ਪੰਜਾਬ ''ਚ ਕਈ ਥਾਈਂ ਪਿਆ ਮੀਂਹ

03/01/2020 1:14:46 AM

ਚੰਡੀਗੜ੍ਹ-ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ 'ਚ ਸ਼ਨੀਵਾਰ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਅਤੇ ਗੜੇ ਵੀ ਪਏ, ਜਿਸ ਕਾਰਣ ਮੌਸਮ ਮੁੜ ਠੰਡਾ ਹੋ ਗਿਆ। ਮੌਸਮ ਵਿਭਾਗ ਮੁਤਾਬਕ ਐਤਵਾਰ ਵੀ ਕਈ ਥਾਈਂ ਮੀਂਹ ਪੈ ਸਕਦਾ ਹੈ। ਉਂਝ ਬੱਦਲ ਛਾਏ ਰਹਿਣ ਕਾਰਣ ਘੱਟੋ-ਘੱਟ ਤਾਪਮਾਨ ਵਿਚ ਕੁਝ ਵਾਧਾ ਦਰਜ ਕੀਤਾ ਗਿਆ। ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਸੀ। ਲੁਧਿਆਣਾ 'ਚ 15, ਚੰਡੀਗੜ੍ਹ 'ਚ 17, ਜਲੰਧਰ ਨੇੜੇ ਆਦਮਪੁਰ 'ਚ 14, ਬਠਿੰਡਾ 'ਚ 16, ਗੁਰਦਾਸਪੁਰ 'ਚ 10, ਦਿੱਲੀ 'ਚ 16, ਸ਼੍ਰੀਨਗਰ 'ਚ 4 ਅਤੇ ਜੰਮੂ 'ਚ 12 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਹਿਮਾਚਲ ਦੇ ਕਈ ਉਚੇਰੇ ਇਲਾਕਿਆਂ 'ਚ ਹਲਕੀ ਬਰਫਬਾਰੀ ਹੋਈ ਅਤੇ ਨੀਵੇਂ ਇਲਾਕਿਆਂ 'ਚ ਮੀਂਹ ਭਰ ਗਿਆ, ਜਿਸ ਕਾਰਣ ਸੂਬੇ ਵਿਚ ਸੀਤ ਲਹਿਰ ਨੇ ਮੁੜ ਜ਼ੋਰ ਫੜ ਲਿਆ। ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 6, ਧਰਮਸ਼ਾਲਾ 'ਚ 7, ਕਾਂਗੜਾ 'ਚ 8, ਊਨਾ 'ਚ 10 ਅਤੇ ਨਾਹਨ 'ਚ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਨੇੜੇ ਕੁਫਰੀ ਅਤੇ ਨਾਰਕੰਡਾ ਵਿਚ ਹਲਕੀ ਬਰਫਬਾਰੀ ਹੋਈ। ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਣ ਸੋਮਵਾਰ ਤੱਕ ਸੂਬੇ 'ਚ ਮੌਸਮ ਖਰਾਬ ਰਹੇਗਾ। ਓਧਰ ਕਸ਼ਮੀਰ ਵਾਦੀ 'ਚ ਕਈ ਥਾਈਂ ਬਰਫਬਾਰੀ ਹੋਣ ਅਤੇ ਬਰਫ ਦੇ ਤੋਦੇ ਡਿੱਗਣ ਕਾਰਣ ਕਈ ਖੇਤਰਾਂ ਦਾ ਸੂਬੇ ਦੇ ਹੋਰਨਾਂ ਹਿੱਸਿਆਂ ਨਾਲੋਂ ਸੰਪਰਕ ਦੂਜੇ ਦਿਨ ਵੀ ਟੁੱਟਾ ਰਿਹਾ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨਾਲ 3 ਪਾਸਿਓਂ ਘਿਰੇ ਗੁਰੇਜ਼ ਸ਼ਹਿਰ ਨੂੰ ਬਾਂਦੀਪੋਰਾ ਨਾਲ ਜੋੜਨ ਵਾਲੀ ਸੜਕ ਬੀਤੇ 2 ਮਹੀਨਿਆਂ ਤੋਂ ਬੰਦ ਪਈ ਹੈ। ਵੱਖ-ਵੱਖ ਸੜਕਾਂ ਤੋਂ ਬਰਫ ਨੂੰ ਹਟਾਉਣ ਦਾ ਕੰਮ ਜਾਰੀ ਹੈ।