ਮੀਂਹ ਨੇ ਲੋਕਾਂ ਨੂੰ ਸਮੋਗ ਤੋਂ ਦਿੱਤੀ ਭਾਰੀ ਰਾਹਤ

11/16/2017 7:08:25 AM

ਸੁਲਤਾਨਪੁਰ ਲੋਧੀ, (ਧੀਰ)- ਕਰੀਬ ਦੋ ਹਫਤੇ ਤੋਂ ਸੰਘਣੀ ਸਮੋਗ ਦਾ ਪ੍ਰਕੋਪ ਝੱਲ ਰਹੇ ਨਗਰ ਵਾਸੀਆਂ ਨੂੰ ਸਮੋਗ ਤੋਂ ਉਸ ਸਮੇਂ ਭਾਰੀ ਰਾਹਤ ਮਿਲੀ, ਜਦੋਂ ਬੀਤੇ ਦਿਨ ਸ਼ਾਮ ਤੋਂ ਬਾਅਦ  ਆਸਮਾਨ 'ਚ ਇੰਦਰ ਦੇਵਤਾ ਦੀ ਕਿਰਪਾ ਨਾਲ ਭਾਰੀ ਮੀਂਹ ਪਿਆ। ਸਾਰੀ ਰਾਤ ਰੁਕ-ਰੁਕ ਕੇ ਪਏ ਮੀਂਹ ਤੇ ਸਵੇਰ ਸਮੇਂ ਵੀ ਬੱਦਲਵਾਈ, ਠੰਡੀਆਂ ਹਵਾਵਾਂ ਚੱਲਣ ਕਾਰਨ ਆਸਮਾਨ 'ਚ ਛਾਈ ਕਾਲੀ ਸਮੋਗ ਦਾ ਪ੍ਰਕੋਪ ਖਤਮ ਹੋ ਗਿਆ। ਮੀਂਹ ਨੇ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਲਿਆਂਦੀ ਤੇ ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਕੀਤਾ ਵਾਧਾ
ਪਹਿਲਾਂ ਹੀ ਲਗਾਤਾਰ ਸੰਘਣੀ ਸਮੋਗ ਕਾਰਨ ਕਣਕ ਦੀ ਬਿਜਾਈ 'ਚ ਹੋ ਰਹੀ ਦੇਰੀ ਕਰ ਕੇ ਕਿਸਾਨ ਪਿੱਛੜ ਰਹੇ ਸਨ ਕਿਉਂਕਿ ਧੁੱਪ ਨਾ ਲੱਗਣ ਕਾਰਨ ਜ਼ਮੀਨਾਂ ਨੂੰ ਕਣਕ ਦੀ ਬਿਜਾਈ ਵਾਸਤੇ ਤਿਆਰ ਕਰਨਾ ਮੁਸ਼ਕਲ ਹੋ ਗਿਆ ਸੀ। ਬੀਤੇ ਦਿਨ ਪਏ ਭਾਰੀ ਮੀਂਹ ਤੇ ਅੱਜ ਵੀ ਮੌਸਮ ਸਾਫ ਨਾ ਹੋਣ ਕਾਰਨ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਨੂੰ ਹੋਰ ਡੂੰਘੀਆਂ ਕਰ ਦਿੱਤਾ। ਮੀਂਹ ਕਾਰਨ ਜ਼ਮੀਨਾਂ ਗਿੱਲੀਆਂ ਹੋ ਗਈਆਂ ਹਨ ਤੇ ਪਰਾਲੀ ਵੀ ਗਿੱਲੀ ਹੋਣ ਕਰ ਕੇ ਸੜ ਨਹੀਂ ਰਹੀ ਤੇ ਜੇਕਰ ਪਰਾਲੀ ਨਹੀਂ ਸੜਦੀ ਤਾਂ ਕਣਕ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨਾ ਬਹੁਤ ਔਖਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਉਪਰੰਤ ਜੇ ਧੁੱਪਾਂ ਨਿਕਲਦੀਆਂ ਹਨ ਤਾਂ ਹੀ ਉਹ ਕਣਕ ਦੀ ਬਿਜਾਈ ਕਰ ਸਕਣਗੇ ਨਹੀਂ ਤਾਂ ਕਣਕ ਦੀ ਬਿਜਾਈ ਪਛੇਤੀ ਪੈ ਜਾਵੇਗੀ ਤੇ ਕਣਕ ਦਾ ਝਾੜ ਵੀ ਘੱਟ ਨਿਕਲੇਗਾ। 
ਕੀ ਕਹਿੰਦੇ ਹਨ ਖੇਤੀਬਾੜੀ ਵਿਭਾਗ ਦੇ ਅਧਿਕਾਰੀ 
ਬਲਾਕ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਪਰਮਿੰਦਰ ਕੁਮਾਰ ਦਾ ਕਹਿਣਾ ਹੈ ਕਿ ਮੀਂਹ ਨੇ ਸੰਘਣੀ ਸਮੋਗ ਤੋਂ ਕਾਫੀ ਰਾਹਤ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾਲ ਹਾਲੇ 1-2 ਦਿਨ ਕਣਕ ਦੀ ਬਿਜਾਈ ਤਾਂ ਨਹੀਂ ਹੋ ਸਕੇਗੀ ਪਰ ਜੇ ਆਉਣ ਵਾਲੇ ਸਮੇਂ 'ਚ ਮੌਸਮ ਪੂਰੀ ਤਰ੍ਹਾਂ ਸਾਫ ਹੋ ਕੇ ਧੁੱਪ ਨਿਕਲਦੀ ਹੈ ਤਾਂ ਕਣਕ ਦੀ ਬਿਜਾਈ 'ਚ ਤੇਜ਼ੀ ਆ ਜਾਵੇਗੀ। ਉਂਝ ਹਾਲੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ।
ਮੀਂਹ ਨੇ ਕੀਤਾ ਠੰਡ 'ਚ ਵਾਧਾ 
ਸੰਘਣੀ ਸਮੋਗ ਤੋਂ ਬਾਅਦ ਹੁਣ ਮੀਂਹ ਨੇ ਠੰਡ 'ਚ ਹੋਰ ਵਾਧਾ ਕਰ ਦਿੱਤਾ ਹੈ। ਦਿਨ ਭਰ ਚੱਲੀਆਂ ਤੇਜ਼ ਠੰਡੀਆਂ ਹਵਾਵਾਂ ਤੇ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਲੋਕਾਂ ਨੂੰ ਲੋਈ, ਸ਼ਾਲ ਤੇ ਸਵੈਟਰਾਂ ਨਾਲ ਜਾਂਦੇ ਵੇਖਿਆ ਗਿਆ। ਦੂਜੇ ਪਾਸੇ ਠੰਡ ਵਧਣ ਕਾਰਨ ਲੋਕਾਂ ਨੂੰ ਗਰਮ ਕੱਪੜਿਆਂ ਦੀ ਖਰੀਦਦਾਰੀ ਕਰਦੇ ਦੁਕਾਨਾਂ 'ਤੇ ਵੇਖਿਆ ਗਿਆ।