ਭਾਰੀ ਬਰਸਾਤ ਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਖੋਲ੍ਹੀ ਪੋਲ

07/13/2017 5:35:48 AM

ਤਰਨਤਾਰਨ,   (ਰਮਨ)-  ਨਗਰ 'ਚ ਹੋਈ ਭਾਰੀ ਬਰਸਾਤ ਕਾਰਨ ਜਿਥੇ ਆਮ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਨਗਰ ਕੌਂਸਲ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਵੀ ਖੁੱਲ੍ਹ ਗਈ ਹੈ। ਬਾਰਿਸ਼ ਕਾਰਨ ਅੱਜ ਨਗਰ ਕੌਂਸਲ ਦੇ ਮੇਨ ਗੇਟ ਅੰਦਰ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਕੰਮ-ਕਾਜ ਲਈ ਆਉਣ ਵਾਲੇ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ-ਨਾਲ ਤਹਿਸੀਲ ਚੌਕ, ਪਾਲਿਕਾ ਬਾਜ਼ਾਰ, ਅੱਡਾ ਬਾਜ਼ਾਰ, ਬੋਹੜੀ ਚੌਕ, ਮੁਰਾਦਪੁਰ ਰੋਡ ਨੂਰਦੀ ਬਾਜ਼ਾਰ ਆਦਿ ਇਲਾਕਿਆਂ ਵਿਚ ਬਰਸਾਤੀ ਪਾਣੀ ਦੇ ਖੜ੍ਹੇ ਹੋਣ ਨਾਲ ਆਮ ਜਨਤਾ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਲਾਟੀ, ਸ਼ਾਮਾ, ਨਵਜੋਤ ਸਿੰਘ, ਮਹਿਤਾਬ ਸਿੰਘ, ਕੀਰਤ ਸਿੰਘ, ਸੁਰਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਅੱਜ ਹੋਈ ਬਾਰਿਸ਼ ਨਾਲ ਉਨ੍ਹਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਪਰ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਸੀਵਰੇਜ ਨੂੰ ਸਹੀ ਢੰਗ ਨਾਲ ਸਮੇਂ 'ਤੇ ਸਾਫ ਨਾ ਕਰਵਾਉਣ ਕਾਰਨ ਗਰੀਬ ਵਰਗ ਦੇ ਲੋਕਾਂ ਦੇ ਮਕਾਨਾਂ 'ਚ ਪਾਣੀ ਦੇ ਦਾਖਲ ਹੋਣ ਨਾਲ ਕਾਫੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਰਸਾਤਾਂ ਲਗਾਤਾਰ ਹੋਣ ਦੇ ਆਸਾਰ ਹਨ, ਜਿਸ ਸਬੰਧੀ ਚੰਗੇ ਇੰਤਜ਼ਾਮ ਕਰਨੇ ਬਹੁਤ ਜ਼ਰੂਰੀ ਹਨ।