗਾ ਡਰ
ਭੱਜਣ ਦਾ ਯਤਨ ਕਰ ਰਹੇ ਦੋਸ਼ੀਆਂ ਨੂੰ ਮੌਕੇ 'ਤੇ ਹੀ ਸਜ਼ਾਏ ਮੌਤ ਦੇਣ ਦਾ ਹੈਦਰਾਬਾਦ ਪੁਲਸ ਦਾ ਕਦਮ ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਹੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਅਪਰਾਧੀਆਂ ਵਿਚ ਡਰ ਪੈਦਾ ਹੋਵੇਗਾ। ਕਈ ਦੇਸ਼ਾਂ ਵਿਚ ਅਜਿਹੇ ਦੋਸ਼ੀਆਂ ਨੂੰ ਉਸੇ ਸਮੇਂ ਸ਼ੂਟ ਕਰਨ ਦੀ ਵਿਵਸਥਾ ਹੈ ਜਿਸ ਨੂੰ ਆਪਣੇ ਦੇਸ਼ ਵਿਚ ਵੀ ਲਾਗੂ ਕਰਨਾ ਚਾਹੀਦਾ ਹੈ।- ਕੁਲਵੰਤ ਭਾਂਬਰ, ਉਪ ਪ੍ਰਧਾਨ ਕ੍ਰਿਏਟਿਵ ਲੇਡੀਜ਼ ਕਲੱਬ

ਸੋਸ਼ਲ ਮੀਡੀਆ 'ਤੇ ਹੈਦਰਬਾਦ ਪੁਲਸ ਨੂੰ ਦਿੱਤੀ ਵਧਾਈ ਅਤੇ ਇਸ ਨੂੰ ਸਹੀ ਕਦਮ ਦੱਸਿਆ
ਮਹਿਲਾ ਡਾਕਟਰ ਨੂੰ ਨਿਆਂ ਮਿਲਿਆ ਹੈ। ਇਸ ਖਬਰ ਨੇ ਚਿਹਰੇ 'ਤੇ ਖੁਸ਼ੀ ਲਿਆ ਦਿੱਤੀ ਹੈ। ਮੈਂ ਇਸ ਖੁਸ਼ਖਬਰੀ ਨੂੰ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਹੈ ਅਤੇ ਹੈਦਰਾਬਾਦ ਦੀ ਪੁਲਸ ਨੂੰ ਵਧਾਈ ਦਿੱਤੀ ਹੈ। ਜੇਕਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਆਪਣੇ ਅਪਰਾਧਾਂ ਲਈ ਸਜ਼ਾ ਮਿਲ ਜਾਵੇ ਤਾਂ ਉਹ ਅਪਰਾਧਕ ਮਾਨਸਿਕਤਾ ਵਾਲੇ ਅਪਰਾਧ ਕਰਨ ਤੋਂ ਪਹਿਲਾਂ ਕੲਂ ਵਾਰ ਸੋਚਣਗੇ।- ਰਿੰਪੀ ਪ੍ਰਿੰਸ, ਸੋਸ਼ਲ ਐਕਟੀਵਿਸਟ।

ਇਕਦਮ ਸਹੀ ਫੈਸਲਾ
ਐਨਕਾਊਂਟਰ ਵਿਚ ਦੋਸ਼ੀਆਂ ਨੂੰ ਮਾਰ ਸੁੱਟਣਾ ਸਹੀ ਕਦਮ ਹੈ। ਅਜਿਹੇ ਦਰਿੰਦਿਆਂ ਲਈ ਇਹੀ ਸਜ਼ਾ ਹੋਣੀ ਚਾਹੀਦੀ ਸੀ। ਨਿਰਭਯਾ ਕੇਸ ਵਿਚ ਵੀ ਇਹੀ ਹੋਣਾ ਚਾਹੀਦਾ ਸੀ। ਜੇਕਰ ਸਮਾਂ ਰਹਿੰਦੇ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੁੰਦੀ ਤਾਂ ਹੈਦਰਾਬਾਦ ਵਿਚ ਇਕ ਕਾਂਡ ਨਾ ਹੁੰਦਾ। ਅਜਿਹੇ ਘਿਣਾਉਣੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਬਿਨਾਂ ਸਮਾਂ ਗਵਾਏ ਫਾਂਸੀ 'ਤੇ ਲਟਕਾਉਣਾ ਚਾਹੀਦਾ ਹੈ ਤਾਂ ਕਿ ਹੋਰ ਅਪਰਾਧਕ ਮਾਨਿਸਕਤਾ ਨੂੰ ਡਰ ਪੈਦਾ ਹੋ ਸਕੇ।- ਰੀਨਾ ਅਗਰਵਾਲ, ਚੇਅਰਪਰਸਨ ਨਵੋਦਿਆ ਐੱਨ.ਜੀ.ਓ.।

ਇਸੇ ਤਰ੍ਹਾਂ ਹੀ ਦਰਿੰਦਿਆਂ ਦੇ ਮਨ ਵਿਚ ਡਰ ਬੈਠੇਗਾ
ਦੋਸ਼ੀਆਂ ਨੇ ਭੱਜਣ ਦਾ ਯਤਨ ਕੀਤਾ ਸੀ ਤਾਂ ਮੁਕਾਬਲੇ ਵਿਚ ਉਨ੍ਹਾਂ ਨੂੰ ਸਜ਼ਾ ਮਿਲੀ। ਹਰ ਕੇਸ ਵਿਚ ਅਜਿਹਾ ਨਹੀਂ ਹੋਵੇਗਾ। ਇਸ ਲਈ ਦੋਸ਼ ਸਾਬਤ ਹੋਣ 'ਤੇ ਸਜ਼ਾਏ ਮੌਤ ਦੀ ਸਜ਼ਾ ਉਸੇ ਸਮੇਂ ਸੁਣਾ ਦੇਣੀ ਚਾਹੀਦੀ ਹੈ। ਨਿਆਇਕ ਪ੍ਰਣਾਲੀ ਤੋਂ ਸਖਤ ਸਜ਼ਾ ਮਿਲੇ ਤਾਂ ਹੀ ਦਰਿੰਦਿਆਂ ਦੇ ਮਨ ਵਿਚ ਡਰ ਬੈਠੇਗਾ। ਅਜਿਹੇ ਦਰਿੰਦਿਆਂ ਨੂੰ ਦੋਸ਼ ਸਾਬਤ ਹੋਣ 'ਤੇ ਤੁਰੰਤ ਗੋਲੀ ਮਾਰ ਦੇਣ ਦੇ ਹੁਕਮ ਦੇਣ ਦੀ ਵਿਵਸਥਾ ਹੋਣੀ ਚਾਹੀਦੀ ਹੈ।-  ਮੇਕਅਪ ਆਰਟਿਸਟ ਸੀਮਾ ਰਾਣੀ। 

ਮੌਤ ਦੀ ਸਜ਼ਾ ਦਾ ਹੀ ਕਾਨੂੰਨ ਹੋਣਾ ਚਾਹੀਦਾ ਹੈ
ਇਨ੍ਹਾਂ ਦੋਸ਼ੀਆਂ ਦੇ ਮਨ ਵਿਚ ਇੰਨਾ ਜੁਰਮ ਭਰਿਆ ਹੋਇਆ ਸੀ ਕਿ ਉਹ ਭੱਜਣ ਦਾ ਯਤਨ ਕਰ ਰਹੇ ਸਨ ਅਤੇ ਅਜਿਹੇ ਵਿਚ ਪੁਲਸ ਮੁਕਾਬਲਾ ਸ਼ਲਾਘਾਯੋਗ ਕਦਮ ਹੈ। ਅਜਿਹੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਹੀ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਹੀ ਰੇਪਿਸਟਾਂ ਵਿਚ ਅਪਰਾਧਾਂ ਪ੍ਰਤੀ ਡਰ ਬੈਠੇਗਾ। ਸਾਡੀ ਨਿਆਇਕ ਵਿਵਸਥਾ ਨੂੰ ਵੀ ਸਖਤ ਹੋਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ।- ਬਿੰਦਿਆ ਮਦਾਨ, ਮਹਿਲਾ ਕਾਂਗਰਸ ਪੰਜਾਬ ਸੈਕਟਰੀ।

ਹੈਦਰਾਬਾਦ ਦੀ ਪੁਲਸ ਨੂੰ ਸਲਿਊਟ ਕਰਦੇ ਹਾਂ
ਹੈਦਰਾਬਾਦ ਦੀ ਪੁਲਸ ਨੇ ਮੁਕਾਬਲੇ ਵਿਚ ਚਾਰ ਦੋਸ਼ੀਆਂ ਨੂੰ ਮਾਰ ਕੇ ਚੰਗਾ ਕੰਮ ਕੀਤਾ ਹੈ ਪਰ ਸਾਡੇ ਦੇਸ਼ ਦੀ ਨਿਆਇਕ ਵਿਵਸਥਾ ਵਿਚ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।- ਡਾ. ਸਿੰਮੀ ਅੱਗਰਵਾਲ

ਦੇਸ਼ ਦੀ ਹਰ ਪੀੜਤ ਬੇਟੀ ਨੂੰ ਮਿਲੇ ਇਨਸਾਫ
ਆਰਟਿਸਟ ਦੀਪਾਲੀ ਸ਼ਰਮਾ ਨੇ ਹੈਦਰਾਬਾਦ ਦੇ ਐਨਕਾਊਂਟਰ 'ਤੇ ਆਪਣੀ ਪੇਂਟਿੰਗ ਰਾਹੀਂ ਖੁਸ਼ੀ ਜਤਾਈ ਹੈ। ਦੀਪਾਲੀ ਦਾ ਕਹਿਣਾ ਹੈ ਕਿ ਹੈਦਰਾਬਾਦ ਦੀ ਪੁਲਸ ਨੂੰ ਇਸ ਗੱਲ ਦੀ ਉਹ ਵਧਾਈ ਦਿੰਦੀ ਹੈ ਕਿ ਉਨ੍ਹਾਂ ਨੇ ਮੌਕੇ 'ਤੇ ਹੀ ਦੋਸ਼ੀਆਂ ਨੂੰ ਮਾਰ ਦਿੱਤਾ। ਰੇਪਿਸਟ ਨੂੰ ਹਰ ਹਾਲ ਵਿਚ 6 ਮਹੀਨੇ ਵਿਚ ਫਾਂਸੀ ਦੀ ਸਜ਼ਾ ਸੁਣਾਈ ਜਾਵੇ, ਨਹੀਂ ਤਾਂ ਇਸੇ ਤਰ੍ਹਾਂ ਹੀ ਮੌਕੇ 'ਤੇ ਗੋਲੀ ਨਾਲ ਉਡਾ ਦਿੱਤਾ ਜਾਵੇ।

Anuradha

This news is Content Editor Anuradha