ਸਿਹਤ ਵਿਭਾਗ ''ਚ ਕਰਮਚਾਰੀਆਂ ਦੀ ਭਾਰੀ ਕਮੀ

04/23/2018 12:22:03 AM

ਮੋਗਾ,  (ਸੰਦੀਪ ਸ਼ਰਮਾ)-  ਜ਼ਿਲਾ ਸਿਹਤ ਵਿਭਾਗ ਪਿਛਲੇ ਲੰਬੇ ਸਮੇਂ ਤੋਂ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਕਲੈਰੀਕਲ ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਜਿਥੇ ਸਿਹਤ ਵਿਭਾਗ ਦੇ ਜ਼ਿਲਾ ਪੱਧਰੀ ਹਸਪਤਾਲ ਸਮੇਤ ਵੱਖ-ਵੱਖ ਬਲਾਕਾਂ ਦੇ ਸਰਕਾਰੀ ਹਸਪਤਾਲਾਂ 'ਚ ਪੁੱਜਣ ਵਾਲੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ ਪ੍ਰਭਾਵਿਤ ਹੋ ਰਹੀਆਂ ਹਨ, ਉਥੇ ਹੀ ਇਸ ਦਾ ਅਸਰ ਜ਼ਿਲਾ ਪੱਧਰੀ ਸਿਵਲ ਸਰਜਨ ਅਤੇ ਐੱਸ. ਐੱਮ. ਓ. ਦਫਤਰਾਂ ਦੇ ਅਧੀਨ ਚੱਲ ਰਹੀਆਂ ਹੋਰ ਕਲੈਰੀਕਲ ਬ੍ਰਾਂਚਾਂ 'ਤੇ ਵੀ ਵੇਖਿਆ ਜਾ ਸਕਦਾ ਹੈ। ਇਸ ਸਮੱਸਿਆ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਉਕਤ ਦਫਤਰਾਂ 'ਚ ਚਲਾਏ ਜਾ ਰਹੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮਾਂ ਤਹਿਤ ਵਿਭਾਗ ਨੂੰ ਭੇਜੀ ਜਾਣ ਵਾਲੀ ਰਿਪੋਰਟਿੰਗ ਸਮੇਤ ਹੋਰਨਾਂ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਥੇ ਡੈਪੂਟੇਸ਼ਨ 'ਤੇ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ।
ਬੀਤੇ ਦਿਨੀਂ ਪਹਿਲਾਂ ਤਾਂ ਵਿਭਾਗ ਵੱਲੋਂ ਅਜਿਹੇ ਡੈਪੂਟੇਸ਼ਨ 'ਤੇ ਤਾਇਨਾਤ ਕਰਮਚਾਰੀਆਂ ਨੂੰ ਡੈਪੂਟੇਸ਼ਨ ਰੱਦ ਕਰ ਕੇ ਉਨ੍ਹਾਂ ਨੂੰ ਸਥਾਈ ਤਾਇਨਾਤੀ ਵਾਲੇ ਸਥਾਨ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਸ ਜਾਰੀ ਪੱਤਰ ਦੇ ਕੁਝ ਦਿਨਾਂ ਬਾਅਦ ਵੀ ਇਸ ਹੁਕਮ 'ਚ ਫੇਰਬਦਲ ਕਰ ਕੇ ਇਥੇ ਡੈਪੂਟੇਸ਼ਨ 'ਤੇ ਤਾਇਨਾਤ ਕਰਮਚਾਰੀਆਂ ਨੂੰ ਹੁਣ ਇਕ ਵਾਰ ਫਿਰ 31 ਮਾਰਚ, 2019 ਤੱਕ ਇਸ ਜਗ੍ਹਾ 'ਤੇ ਡਿਊਟੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਵਿਭਾਗੀ ਅੰਕੜੇ ਅਨੁਸਾਰ ਸਿਵਲ ਸਰਜਨ ਦਫਤਰ ਅਧੀਨ ਚੱਲਣ ਵਾਲੀਆਂ ਵੱਖ-ਵੱਖ ਸ਼ਾਖਾਵਾਂ 'ਚ ਵੱਖ-ਵੱਖ ਅਹੁਦਿਆਂ 'ਤੇ ਪਿਛਲੇ ਲੰਬੇ ਸਮੇਂ 'ਤੇ ਇਥੇ ਦਾ ਕੰਮ ਚਲਾਉਣ ਲਈ 16 ਤੋਂ ਵੀ ਵੱਧ ਕਰਮਚਾਰੀ ਡੈਪੂਟੇਸ਼ਨ 'ਤੇ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ 'ਚ ਮਲੇਰੀਆ ਵਿੰਗ 'ਚ ਸੈਨੇਟਰੀ ਇੰਸਪੈਕਟਰ, ਜਨਮ ਮੌਤ ਸ਼ਾਖਾ 'ਚ ਅੰਕੜਾ ਸਹਾਇਕ, ਦਰਜਾਚਾਰ ਕਰਮਚਾਰੀ, ਫਾਰਮਾਸਿਸਟ ਅਤੇ ਡਰਾਈਵਰ ਸ਼ਾਮਲ ਹਨ। ਜ਼ਿਲਾ ਪੱਧਰੀ ਹਸਪਤਾਲ 'ਚ ਐੱਸ. ਐੱਮ. ਓ. ਦਫਤਰ ਦੇ ਅਧੀਨ ਚੱਲਣ ਵਾਲੀਆਂ ਸ਼ਾਖਾਵਾਂ 'ਚ 15 ਦੇ ਲਗਭਗ ਕਰਮਚਾਰੀ ਜਿਨ੍ਹਾਂ 'ਚ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਦਰਜਾਚਾਰ ਕਰਮਚਾਰੀ ਸ਼ਾਮਲ ਹਨ।