ਭਾਰੀ ਬਾਰਿਸ਼ ਦੇ ਕਾਰਨ ਸੈਂਕੜੇ ਝੁੱਗੀਆਂ ਹੋਈਆਂ ਜਲ-ਥਲ (ਤਸਵੀਰਾਂ)

09/24/2018 6:22:24 PM

ਹੁਸ਼ਿਆਰਪੁਰ (ਘੁੰਮਣ)— ਭਾਰੀ ਬਾਰਿਸ਼ ਦੇ ਚਲਦਿਆਂ ਫਗਵਾੜਾ ਰੋਡ 'ਤੇ ਸਥਿਤ ਮੁਹੱਲਾ ਸੁੰਦਰ ਨਗਰ 'ਚ ਸੈਂਕੜੇ ਝੁੱਗੀਆਂ ਜਲ-ਥਲ ਹੋ ਗਈਆਂ ਹਨ। ਬਹੁਤ ਸਾਰੀਆਂ ਝੁੱਗੀਆਂ ਦਾ ਸਾਮਾਨ ਵੀ ਪਾਣੀ ਦੀ ਲਪੇਟ 'ਚ ਆ ਕੇ ਨੁਕਸਾਨਿਆ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜੋ ਕਿ ਅੱਜ ਸਵੇਰੇ ਚੰਡੀਗੜ੍ਹ ਜਾ ਰਹੇ ਸਨ, ਉਹ ਇਸ ਸਬੰਧੀ ਸੂਚਨਾ ਮਿਲਦਿਆਂ ਹੀ ਅੱਧੇ ਰਸਤੇ ਤੋਂ ਵਾਪਸ ਹੁਸ਼ਿਆਰਪੁਰ ਆ ਗਏ ਅਤੇ ਜ਼ਿਲਾ ਅਧਿਕਾਰੀਆਂ ਸਮੇਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਵਾਉਣ ਅਤੇ ਇਸ ਇਲਾਕੇ 'ਚ ਪਾਣੀ ਦੀ ਨਿਕਾਸੀ ਦੀ ਵਿਵਸਥਾ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ। 


ਕਾਂਗਰਸੀ ਆਗੂਆਂ ਸ਼ਾਦੀ ਲਾਲ, ਡਾ. ਕੁਲਦੀਪ ਨੰਦਾ, ਪਰਮਜੀਤ ਸਿੰਘ ਪੰਮਾ ਆਦਿ ਦੀ ਅਗਵਾਈ 'ਚ ਝੁੱਗੀ-ਝੌਂਪੜੀਆਂ ਦੇ ਵਾਸੀਆਂ ਲਈ ਲੰਗਰ ਦੀ ਵਿਵਸਥਾ ਵੀ ਕਰਵਾਈ ਗਈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਇਸ ਦੌਰਾਨ ਯੂਥ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਰਮਨ ਘਈ ਨੇ ਦੱਸਿਆ ਕਿ ਸੁੰਦਰ ਨਗਰ ਦੇ ਕਈ ਝੁੱਗੀ-ਝੌਂਪੜੀਆਂ ਦੇ ਵਾਸੀਆਂ ਨੂੰ ਸੁੰਦਰ ਨਗਰ ਦੇ ਸ਼ਿਵ ਮੰਦਰ, ਜੰਞਘਰ ਤੋਂ ਇਲਾਵਾ ਨਿਰਮਾਣ ਅਧੀਨ ਮਕਾਨਾਂ 'ਚ ਸ਼ਿਫਟ ਕਰਵਾਇਆ ਗਿਆ ਹੈ।