ਲੁਧਿਆਣਾ ਜ਼ਿਲ੍ਹੇ ''ਚ ਧੁੰਦ ਦਾ ਪ੍ਰਕੋਪ ਵਧਿਆ, ਘੱਟ ਵਿਜ਼ੀਬਿਲਟੀ ਕਾਰਨ ਵਾਹਨਾਂ ਦੀ ਰਫ਼ਤਾਰ ਘਟੀ

12/20/2022 1:35:40 PM

ਮੁੱਲਾਂਪੁਰ ਦਾਖਾ (ਕਾਲੀਆ) : ਪੋਹ ਦਾ ਮਹੀਨਾ ਸ਼ੁਰੂ ਹੁੰਦੇ ਹੀ ਜਿੱਥੇ ਠੰਡ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਸੰਘਣੀ ਪੈ ਰਹੀ ਧੁੰਦ ਦੇ ਪ੍ਰਕੋਪ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਧੀਮੀ ਹੋ ਗਈ ਹੈ। ਭਾਰੀ ਸੰਘਣੀ ਧੁੰਦ ਕਾਰਨ ਅਕਸਰ ਹੀ ਹਾਦਸੇ ਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਪਿਛਲੇ 2 ਦਿਨਾਂ 'ਚ ਕਰੀਬ ਇਕ ਦਰਜਨ ਲੋਕ ਧੁੰਦ ਦੀ ਭੇਂਟ ਚੜ੍ਹ ਕੇ ਹਾਦਸਿਆਂ 'ਚ ਆਪਣੀ ਜਾਨ ਗੁਆ ਚੁੱਕੇ ਹਨ। ਸੰਘਣੀ ਧੁੰਦ ਕਾਰਨ ਦਿਨੇ ਵਾਹਨਾਂ ਨੂੰ ਲਾਈਟਾਂ ਜਗਾ ਕੇ ਲੰਘਣਾ ਪੈ ਰਿਹਾ ਹੈ ਅਤੇ ਕਈ ਥਾਈਂ ਜੀ. ਟੀ. ਰੋਡ 'ਤੇ ਸੜਕ ਦੀ ਮੁਰੰਮਤ ਕਾਰਨ ਚਿੱਟੀ ਪੱਟੀ ਵੀ ਨਹੀ ਲੱਗੀ ਹੋਈ, ਜਿਸ ਕਾਰਨ ਹਾਦਸਿਆਂ ਦਾ ਹੋਣਾ ਸੁਭਾਵਿਕ ਹੈ।

ਸਬੰਧਿਤ ਵਿਭਾਗ ਨੂੰ ਚਿੱਟੀ ਪੱਟੀ ਲਗਾ ਕੇ ਵਾਹਨ ਚਾਲਕਾਂ ਨੂੰ ਸਹੂਲਤ ਦੇਣੀ ਚਾਹੀਦੀ ਹੈ। ਉੱਥੇ ਸਾਈਕਲ, ਰੇਹੜੇ, ਟਰਾਲੀਆਂ, ਰਿਕਸ਼ਿਆਂ ਮਗਰ ਪੁਲਸ ਨੂੰ ਰਿਫਲੈਕਟਰ ਲਗਾਉਣ ਦੀਆਂ ਹਦਾਇਤਾਂ ਵੀ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸੜਕੀ ਹਾਦਸਿਆਂ 'ਤੇ ਠੱਲ ਪਵੇ। ਮੁੱਲਾਂਪੁਰ ਭਨੋਹੜ ਤੋਂ ਲੈ ਕੇ ਬੱਦੋਵਾਲ ਤੱਕ ਬੇਸਹਾਰਾ ਛੱਡੀਆਂ ਗਊਆਂ ਵੀ ਸੜਕਾਂ 'ਤੇ ਖੜ੍ਹੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਹਾਦਸਿਆਂ ਦਾ ਹੋਣਾ ਸੁਭਾਵਿਕ ਹੈ। ਵਾਹਨ ਚਾਲਕਾਂ ਪੁਲਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਵਾਹਨ ਹੌਲੀ ਚਲਾਉਣ ਤਾਂ ਜੋ ਪਸ਼ੂ ਧਨ ਦੇ ਨਾਲ-ਨਾਲ ਜਾਨੀ ਅਤੇ ਗੱਡੀਆਂ ਦਾ ਨੁਕਸਾਨ ਨਾ ਹੋਵੇ।
ਮੀਂਹ ਹੀ ਬਚਾ ਸਕਦਾ ਆਲੂਆਂ ਦੀ ਫ਼ਸਲ, ਕਿਸਾਨਾਂ ਦੇ ਸਾਹ ਸੂਤੇ

ਸੁੱਕੀ ਪੈ ਰਹੀ ਠੰਡ ਅਤੇ ਸੰਘਣੀ ਪੈ ਰਹੀ ਧੁੰਦ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜੇਕਰ ਧੁੰਦ ਪੈਣ ਉਪਰੰਤ ਮੀਂਹ ਨਾ ਪਿਆ ਤਾਂ ਕਣਕ ਅਤੇ ਆਲੂਆਂ ਦਾ ਨੁਕਸਾਨ ਹੋਵੇਗਾ। ਜੇਕਰ ਧੁੰਦ ਨਾ ਪਈ ਅਤੇ ਕੋਹਰਾ ਪੈ ਗਿਆ ਤਾਂ ਵੀ ਕਣਕ ਅਤੇ ਆਲੂਆਂ ਦੀ ਫ਼ਸਲ ਦਾ ਉਜਾੜਾ ਸੰਭਵ ਹੈ ਕਿਉਂਕਿ ਮੀਂਹ ਨਾ ਪੈਣ ਕਾਰਨ ਆਲੂਆਂ ਦੀਆਂ ਵੇਲਾਂ ਲੋੜ ਤੋਂ ਜ਼ਿਆਦਾ ਵੱਧ ਰਹੀਆਂ ਹਨ। ਉੱਪਰੋਂ ਕੋਹਰਾ ਪੈ ਗਿਆ ਤਾਂ ਆਲੂਆਂ ਦੀ ਫ਼ਸਲ ਤਬਾਹ ਹੋ ਜਾਵੇਗੀ। ਇਸ ਕਰਕੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਹੁਣ ਕਿਸਾਨ ਮੀਂਹ ਦੀ ਉਡੀਕ ਵਿਚ ਹਨ ਕਿ ਕਦੋਂ ਮੀਂਹ ਪਵੇਗਾ ਅਤੇ ਉਨ੍ਹਾਂ ਦੀ ਜਾਨ ਸੁਖਾਲੀ ਹੋਵੇਗੀ।
 

Babita

This news is Content Editor Babita