ਲੋਕਾਂ ਨੂੰ ਖ਼ਰਾਬ ਅਤੇ ਪੁਰਾਣਾ ਫੂਡ ਦੇਣ ’ਤੇ ਭੜਕੇ ਸਿਹਤ ਅਫ਼ਸਰ, ਸਿਹਤ ਵਿਭਾਗ ਵਲੋਂ ਚਿਕਨ ਦੀਆਂ ਦੁਕਾਨਾਂ ’ਤੇ ਛਾਪੇਮਾਰੀ

12/17/2022 4:49:04 PM

ਅੰਮ੍ਰਿਤਸਰ (ਰਮਨ) : ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ਅਨੁਸਾਰ ਸਹਿਰ ’ਚ ਲੋਕਾਂ ਨੂੰ ਖਾਣੇ ਦੀਆਂ ਵਸਤੂਆਂ ਦੇੇਣ ਵਾਲੇ ਅਦਾਰਿਆਂ ਦੀ ਚੈਕਿੰਗ ਕਰਨ ਲਈ ਐੱਮ. ਓ. ਐੱਚ. ਡਾ. ਯੋਗੇਸ਼ ਅਰੋੜਾ ਨੂੰ ਉਨ੍ਹਾਂ ਦੀ ਟੀਮ ਨਾਲ ਭੇਜਿਆ ਗਿਆ। ਰਣਜੀਤ ਐਵੇਨਿਊ ਸੀ ਬਲਾਕ ਵਿਖੇ ਜਿਨ੍ਹਾਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ, ਉਨ੍ਹਾਂ ਦੁਕਾਨਾਂ ’ਤੇ ਕਈ ਦਿਨ ਪੁਰਾਣਾ ਫੰਗਸ ਵਾਲਾ ਚਿਕਨ ਮਿਲਿਆ, ਜਿਸ ਨੂੰ ਲੈ ਕੇ ਐੱਮ. ਓ. ਐੱਚ. ਡਾ. ਯੋੋਗੇਸ਼ ਅਰੋੜਾ ਦੁਕਾਨਦਾਰਾਂ ’ਤੇ ਭੜਕੇ, ਉਥੇ ਹੀ ਮਾਰਕੀਟ ਦੇ ਕਈ ਦੁਕਾਨਦਾਰ ਛਾਪੇਮਾਰੀ ਦੇ ਡਰ ਨਾਲ ਦੁਕਾਨਾਂ ਦੇ ਸ਼ਟਰਾਂ ’ਤੇ ਤਾਲੇ ਮਾਰ ਕੇ ਭੱਜੇ ਦਿਖਾਈ ਦਿੱਤੇ। ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਸਾਲ ਪਹਿਲਾਂ ਡਾ. ਅਰੋੜਾ ਵਲੋਂ ਪਹਿਲਾਂ ਵੀ ਕਲੱਬਾਂ ਅਤੇ ਰੈਸਟੋਰੈਂਟਾਂ ਵਿਚ ਚੈਕਿੰਗ ਕੀਤੀ ਗਈ ਸੀ, ਉਸ ਸਮੇਂ ਸ਼ਹਿਰ ਦੀਆਂ ਖਾਣ ਵਾਲੀਆਂ ਵਸਤੂਆਂ ਵਿਚ ਕਾਫੀ ਸੁਧਾਰ ਆਇਆ ਸੀ। ਨਿਗਮ ਸਿਹਤ ਵਿਭਾਗ ਦੀ ਟੀਮ ਵਲੋਂ ਖਰਾਬ ਸਾਮਾਨ ਵੇਚਣ ਵਾਲੇ ਅਤੇ ਗੰਦਗੀ ਨੂੰ ਲੈ ਕੇ ਚਲਾਨ ਕੱਟੇ ਗਏ ਅਤੇ ਖਰਾਬ ਹੋਏ ਸਾਮਾਨ ਨੂੰ ਫਿਨਾਇਲ ਪਾ ਕੇ ਨਸ਼ਟ ਕੀਤਾ ਗਿਆ।

ਇਹ ਵੀ ਪੜ੍ਹੋ : ਆਈ. ਡੀ. ਬੀ. ਆਈ. ਬੈਂਕ ਨੇ ਜ਼ੀ. ਐਂਟਰਟੇਨਮੈਂਟ ਖਿਲਾਫ ਦਿਵਾਲੀਆ ਕਾਰਵਾਈ ਨੂੰ ਲੈ ਕੇ ਦਿੱਤੀ ਅਰਜ਼ੀ

ਲੋਕਾਂ ਦੀ ਸਿਹਤ ਨਹੀਂ ਹੋਣ ਦਿੱਤਾ ਜਾਵੇਗਾ ਖਿਲਵਾੜ
ਸਿਹਤ ਅਧਿਕਾਰੀ ਦੀ ਦੁਕਾਨਦਾਰਾਂ ਨੂੰ ਅਤੇ ਖਰਾਬ ਖਾਧ ਪਦਾਰਥ ਵੇਚਣ ਵਾਲਿਆਂ ਨੂੰ ਸਿੱਧੀ ਚਿਤਾਵਨੀ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਤੁਹਾਡੇ ਕੋਲ ਮੁਫਤ ਸਾਮਾਨ ਨਹੀਂ ਲੈਂਦੇ ਹਨ, ਪੈਸੇ ਦੇ ਕੇ ਸਾਮਾਨ ਲੈਂਦੇ ਹਨ ਤਾਂ ਉਨ੍ਹਾਂ ਨੂੰ ਸਾਫ-ਸੁਥਰਾ ਖਾਧ ਪਦਾਰਥ ਮੁਹੱਈਆ ਕਰਵਾਇਆ ਜਾਵੇ।

ਦੁਕਾਨਦਾਰਾਂ ਕੋਲੋਂ ਖੁਦ ਖਰਾਬ ਸਾਮਾਨ ’ਤੇ ਪਵਾਇਆ ਗਿਆ ਫਿਨਾਇਲ
ਸਿਹਤ ਵਿਭਾਗ ਦੀ ਟੀਮ ਵਲੋਂ ਖਰਾਬ ਚਿਕਨ, ਮੱਛੀ ਅਤੇ ਮੰਗਜਾਂ ’ਤੇ ਖੁਦ ਉਨ੍ਹਾਂ ਦੁਕਾਨਦਾਰਾਂ ਕੋਲੋਂ ਫਿਨਾਇਲ ਪਵਾ ਕੇ ਉਸ ਨੂੰ ਨਸ਼ਟ ਕਰਵਾਇਆ ਗਿਆ ਤਾਂ ਜੋ ਖਰਾਬ ਹੋ ਚੁੱਕੇ ਸਾਮਾਨ ਨੂੰ ਦੁਬਾਰਾ ਵਰਤੋਂ ਵਿਚ ਨਾ ਲਿਆਂਦਾ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੁਬਾਰਾ ਤੋਂ ਖਰਾਬ ਸਾਮਾਨ ਦੀ ਵਰਤੋਂ ਕੀਤੀ ਗਈ ਤਾਂ ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਕ ਦੁਕਾਨਦਾਰ ਵਲੋਂ ਪਹਿਲਾਂ ਹੀ ਕਈ ਕਿਲੋ ਸਾਮਾਨ ਫਰਾਈ ਕੀਤਾ ਹੋਇਆ ਆਪਣੀ ਕੈਂਡੀ ਵਿਚ ਰੱਖਿਆ ਹੋਇਆ ਸੀ, ਜਿਸ ਨੂੰ ਵੀ ਫਿਨਾਇਲ ਪਾ ਕੇ ਨਸ਼ਟ ਕਰ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਕਾਫੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਨਿਗਮ ਦੀ ਸਿਹਤ ਵਿਭਾਗ ਵਲੋਂ ਕੀਤੀ ਗਈ ਅਚਨਚੇਤ ਛਾਪੇਮਾਰੀ ਦੀ ਜਿੱਥੇ ਲੋਕਾਂ ਵਲੋਂ ਆਪਣੇ ਮੋਬਾਇਲਾਂ ਵਿਚ ਵੀਡੀਓ ਬਣਾਈਆਂ ਗਈਆਂ, ਉਥੇ ਇਸ ਚੈਕਿੰਗ ਦੀ ਕਾਫੀ ਸ਼ਲਾਘਾ ਵੀ ਕੀਤੀ। ਲੋਕਾਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਮੇਂ ਸਮੇਂ ਤੇ ਹੋਣੀਆਂ ਚਾਹੀਦੀਆ ਹਨ ਤਾ ਜੋ ਉਨ੍ਹਾਂ ਨੂੰ ਸਾਫ ਸੁਥਰਾ ਖਾਦ ਪਦਾਰਥ ਮਿਲ ਸਕੇ।

ਇਹ ਵੀ ਪੜ੍ਹੋ : ਰਾਜਪਾਲ ਦੇ ਨਾਲ ਮੇਰੇ ਸੰਬੰਧ ਚੰਗੇ : ਭਗਵੰਤ ਮਾਨ

ਸ਼ਹਿਰ ਦੀ ਹੱਦਬੰਦੀ ਦੇ ਬਾਹਰੋਂ ਆ ਰਿਹੈ ਚਿਕਨ : ਡਾ. ਯੋਗੇਸ਼ ਅਰੋੜਾ
ਰਣਜੀਤ ਐਵੇਨਿਊ ਵਿਖੇ ਛਾਪੇਮਾਰੀ ਦੌਰਾਨ ਇਕ ਵੱਡੀ ਚੀਜ਼ ਸਾਹਮਣੇ ਆਈ ਹੈ ਕਿ ਸ਼ਹਿਰ ਦੇ ਵਿਚ ਫੂਡ ਦੀਆਂ ਦੁਕਾਨਾਂ ’ਤੇ ਸ਼ਹਿਰ ਦੀਆਂ ਖਾਣ-ਪੀਣ ਦੀਆਂ ਦੁਕਾਨਾਂ ’ਤੇ ਜੋ ਚਿਕਨ ਆ ਰਿਹਾ ਹੈ, ਉਹ ਸ਼ਹਿਰ ਤੋਂ ਬਾਹਰੋਂ ਆ ਰਿਹਾ ਹੈ। ਕਈ ਦੁਕਾਨਦਾਰਾਂ ਵਲੋਂ ਮੌਕੇ ’ਤੇ ਜਿੰਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਚਿਕਨ ਪਿਆ ਹੋਇਆ ਸੀ, ਉਸ ਦੇ ਬਿੱਲ ਵੀ ਨਹੀਂ ਦਿਖਾ ਸਕੇ। ਇਸ ਨੂੰ ਲੈ ਕੇ ਸਿਹਤ ਅਧਿਕਾਰੀ ਵਲੋਂ ਹਦਾਇਤ ਦਿੱਤੀ ਗਈ ਕਿ ਜੇਕਰ ਉਹ ਅਗਲੀ ਵਾਰ ਚੈਕਿੰਗ ਲਈ ਆਏ ਤਾਂ ਉਨ੍ਹਾਂ ਕੋਲ ਆਪਣੇ ਮੀਟ, ਮੱਛੀ ਦਾ ਪੱਕਾ ਬਿੱਲ ਹੋਣਾ ਚਾਹੀਦਾ ਹੈ। ਸਿਹਤ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਸਾਰੇ ਸ਼ਹਿਰ ਵਿਚ ਹੜਕੰਪ ਮਚ ਗਿਆ। ਸਿਹਤ ਅਧਿਕਾਰੀ ਡਾ. ਅਰੋੜਾ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਹਰ ਰੋਜ਼ ਚੱਲੇਗੀ ਅਤੇ ਸਹਿਰ ਵਾਸੀਆਂ ਨੂੰ ਖਰਾਬ ਖਾਧ ਪਦਾਰਥ ਮੁਹੱਈਆ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਲਾਟਰ ਹਾਊਸ ਤੋਂ ਡਾ. ਦਰਸ਼ਨ ਕਸਯਪ, ਚੀਫ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ, ਹਰਿੰਦਰਪਾਲ ਸਿੰਘ, ਸੰਜੀਵ ਦੀਵਾਨ ਅਤੇ ਬਲਵਿੰਦਰ ਸਿੰਘ ਅਤੇ ਹੋਰ ਟੀਮ ਦੇ ਮੈਂਬਰ ਹਾਜ਼ਰ ਸਨ।

ਇਹ ਵੀ ਪੜ੍ਹੋ :  ਪੰਜਾਬ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ’ਤੇ ਸੰਸਦ ’ਚ ਚਰਚਾ ਹੋਵੇ : ਰਾਘਵ ਚੱਢਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha