ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂਨੋਸ਼ੀ ਕਰਨ ਵਾਲੇ 4 ਵਿਅਕਤੀਆਂ ਦੇ ਕੱਟੇ ਚਲਾਨ

08/20/2017 7:52:21 AM

ਕਪੂਰਥਲਾ, (ਮੱਲ੍ਹੀ)- ਐੱਸ. ਐੱਮ. ਓ. ਕਾਲਾ ਸੰਘਿਆਂ (ਕਪੂਰਥਲਾ) ਡਾ. ਸੀਮਾ ਦੀ ਅਗਵਾਈ ਹੇਠ ਅੱਜ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ ਮੈਡੀਕਲ ਅਫ਼ਸਰ ਡਾ. ਗੁਣਤਾਸ਼ (ਭਾਣੋਲੰਗਾ) ਦੀ ਦੇਖ-ਰੇਖ ਹੇਠ ਸ਼ੇਖੂਪੁਰ ਦੇ ਆਸ-ਪਾਸ ਤੰਬਾਕੂਨੋਸ਼ੀ ਕਰਨ ਵਾਲੇ 4 ਵਿਅਕਤੀਆਂ ਦੇ ਜਿਥੇ ਮੌਕੇ 'ਤੇ ਹੀ ਚਲਾਨ ਕੱਟੇ, ਉਥੇ 5 ਵਿਅਕਤੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ। 
ਹੈਲਥ ਇੰਸਪੈਕਟਰ ਗੁਰਮੀਤ ਸਿੰਘ, ਐੱਸ. ਆਈ. ਅਮਰਜੀਤ ਭੁੱਲਰ, ਗੁਰਪ੍ਰੀਤ ਰੰਧਾਵਾ, ਪਰਗਟ ਸਿੰਘ, ਮਨਰਾਜ, ਰਵਿੰਦਰ ਜੱਸਲ ਤੇ ਸੁਖਬੀਰ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਗੁਰਿੰਦਰ ਸਿੰਘ ਰੰਧਾਵਾ ਹੈਲਥ ਇੰਸਪੈਕਟਰ ਨੇ ਕਿਹਾ ਕਿ ਤੰਬਾਕੂ ਸੇਵਨ ਕਰਨ ਨਾਲ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਵੀ ਲੱਗਣ ਦਾ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ 'ਤੇ ਸਿਹਤ ਵਿਭਾਗ ਵਲੋਂ ਉਕਤ ਗੱਲਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਤੰਬਾਕੂਨੋਸ਼ੀ ਵਿਰੁੱਧ ਬਣਾਏ ਗਏ ਐਕਟ ਤਹਿਤ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਵੇਚਣ ਤੇ ਜਨਤਕ ਥਾਵਾਂ 'ਤੇ ਤੰਬਾਕੂ ਸੇਵਨ ਕਰਨ ਵਾਲੇ ਵਿਰੁੱਧ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਉਕਤ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤੇ ਜਿਹੜੇ ਵਿਅਕਤੀ ਤੰਬਾਕੂਨੋਸ਼ੀ ਐਕਟ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।