ਸਿਹਤਮੰਦ ਸਰੀਰ ''ਚ ਹੀ ਰਹਿ ਸਕਦੈ ਤੰਦਰੁਸਤ ਮਨ: ਰਾਣਾ ਕੇ. ਪੀ. ਸਿੰਘ

03/17/2018 4:53:36 PM

ਨੰਗਲ (ਸੈਣੀ)— ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ, ਉਥੇ ਹੀ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦਾ ਵਾਤਾਵਰਣ ਸਿਰਜਣ 'ਚ ਵੀ ਸਹਾਈ ਹੁੰਦੀਆਂ ਹਨ। ਸਿਹਤਮੰਦ ਸਰੀਰ 'ਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। 
ਇਹ ਪ੍ਰਗਟਾਵਾ ਸ਼ੁੱਕਰਵਾਰ ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਆਯੋਜਿਤ ਐਥਲੈਟਿਕਸ ਮੀਟ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਉਨ੍ਹਾਂ ਕਾਲਜ ਲਈ 2 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਕਾਲਜ ਵਿਚ 24 ਲੱਖ 40 ਹਜ਼ਾਰ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ। 
ਇਸ ਐਥਲੈਟਿਕਸ ਮੁਕਾਬਲਿਆਂ 'ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਜੇਤੂਆਂ ਨੂੰ ਸਨਮਾਨਤ ਵੀ ਕੀਤਾ ਗਿਆ। ਕਾਲਜ ਪ੍ਰਬੰਧਕਾਂ ਵੱਲੋਂ ਰਾਣਾ ਕੇ. ਪੀ. ਸਿੰਘ ਨੂੰ ਵਿਸ਼ੇਸ਼ ਰੂਪ 'ਚ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਦੇ ਪ੍ਰਿੰੰਸੀਪਲ ਡਾ. ਬਿੱਕਰ ਸਿੰਘ ਅਤੇ ਕਨਵੀਨਰ ਪ੍ਰੋ. ਨਿਸ਼ਾਂਤ ਕੁਮਾਰ, ਬਲਾਕ ਕਾਂਗਰਸ ਪ੍ਰਧਾਨ ਸੰਜੈ ਸਾਹਨੀ, ਨਗਰ ਕੌਂਸਲ ਪ੍ਰਧਾਨ ਅਸ਼ੋਕਪੁਰੀ, ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਸੁਆਮੀਪੁਰ, ਸੁਰੇਸ਼ ਮਲਿਕ, ਨੰਬਰਦਾਰ ਨਾਜਰ ਸਿੰਘ, ਅੰਮ੍ਰਿਤਪਾਲ ਧੀਮਾਨ, ਸਮਾਜ ਸੇਵਕ ਰਾਕੇਸ਼ ਨਈਅਰ, ਕੌਂਸਲਰ ਆਰ.ਪੀ. ਬੱਟੂ, ਡਾਕਟਰ ਪ੍ਰਸ਼ੋਤਮ, ਵਿੱਦਿਆ ਸਾਗਰ, ਹਰਮੀਤ ਕੌਰ ਆਦਿ ਹਾਜ਼ਰ ਸਨ।