''ਹਾਰਟ ਆਫ ਏਸ਼ੀਆ'' ''ਚ ਬੋਲੇ ਪ੍ਰਧਾਨ ਮੰਤਰੀ ਮੋਦੀ, ਗੁਰੂ ਨਗਰੀ ''ਚ ਆਉਣਾ ਮਾਣ ਵਾਲੀ ਗੱਲ

12/05/2016 10:14:52 AM

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ''ਚ ਚੱਲ ਰਹੇ 6ਵੇਂ ''ਹਾਰਟ ਆਫ ਏਸ਼ੀਆ'' ਸੰਮੇਲਨ ਦੇ ਅੱਜ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸਾਂਝੇ ਤੌਰ ''ਤੇ ਇਸ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਵੱਖ-ਵੱਖ ਮੁਲਕਾਂ ਦੇ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ। ਸੰਮੇਲਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਅਤੇ ਅੰਮ੍ਰਿਤਸਰ ਦੀ ਧਰਤੀ ਨੂੰ ਕਈ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ, ਇਥੇ ਆਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਅਫਗਾਨਿਸਤਾਨ ਦੇ ਮੁੱਦੇ ''ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਨਾਲ ਭਾਰਤ ਦੇ ਕਰੀਬੀ ਰਿਸ਼ਤੇ ਹਨ ਅਤੇ ਅਫਗਾਨਿਸਤਾਨ ਦੀ ਮਦਦ ਕਰਨਾ ਸਾਡਾ ਮਕਸਦ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਪਸੰਦ ਦੇਸ਼ ਹੈ ਅਤੇ ਪੂਰੇ ਖੇਤਰ ਵਿਚ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਅੱਤਵਾਦ ਅੱਜ ਪੂਰੀ ਦੁਨੀਆ ਲਈ ਅਹਿਮ ਮੁੱਦਾ ਬਣ ਗਿਆ ਹੈ ਅਤੇ ਇਸ ਦੀ ਹਿਮਾਇਤ ਕਰਨੀ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਅਫਗਾਨਿਸਤਾਨ ਦੀ ਸ਼ਾਂਤੀ ਨੂੰ ਵੱਡਾ ਖਤਰਾ ਹੈ ਪਰ ਭਾਰਤ ਅਫਗਾਨਿਸਤਾਨ ਦੀ ਹਰ ਮਦਦ ਕਰਨ ਲਈ ਤਿਆਰ ਹੈ।
ਇਸ ਦੌਰਾਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਭਾਰਤ ਵਲੋਂ ਅਫਗਾਨਿਸਤਾਨ ਨੂੰ ਦਿੱਤੇ ਜਾ ਰਹੇ ਸਹਿਯੋਗ ਦਾ ਉਹ ਧੰਨਵਾਦ ਕਰਦੇ ਹਨ। ਗਨੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਵੀ ਧੰਨਵਾਦ ਕੀਤਾ।

Gurminder Singh

This news is Content Editor Gurminder Singh