ਭਾਰੀ ਮੀਂਹ ਨੇ ਵਧਾਈਆਂ ਨਡਾਲਾ ਵਾਸੀਆਂ ਦੀਆਂ ਮੁਸ਼ਕਿਲਾਂ

07/01/2017 6:29:48 AM

ਨਡਾਲਾ, (ਸ਼ਰਮਾ)- ਅੱਜ ਕਸਬਾ ਨਡਾਲਾ ਤੇ ਇਸ ਦੇ ਆਸ-ਪਾਸ ਪਏ ਭਾਰੀ ਮੀਂਹ ਨਾਲ ਜਿਥੇ ਆਮ ਲੋਕਾਂ ਅਤੇ ਕਿਸਾਨਾਂ ਦੇ ਚਿਹਰੇ ਪੂਰੀ ਤਰ੍ਹਾਂ ਨਾਲ ਖਿੜ ਉੱਠੇ ਹਨ, ਉਥੇ ਨਡਾਲਾ 'ਚ ਭਾਰੀ ਮੀਂਹ ਨੇ ਨਡਾਲਾ ਵਾਸੀਆਂ ਦੀਆਂ ਮੁਸ਼ਕਿਲਾਂ 'ਚ ਭਾਰੀ ਵਾਧਾ ਕੀਤਾ ਹੈ ਤੇ ਨਡਾਲਾ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਅੰਦਰ ਦਾਖਲ ਹੋ ਗਿਆ ਹੈ। ਨਗਰ ਪੰਚਾਇਤ ਦੇ ਕੰਮਕਾਜ 'ਤੇ ਲੱਗੀ ਰੋਕ ਕਰਕੇ ਬੀਤੇ ਕਰੀਬ ਤਿੰਨ ਮਹੀਨਿਆਂ ਤੋਂ ਨਾਲੀਆਂ ਦੀ ਸਫਾਈ ਨਹੀਂ ਹੋਈ, ਥਾਂ-ਥਾਂ ਬਦਬੂ ਮਾਰਦੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਅੱਜ ਹੋਈ ਭਾਰੀ ਬਾਰਿਸ਼ ਨੇ ਹਾਲਤ ਹੋਰ ਵਿਗਾੜ ਦਿੱਤੀ। 
ਨਡਾਲਾ-ਭੁਲੱਥ, ਨਡਾਲਾ-ਢਿੱਲਵਾਂ ਸੜਕਾਂ ਨਹਿਰ ਦਾ ਰੂਪ ਧਾਰਨ ਕਰ ਗਈਆਂ ਹਨ, ਬੇਗੋਵਾਲ ਰੋਡ 'ਤੇ ਦੁਕਾਨਦਾਰਾਂ ਨੇ ਨਾਲੀਆਂ ਦੀਆਂ ਥੜੀਆਂ ਪੁੱਟਕੇ ਪਾਣੀ ਦੀ ਨਿਕਾਸੀ ਕੀਤੀ, ਚੌਕ ਨੇੜੇ ਭੁਲੱਥ ਸੜਕ 'ਤੇ 2-2 ਫੁੱਟ ਪਾਣੀ ਜਮਾ੍ਹ ਸੀ। ਢਾਬਾ ਮਾਲਕ ਕੁਲਦੀਪ ਬੱਬੂ ਨੇ ਦੱਸਿਆ ਕਿ ਢਾਬੇ ਦੇ ਬਾਹਰ ਖੜ੍ਹੇ ਪਾਣੀ ਕਰਕੇ ਢਾਬਾ ਬੰਦ ਕਰਨਾ ਪਿਆ। ਮੇਨ ਬਾਜ਼ਾਰ ਦੇ ਦੁਕਾਨਦਾਰਾਂ ਓਮ ਪ੍ਰਕਾਸ਼, ਨਰੇਸ਼ ਕੁਮਾਰ, ਸ਼ਿਵ ਕੁਮਾਰ ਨੇ ਦੱਸਿਆ ਕਿ ਵਰਦੇ ਮੀਂਹ 'ਚ ਬੜੀ ਮੁਸ਼ਕਿਲ ਨਾਲ ਨਾਲੀਆਂ ਦੀ ਸਫਾਈ ਕਰਕੇ ਉਨ੍ਹਾਂ ਆਪਣਾ ਬਚਾਅ ਕੀਤਾ।
ਇਸ ਮੌਕੇ ਨਡਾਲਾ ਦਾ ਤਮਾਸ਼ਾ ਦੇਖ ਰਹੇ ਰਾਜਨੀਤਿਕਾਂ ਤੇ ਅਧਿਕਾਰੀਆਂ ਨੂੰ ਕੋਸਦਿਆਂ ਉਨ੍ਹਾਂ ਆਖਿਆ ਕਿ ਹਰ ਕੋਈ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਕਸਬਾ ਨਡਾਲਾ ਦੇ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਸਬੇ ਦੀਆਂ ਨਾਲੀਆਂ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਬਦਬੂ ਮਾਰਦੇ ਗੰਦਗੀ ਦੇ ਢੇਰ ਹਟਾਏ ਜਾਣ।